ਐਂਟੀ ਰੈਗਿੰਗ ਉੱਪਰ ਲੈਕਚਰ ਕਰਵਾਇਆ ਐਂਟੀ ਰੈਗਿੰਗ ਉੱਪਰ ਲੈਕਚਰ ਕਰਵਾਇਆ
Publish Date: Thu, 20 Aug 2026 05:00 PM (IST)
Updated Date: Thu, 20 Aug 2026 05:03 PM (IST)
ਪੱਤਰ ਪ੍ਰੇਰਕ •ਪੰਜਾਬੀ ਜਾਗਰਣ ਖਡੂਰ ਸਾਹਿਬ : ਸ੍ਰੀ ਗੁਰੂ ਅੰਗਦ ਦੇਵ ਕਾਲਜ, ਖਡੂਰ ਸਾਹਿਬ ਵਿਖੇ ਐਂਟੀ ਰੈਗਿੰਗ ਸੈੱਲ ਵੱਲੋਂ ਐਂਟੀ ਰੈਗਿੰਗ ਜਾਗਰੂਕਤਾ ਸਬੰਧੀ ਇਕ ਵਿਸ਼ੇਸ਼ ਲੈਕਚਰ ਕਰਵਾਇਆ ਗਿਆ, ਜਿਸ ਦਾ ਮੂਲ ਮਨੋਰਥ ਵਿਦਿਆਰਥੀ ਨੂੰ ਇਸ ਸਬੰਧੀ ਜਾਗਰੂਕ ਕਰਦੇ ਹੋਏ ਇਸ ਦੇ ਇਤਿਹਾਸਕ ਤੇ ਸਮਕਾਲੀ ਚੁਣੌਤੀਆਂ ਬਾਰੇ ਜਾਣਕਾਰੀ ਮੁਹੱਈਆ ਕਰਵਾਉਣੀ ਸੀ। ਇਸ ਮੌਕੇ ਨੋਡਲ ਅਫ਼ਸਰ ਡਾ. ਰਮਨਦੀਪ ਕੌਰ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਭਾਰਤ ਵਿਚ ਰੈਗਿੰਗ ਲਾਅ ਪ੍ਰਿਵੈਨਸ਼ਨ ਆਫ਼ ਰੈਗਿੰਗ ਐਕਟ 1997 ’ਤੇ ਇਸ ਦੀਆਂ ਸੋਧਾਂ ਅਧੀਨ ਆਉਂਦਾ ਹੈ। ਇਸ ਨੂੰ 9 ਅਪ੍ਰੈਲ ਨੂੰ ਰਾਜਪਾਲ ਦੀ ਮਨਜੂਰੀ ਮਿਲੀ ਤੇ 13 ਅਪ੍ਰੈਲ ਨੂੰ ਇਸ ਨੂੰ ਸਰਕਾਰੀ ਗਜ਼ਟ ਵਿਚ ਪ੍ਰਕਾਸ਼ਿਤ ਕੀਤਾ ਗਿਆ। ਸਾਲ 1999 ਵਿਚ ਵਿਸ਼ਵ ਜਾਗ੍ਰਿਤੀ ਤਹਿਤ ਸੁਪਰੀਮ ਕੋਰਟ ਨੇ ਰੈਗਿੰਗ ਨੂੰ ਪਰਿਭਾਸ਼ਤ ਕੀਤਾ ਸੀ। ਇਸ ਦਾ ਮੁੱਖ ਸਰੋਕਾਰ ਵਿੱਦਿਅਕ ਅਦਾਰਿਆਂ ਵਿਚ ਰੈਗਿੰਗ ਤੇ ਪਾਬੰਦੀ ਲਾਉਣਾ ਹੈ। ਇਸ ਮੌਕੇ ਪ੍ਰੋਫੈਸਰ ਮਨਦੀਪ ਕੌਰ ਕੋਆਰਡੀਨੇਟਰ ਨੇ ਵੀ ਇਸ ਸਬੰਧੀ ਕੁਝ ਮਹੱਤਵਪੂਰਨ ਨੁਕਤਿਆਂ ਉੱਪਰ ਚਾਨਣਾ ਪਾਉਂਦਿਆਂ ਕਿਹਾ ਕਿ ਕਿਸੇ ਵੀ ਵਿੱਦਿਅਕ ਸੰਸਥਾ ਵਿਚ ਸੀਨੀਅਰ ਵਿਦਿਆਰਥੀਆਂ ਵੱਲੋਂ ਆਏ ਹੋਏ, ਨਵੇਂ ਵਿਦਿਆਰਥੀਆਂ ਨੂੰ ਮਾਨਸਿਕ, ਸਰੀਰਿਕ, ਆਰਥਿਕ, ਅਪਸ਼ਬਦਾਂ ਦੀ ਵਰਤੋਂ, ਈ-ਮੇਲ, ਮੋਬਾਇਲ ਦੀ ਦੁਰਵਰਤੋਂ ਆਦਿ ਦੁਆਰਾ ਕੀਤਾ ਹੋਇਆ ਵਿਵਹਾਰ ਰੈਗਿੰਗ ਦਾ ਰੂਪ ਧਾਰਨ ਕਰ ਲੈਂਦਾ ਹੈ। ਇਸ ਦੀ ਰੋਕਥਾਮ ਕਰਨ ਦੇ ਲਈ ਹਾਈਅਰ ਐਜੂਕੇਸ਼ਨ ਕਮਿਸ਼ਨ ਆਫ ਇੰਡੀਆ ਵੱਲੋਂ ਵਿਸ਼ੇਸ਼ ਉਪਰਾਲੇ ਕੀਤੇ ਗਏ ਹਨ। ਜੇਕਰ ਕੋਈ ਵਿਦਿਆਰਥੀ ਅਜਿਹਾ ਕੁਝ ਕਰਦਾ ਹੈ, ਤਾਂ ਇਸ ਦੀ ਕਾਨੂੰਨੀ ਸਜ਼ਾ ਵੀ ਹੋ ਸਕਦੀ ਹੈ। ਐਨਾ ਹੀ ਨਹੀਂ ਉਸ ਦੀ ਅਕਾਦਮਿਕ ਪੜ੍ਹਾਈ ਦਾ ਵੀ ਵੱਡਾ ਨੁਕਸਾਨ ਹੋ ਸਕਦਾ ਹੈ। ਕਾਲਜ ਪ੍ਰਿੰਸੀਪਲ ਡਾ. ਕੰਵਲਜੀਤ ਸਿੰਘ ਨੇ ਐਂਟੀ ਰੈਗਿੰਗ ਵਿਸ਼ੇ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਮਹਾਨਗਰਾਂ ਨਾਲ ਸਬੰਧਕ ਵਿੱਦਿਅਕ ਅਦਾਰਿਆਂ ਵਿਚ ਰੈਗਿੰਗ ਦੀ ਤਦਾਦ ਜ਼ਿਆਦਾ ਵੇਖਣ ਨੂੰ ਮਿਲਦੀ ਹੈ। ਇਸ ਲਈ ਸਾਨੂੰ ਇਸ ਦੀ ਰੋਕਥਾਮ ਲਈ ਸਮੇਂ-ਸਮੇਂ ਉਪਰਾਲੇ ਤੇ ਲੈਕਚਰ ਕਰਵਾਉਂਦੇ ਰਹਿਣਾ ਚਾਹੀਦਾ ਹੈ। ਇਸ ਮੌਕੇ ਪ੍ਰੋਫੈਸਰ ਰੋਹਿਤ ਸ਼ਰਮਾ, ਡਾ. ਰਮਨਦੀਪ ਕੌਰ, ਪ੍ਰੋਫੈਸਰ ਮੇਜਰ ਸਿੰਘ, ਪ੍ਰੋਫੈਸਰ ਮਨਦੀਪ ਕੌਰ ਤੇ ਵਿਦਿਆਰਥੀ ਹਾਜ਼ਰ ਸਨ।