ਘੱਟ ਕਣਕ ਦੇਣ ਸਬੰਧੀ ਡੀਐੱਫਐੱਸਸੀ ਤਰਨਤਾਰਨ ਨੂੰ ਦਿੱਤਾ ਮੰਗ ਪੱਤਰ ਲਾਭਪਾਤਰੀਆਂ ਨੂੰ ਘੱਟ ਕਣਕ ਦੇਣ ਸਬੰਧੀ ਡੀਐੱਫਐੱਸਸੀ ਤਰਨਤਾਰਨ ਨੂੰ ਕੁੱਲ ਹਿੰਦ ਖੇਤ ਮਜ਼ਦੂਰ ਯੂਨੀਅਨ ਨੇ ਦਿੱਤਾ ਮੰਗ ਪੱਤਰ
Publish Date: Thu, 20 Aug 2026 05:52 PM (IST)
Updated Date: Thu, 20 Aug 2026 05:54 PM (IST)
20 ਦੀ ਬਜਾਏ 13 ਕਿਲੋ ਕਣਕ ਦਿੱਤੇ ਜਾਣ ਦੀ ਕੀਤੀ ਸ਼ਿਕਾਇਤ ਕੁੱਲ ਹਿੰਦ ਖੇਤ ਮਜ਼ਦੂਰ ਯੂਨੀਅਨ ਝੱਬਾਲ ਨੇ ਜਤਾਇਆ ਰੋਸ ਤੇਜਿੰਦਰ ਸਿੰਘ ਬੱਬ• ਪੰਜਾਬੀ ਜਾਗਰਣ ਝਬਾਲ : ਲਾਭਪਾਤਰੀਆਂ ਨੂੰ ਨਿਰਧਾਰਤ ਮਾਤਰਾ ਤੋਂ ਘੱਟ ਕਣਕ ਦਿੱਤੇ ਜਾਣ ਦੇ ਮਾਮਲੇ ਨੂੰ ਲੈ ਕੇ ਕੁੱਲ ਹਿੰਦ ਖੇਤ ਮਜ਼ਦੂਰ ਯੂਨੀਅਨ ਝਬਾਲ ਵੱਲੋਂ ਨਵ-ਨਿਯੁਕਤ ਡੀਐੱਫਐੱਸਸੀ ਤਰਨਤਾਰਨ ਹਰਵੀਨ ਕੌਰ ਨੂੰ ਮੰਗ ਪੱਤਰ ਸੌਂਪਿਆ ਗਿਆ। ਯੂਨੀਅਨ ਆਗੂ ਕਾਮਰੇਡ ਮਨਜੀਤ ਸਿੰਘ ਝਬਾਲ ਨੇ ਕਿਹਾ ਕਿ ਸਸਪੈਂਡ ਕੀਤੇ ਗਏ ਡੀਪੂਆਂ ਨਾਲ ਸਬੰਧਤ ਲਾਭਪਾਤਰੀਆਂ ਨੂੰ 20 ਕਿਲੋ ਦੀ ਬਜਾਏ 13 ਕਿਲੋ ਕਣਕ ਦਿੱਤੇ ਜਾਣ ਦੀਆਂ ਸ਼ਿਕਾਇਤਾਂ ਸਾਹਮਣੇ ਆ ਰਹੀਆਂ ਹਨ। ਉਨ੍ਹਾਂ ਕਿਹਾ ਕਿ ਲੋੜਵੰਦ ਪਰਿਵਾਰਾਂ ਨੂੰ ਉਨ੍ਹਾਂ ਦੇ ਹੱਕ ਦੀ ਪੂਰੀ ਕਣਕ ਮਿਲਣੀ ਯਕੀਨੀ ਬਣਾਈ ਜਾਵੇ। ਡੀਐੱਫਐੱਸਸੀ ਤਰਨਤਾਰਨ ਹਰਵੀਨ ਕੌਰ ਨੇ ਮੰਗ ਪੱਤਰ ਸਵੀਕਾਰ ਕਰਦਿਆਂ ਵਿਸ਼ਵਾਸ ਦਿਵਾਇਆ ਕਿ ਮਾਮਲੇ ਦੀ ਤੁਰੰਤ ਜਾਂਚ ਕਰਵਾਈ ਜਾਵੇਗੀ। ਉਨ੍ਹਾਂ ਕਿਹਾ ਕਿ ਲਾਭਪਾਤਰੀਆਂ ਨੂੰ ਸਹੀ ਮਾਤਰਾ ਵਿਚ ਕਣਕ ਮੁਹੱਈਆ ਕਰਵਾਉਣ ਲਈ ਜਲਦ ਕਾਰਵਾਈ ਕੀਤੀ ਜਾਵੇਗੀ ਤੇ ਜੇਕਰ ਕਿਸੇ ਡੀਪੂ ਹੋਲਡਰ ਵੱਲੋਂ ਬੇਨਿਯਮੀ ਕੀਤੀ ਪਾਈ ਗਈ ਤਾਂ, ਉਸ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਇਸ ਮੌਕੇ ਕਾਮਰੇਡ ਮਨਜੀਤ ਸਿੰਘ ਝਬਾਲ ਨੇ ਨਵ-ਨਿਯੁਕਤ ਡੀਐੱਫਐੱਸਸੀ ਹਰਵੀਨ ਕੌਰ ਨੂੰ ‘ਜੀ ਆਇਆਂ’ ਕਿਹਾ ਤੇ ਧੰਨਵਾਦ ਕਰਦਿਆਂ ਕਿਹਾ ਕਿ ਮਜ਼ਦੂਰਾਂ ਅਤੇ ਲਾਭਪਾਤਰੀਆਂ ਨੂੰ ਆਪਣੇ ਹੱਕਾਂ ਪ੍ਰਤੀ ਜਾਗਰੂਕ ਹੋਣਾ ਚਾਹੀਦਾ ਹੈ। ਆਪਣੇ ਹੱਕ ਲਈ ਆਵਾਜ਼ ਉਠਾਉਣ ਤੋਂ ਕਿਸੇ ਨੂੰ ਡਰਨਾ ਨਹੀਂ ਚਾਹੀਦਾ। ਜੇਕਰ ਕਿਸੇ ਲਾਭਪਾਤਰੀ ਨੂੰ ਘੱਟ ਕਣਕ ਦਿੱਤੀ ਜਾਂਦੀ ਹੈ, ਤਾਂ ਉਹ ਕੁੱਲ ਹਿੰਦ ਖੇਤ ਮਜ਼ਦੂਰ ਯੂਨੀਅਨ ਦੇ ਦਫ਼ਤਰ ਝਬਾਲ ਵਿਚ ਸੂਚਨਾ ਦੇ ਸਕਦਾ ਹੈ। ਇਸ ਮੌਕੇ ਕਾਮਰੇਡ ਗੁਰਦੀਪ ਸਿੰਘ, ਮਾਸਟਰ ਬਲਦੇਵ ਸਿੰਘ, ਕਾਮਰੇਡ ਕੁਲਦੀਪ ਸਿੰਘ, ਕਾਮਰੇਡ ਦਲਜੀਤ ਸਿੰਘ, ਕਾਮਰੇਡ ਜੋਗਿੰਦਰ ਸਿੰਘ, ਮੇਜਰ ਸਿੰਘ, ਬਲਵੀਰ ਕੌਰ ਅਤੇ ਹਰਜੀਤ ਕੌਰ ਸਮੇਤ ਹੋਰ ਆਗੂ ਤੇ ਵਰਕਰ ਹਾਜ਼ਰ ਸਨ।