ਐੱਨਐੱਚਐੱਮ ਨੇ ਮੁੱਖ ਮੰਤਰੀ, ਸਿਹਤ ਮੰਤਰੀ ਤੇ ਵਿੱਤ ਮੰਤਰੀ ਦੇ ਪੁਤਲੇ ਫੂਕੇ ਐੱਨਐੱਚਐੱਮ ਯੂਨੀਅਨ ਤਰਨਤਾਰਨ ਨੇ ਮੁੱਖ ਮੰਤਰੀ, ਸਿਹਤ ਮੰਤਰੀ ਤੇ ਵਿੱਤ ਮੰਤਰੀ ਦੇ ਪੁਤਲੇ ਫੂਕੇ
Publish Date: Thu, 20 Aug 2026 06:34 PM (IST)
Updated Date: Thu, 20 Aug 2026 06:36 PM (IST)
ਝੂਠੇ ਲਾਰਿਆਂ ਦੀ ਪੰਡ ਦਾ ਵੀ ਪੁਤਲਾ ਫੂਕਿਆ : ਮਨਦੀਪ ਸਿੰਘ ਸਿਵਲ ਸਰਜਨ ਦਫ਼ਤਰ ਤੋਂ ਬੋਹੜੀ ਚੌਕ ਤਕ ਕੀਤਾ ਰੋਸ ਪ੍ਰਦਰਸ਼ਨ ਪੱਤਰ ਪ੍ਰੇਰਕ •ਪੰਜਾਬੀ ਜਾਗਰਣ ਤਰਨਤਾਰਨ : ਲੰਮੇ ਸਮੇਂ ਤੋਂ ਨਿਗੂਣੀਆਂ ਤਨਖ਼ਾਹਾਂ ’ਤੇ ਸਿਹਤ ਸੇਵਾਵਾਂ ਨਿਭਾਅ ਰਹੇ ਨੈਸ਼ਨਲ ਹੈਲਥ ਮਿਸ਼ਨ ਐੱਨਐੱਚਐੱਮ ਮੁਲਾਜ਼ਮਾਂ ਵੱਲੋਂ ਆਪਣੀਆਂ ਸੇਵਾਵਾਂ ਰੈਗੂਲਰ ਕਰਵਾਉਣ ਦੀ ਮੰਗ ਨੂੰ ਲੈ ਕੇ ਪੰਜਾਬ ਸਰਕਾਰ ਵਿਰੁੱਧ ਸੰਘਰਸ਼ ਤੇਜ਼ ਕਰ ਦਿੱਤਾ ਗਿਆ ਹੈ। ਇਸੇ ਤਹਿਤ ਐੱਨਐੱਚਐੱਮ ਯੂਨੀਅਨ ਤਰਨਤਾਰਨ ਵੱਲੋਂ ਸਿਵਲ ਸਰਜਨ ਦਫ਼ਤਰ ਵਿਖੇ ਧਰਨਾ ਦੇਣ ਉਪਰੰਤ ਰੋਸ ਰੈਲੀ ਕੀਤੀ ਗਈ ਤੇ ਬੋਹੜੀ ਚੌਕ ਤਕ ਰੋਸ ਮਾਰਚ ਕੱਢਿਆ ਗਿਆ। ਇਸ ਦੌਰਾਨ ਯੂਨੀਅਨ ਵੱਲੋਂ ਮੁੱਖ ਮੰਤਰੀ, ਵਿੱਤ ਮੰਤਰੀ ਤੇ ਸਿਹਤ ਮੰਤਰੀ ਦੇ ਪੁਤਲੇ ਫੂਕ ਕੇ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਸਰਕਾਰ ਵੱਲੋਂ ਕਥਿਤ ਤੌਰ ’ਤੇ ਕੀਤੇ ਜਾ ਰਹੇ ਵਾਅਦਿਆਂ ਨੂੰ ਦਰਸਾਉਂਦੀ ‘ਝੂਠੇ ਲਾਰਿਆਂ ਦੀ ਪੰਡ’ ਦਾ ਪੁਤਲਾ ਵੀ ਫੂਕਿਆ ਗਿਆ। ਇਸ ਮੌਕੇ ਐੱਨਐੱਚਐੱਮ ਯੂਨੀਅਨ ਤਰਨਤਾਰਨ ਦੇ ਜ਼ਿਲ੍ਹਾ ਜਨਰਲ ਸਕੱਤਰ ਮਨਦੀਪ ਸਿੰਘ ਤੇ ਸੀਐੱਚਓ ਯੂਨੀਅਨ ਦੀ ਪ੍ਰਧਾਨ ਜੈਸਮੀਨ ਕੌਰ ਨੇ ਕਿਹਾ ਕਿ ਐੱਨਐੱਚਐੱਮ ਮੁਲਾਜ਼ਮ ਲੰਮੇ ਸਮੇਂ ਤੋਂ ਘੱਟ ਤਨਖ਼ਾਹਾਂ ’ਤੇ ਸਿਹਤ ਵਿਭਾਗ ਵਿਚ ਆਪਣੀਆਂ ਸੇਵਾਵਾਂ ਨਿਭਾਅ ਰਹੇ ਹਨ। ਉਨ੍ਹਾਂ ਕਿਹਾ ਕਿ ਮੁਲਾਜ਼ਮਾਂ ਵੱਲੋਂ ਵੱਖ-ਵੱਖ ਸਰਕਾਰਾਂ ਦੇ ਕਾਰਜਕਾਲ ਦੌਰਾਨ ਆਪਣੀਆਂ ਸੇਵਾਵਾਂ ਰੈਗੂਲਰ ਕਰਵਾਉਣ ਲਈ ਸੰਘਰਸ਼ ਕੀਤਾ ਜਾਂਦਾ ਰਿਹਾ ਹੈ। ਯੂਨੀਅਨ ਆਗੂਆਂ ਨੇ ਦੋਸ਼ ਲਾਇਆ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਪਹਿਲਾਂ ਮੁਲਾਜ਼ਮਾਂ ਨੂੰ ਰੈਗੂਲਰ ਕਰਨ ਦਾ ਭਰੋਸਾ ਦਿੱਤਾ ਗਿਆ ਸੀ, ਪਰ ਸਰਕਾਰ ਬਣਨ ਤੋਂ ਬਾਅਦ ਇਸ ਮਾਮਲੇ ਵਿਚ ਕੋਈ ਠੋਸ ਫ਼ੈਸਲਾ ਨਹੀਂ ਲਿਆ ਗਿਆ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਹੁਣ ਤਕ ਲਗਭਗ 35 ਮੀਟਿੰਗਾਂ ਹੋ ਚੁੱਕੀਆਂ ਹਨ, ਪਰ ਇਨ੍ਹਾਂ ਮੀਟਿੰਗਾਂ ਦੇ ਬਾਵਜੂਦ ਮੁਲਾਜ਼ਮਾਂ ਦੀਆਂ ਮੰਗਾਂ ਦਾ ਸਥਾਈ ਹੱਲ ਨਹੀਂ ਹੋ ਸਕਿਆ। ਉਨ੍ਹਾਂ ਕਿਹਾ ਕਿ ਐੱਨਐੱਚਐੱਮ ਮੁਲਾਜ਼ਮ ਸਿਹਤ ਵਿਭਾਗ ਦੀਆਂ ਅਹਿਮ ਸੇਵਾਵਾਂ ਨੂੰ ਚਲਾਉਣ ਵਿਚ ਲਗਾਤਾਰ ਯੋਗਦਾਨ ਪਾ ਰਹੇ ਹਨ, ਇਸ ਲਈ ਸਰਕਾਰ ਨੂੰ ਉਨ੍ਹਾਂ ਦੀਆਂ ਸੇਵਾਵਾਂ ਨੂੰ ਰੈਗੂਲਰ ਕਰਨ ਸਮੇਤ ਹੋਰ ਮੰਗਾਂ ’ਤੇ ਤੁਰੰਤ ਗੌਰ ਕਰਨੀ ਚਾਹੀਦੀ ਹੈ। ਆਗੂਆਂ ਨੇ ਚੇਤਾਵਨੀ ਦਿੱਤੀ ਕਿ ਜੇਕਰ ਸਰਕਾਰ ਨੇ ਮੰਗਾਂ ਦਾ ਜਲਦ ਹੱਲ ਨਾ ਕੀਤਾ ਤਾਂ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ। ਇਸ ਮੌਕੇ ਰੈਗੂਲਰ ਯੂਨੀਅਨ ਵੱਲੋਂ ਵੀ ਐੱਨਐੱਚਐੱਮ ਮੁਲਾਜ਼ਮਾਂ ਦੇ ਸੰਘਰਸ਼ ਦੀ ਹਮਾਇਤ ਕੀਤੀ ਗਈ। ਰੈਗੂਲਰ ਯੂਨੀਅਨ ਦੇ ਆਗੂ ਰਜਵੰਤ ਸਿੰਘ ਬਾਗੜੀਆਂ ਨੇ ਕਿਹਾ ਕਿ ਸਰਕਾਰ ਨੂੰ ਕੱਚੇ ਮੁਲਾਜ਼ਮਾਂ ਦੀਆਂ ਮੰਗਾਂ ਨੂੰ ਗੰਭੀਰਤਾ ਨਾਲ ਲੈਂਦਿਆਂ ਉਨ੍ਹਾਂ ਨੂੰ ਜਲਦ ਰੈਗੂਲਰ ਕਰਨਾ ਚਾਹੀਦਾ ਹੈ, ਨਹੀਂ ਤਾਂ ਵੱਡੇ ਪੱਧਰ ’ਤੇ ਸੰਘਰਸ਼ ਵਿੱਢਿਆ ਜਾਵੇਗਾ। ਇਸ ਮੌਕੇ ਰਜਨੀ ਤਰਨਤਾਰਨ, ਕਵਲਜੀਤ ਕੌਰ ਡੀਐੱਸਏ, ਜੈਸਮੀਨ ਕੌਰ, ਸੁਪ੍ਰੀਤ ਕੌਰ ਸਰਹਾਲੀ, ਜੀਵਨਜੋਤ ਸਿੰਘ, ਵਿਸ਼ਾਲ ਕੁਮਾਰ ਬੀਐੱਸਏ ਸਰਹਾਲੀ ਕਲਾਂ, ਕੁਲਵੰਤ ਕੌਰ ਅਕਾਊਂਟੈਂਟ ਸਰਹਾਲੀ ਕਲਾਂ, ਕਵਲਜੀਤ ਕੌਰ ਸਟਾਫ਼ ਨਰਸ ਸਰਹਾਲੀ ਕਲਾਂ, ਅਮਰਜੀਤ ਕੌਰ ਅਕਾਊਂਟੈਂਟ ਕੈਰੋਂ, ਡਾ. ਕੇਪੀ ਏਐੱਮਓ ਕੈਰੋਂ, ਤਰਸੇਮ ਸਿੰਘ ਫਾਰਮੇਸੀ ਅਫ਼ਸਰ ਕੈਰੋਂ, ਪ੍ਰਭਜੀਤ ਸਿੰਘ ਹੋਮਿਓਪੈਥਿਕ ਡਿਸਪੈਂਸਰ ਕੈਰੋਂ, ਸੰਦੀਪ ਸਿੰਘ ਆਈਏ ਕੈਰੋਂ, ਅਮਨਦੀਪ ਕੌਰ ਸਟਾਫ਼ ਨਰਸ, ਅਮਰਜੀਤ ਸਿੰਘ ਰੈਗੂਲਰ ਯੂਨੀਅਨ ਤਰਨਤਾਰਨ, ਮਾਸ ਮੀਡੀਆ ਅਫ਼ਸਰ ਸੁਖਵੰਤ ਸਿੰਘ ਸਿੱਧੂ, ਹਰਸ਼ਰਨ ਕੌਰ ਸਟਾਫ਼ ਨਰਸ, ਅਮਨਦੀਪ ਸਿੰਘ ਘਰਿਆਲਾ, ਗੁਰਜੀਤ ਸਿੰਘ, ਜੁਗਰਾਜ ਸਿੰਘ ਖੇਮਕਰਨ, ਜਗਦੀਪ ਕੌਰ ਕਸੇਲ, ਬਲਜੀਤ ਸਿੰਘ ਝਬਾਲ, ਵਿੱਦਿਆ, ਚਰਨਜੀਤ ਸਿੰਘ ਮੀਆਂਵਿੰਡ, ਰਿਤੇਸ਼ ਵਾਲੀਆ ਆਦਿ ਹਾਜ਼ਰ ਸਨ।