
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਰਾਜ ਪੱਧਰੀ ਐੱਨਜੀਓ ਕਾਨਫ਼ਰੰਸ ਵਿਚ ‘ਮਨੁੱਖਤਾ ਦੀ ਸੇਵਾ ਖੂਨਦਾਨ ਸੁਸਾਇਟੀ ਪੱਟੀ’ ਦਾ ਸਨਮਾਨ

ਖੂਨਦਾਨ ਦੇ ਖੇਤਰ ਵਿਚ ਬਿਹਤਰੀਨ ਸੇਵਾਵਾਂ ਨਿਭਾਉਣ ਲਈ ਕੀਤਾ ਸਨਮਾਨਤ
ਸੁਸਾਇਟੀ ਦੇ ਸੇਵਾ ਕਾਰਜਾਂ ਦੀ ਹੋਈ ਸ਼ਲਾਘਾ
ਕੇਪੀ ਗਿੱਲ •ਪੰਜਾਬੀ ਜਾਗਰਣ
ਕੈਰੋਂ : ਸਵੈਇੱਛਤ ਖੂਨਦਾਨ ਨੂੰ ਉਤਸ਼ਾਹਿਤ ਕਰਨ ਤੇ ਖੂਨਦਾਨ ਰਾਹੀਂ ਮਨੁੱਖੀ ਜ਼ਿੰਦਗੀਆਂ ਬਚਾਉਣ ਲਈ ਲਗਾਤਾਰ ਕਾਰਜ ਕਰ ਰਹੀ ਮਨੁੱਖਤਾ ਦੀ ਸੇਵਾ ਖੂਨਦਾਨ ਸੁਸਾਇਟੀ ਪੱਟੀ ਨੂੰ ਰਾਜ-ਪੱਧਰੀ ਐੱਨਜੀਓ ਕਾਨਫ਼ਰੰਸ ਦੌਰਾਨ ਬਿਹਤਰੀਨ ਸੇਵਾਵਾਂ ਲਈ ਸਨਮਾਨਤ ਕੀਤਾ ਗਿਆ। ਪੰਜਾਬ ਮਿਉਂਸੀਪਲ ਭਵਨ, ਸੈਕਟਰ-35ਏ, ਚੰਡੀਗੜ੍ਹ ਵਿਖੇ ਹੋਈ ਇਸ ਕਾਨਫ਼ਰੰਸ ਵਿਚ ਪੰਜਾਬ ਭਰ ਤੋਂ ਖੂਨਦਾਨ ਦੇ ਖੇਤਰ ਵਿਚ ਕੰਮ ਕਰ ਰਹੀਆਂ ਸੰਸਥਾਵਾਂ ਤੇ ਸਬੰਧਤ ਅਧਿਕਾਰੀਆਂ ਨੇ ਸ਼ਮੂਲੀਅਤ ਕੀਤੀ। ਇਹ ਕਾਨਫ਼ਰੰਸ ਪੰਜਾਬ ਰਾਜ ਖੂਨ ਸੰਚਾਰ ਪ੍ਰੀਸ਼ਦ ਤੇ ਪੰਜਾਬ ਰਾਜ ਏਡਜ਼ ਕੰਟਰੋਲ ਸੁਸਾਇਟੀ ਵੱਲੋਂ ਸਵੈਇੱਛਤ ਖੂਨਦਾਨ ਨੂੰ ਹੋਰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਕਰਵਾਈ ਗਈ। ਕਾਨਫ਼ਰੰਸ ਵਿਚ ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ।
ਇਸ ਮੌਕੇ ਖੂਨਦਾਨ ਦੇ ਖੇਤਰ ਵਿਚ ਸ਼ਲਾਘਾਯੋਗ ਸੇਵਾਵਾਂ ਨਿਭਾਉਣ ਵਾਲੀਆਂ ਸੰਸਥਾਵਾਂ ਤੇ ਸੇਵਾਦਾਰਾਂ ਦੀ ਹੌਸਲਾ ਅਫ਼ਜ਼ਾਈ ਕੀਤੀ ਗਈ। ਮਨੁੱਖਤਾ ਦੀ ਸੇਵਾ ਖੂਨਦਾਨ ਸੁਸਾਇਟੀ ਪੱਟੀ ਨੂੰ ਸਨਮਾਨ ਪੱਤਰ ਪ੍ਰਦਾਨ ਕਰਦਿਆਂ ਖੂਨ ਸੰਚਾਰ ਸੇਵਾਵਾਂ ਨੂੰ ਮਜ਼ਬੂਤ ਕਰਨ ਤੇ ਪੰਜਾਬ ਵਿਚ ਸੁਰੱਖਿਅਤ ਖੂਨਦਾਨ ਦੀਆਂ ਪ੍ਰਥਾਵਾਂ ਨੂੰ ਉਤਸ਼ਾਹਿਤ ਕਰਨ ’ਚ ਪਾਏ ਯੋਗਦਾਨ ਦੀ ਸ਼ਲਾਘਾ ਕੀਤੀ ਗਈ। ਸੁਸਾਇਟੀ ਵੱਲੋਂ ਲੰਮੇ ਸਮੇਂ ਤੋਂ ਪੱਟੀ ਤੇ ਆਸ-ਪਾਸ ਦੇ ਇਲਾਕਿਆਂ ’ਚ ਖੂਨਦਾਨ ਕੈਂਪ ਲਗਾਉਣ ਦੇ ਨਾਲ-ਨਾਲ ਲੋੜਵੰਦ ਮਰੀਜ਼ਾਂ ਲਈ ਖੂਨ ਦਾ ਪ੍ਰਬੰਧ ਕਰਨ ਤੇ ਨੌਜਵਾਨਾਂ ਨੂੰ ਸਵੈਇੱਛਤ ਖੂਨਦਾਨ ਲਈ ਪ੍ਰੇਰਿਤ ਕਰਨ ਦੇ ਕਾਰਜ ਕੀਤੇ ਜਾ ਰਹੇ ਹਨ।
ਸੁਸਾਇਟੀ ਦੇ ਸੇਵਾਦਾਰਾਂ ਦਾ ਕਹਿਣਾ ਹੈ ਕਿ ਖੂਨਦਾਨ ਕਿਸੇ ਇਕ ਵਿਅਕਤੀ ਜਾਂ ਪਰਿਵਾਰ ਦੀ ਸੇਵਾ ਨਹੀਂ, ਸਗੋਂ ਸਮੁੱਚੀ ਮਨੁੱਖਤਾ ਦੀ ਸੇਵਾ ਹੈ। ਹਾਦਸਿਆਂ ਦੇ ਸ਼ਿਕਾਰ ਮਰੀਜ਼ਾਂ, ਗਰਭਵਤੀ ਔਰਤਾਂ, ਥੈਲੇਸੀਮੀਆ ਪੀੜਤ ਬੱਚਿਆਂ, ਗੰਭੀਰ ਬਿਮਾਰੀਆਂ ਨਾਲ ਜੂਝ ਰਹੇ ਮਰੀਜ਼ਾਂ ਅਤੇ ਐਮਰਜੈਂਸੀ ਵਿਚ ਖੂਨ ਦੀ ਲੋੜ ਵਾਲੇ ਲੋਕਾਂ ਲਈ ਸਮੇਂ ਸਿਰ ਖੂਨ ਮਿਲਣਾ ਜ਼ਿੰਦਗੀ ਅਤੇ ਮੌਤ ਦਾ ਸਵਾਲ ਬਣ ਸਕਦਾ ਹੈ। ਅਜਿਹੇ ਸਮੇਂ ਸਵੈਇੱਛਤ ਖੂਨਦਾਨੀ ਵੱਲੋਂ ਦਿੱਤਾ ਗਿਆ ਖੂਨ ਕਿਸੇ ਪਰਿਵਾਰ ਲਈ ਵੱਡੀ ਉਮੀਦ ਬਣ ਜਾਂਦਾ ਹੈ। ਇਸ ਮੌਕੇ ਮਨੁੱਖਤਾ ਦੀ ਸੇਵਾ ਖੂਨਦਾਨ ਸੁਸਾਇਟੀ ਪੱਟੀ ਦੇ ਪ੍ਰਬੰਧਕ ਮਲਕੀਅਤ ਸਿੰਘ ਬੱਬਲ ਨੇ ਇਸ ਸਨਮਾਨ ਲਈ ਪੰਜਾਬ ਸਰਕਾਰ, ਪੰਜਾਬ ਰਾਜ ਖੂਨ ਸੰਚਾਰ ਪ੍ਰੀਸ਼ਦ, ਸਿਹਤ ਵਿਭਾਗ ਅਤੇ ਸਾਰੇ ਸਹਿਯੋਗੀਆਂ ਦਾ ਧੰਨਵਾਦ ਕੀਤਾ।
ਉਨ੍ਹਾਂ ਕਿਹਾ ਕਿ ਇਹ ਸਨਮਾਨ ਕਿਸੇ ਇਕ ਵਿਅਕਤੀ ਦਾ ਨਹੀਂ, ਸਗੋਂ ਸੁਸਾਇਟੀ ਨਾਲ ਜੁੜੇ ਹਰ ਖੂਨਦਾਨੀ, ਸੇਵਾਦਾਰ ਅਤੇ ਉਨ੍ਹਾਂ ਪਰਿਵਾਰਾਂ ਦਾ ਸਨਮਾਨ ਹੈ, ਜਿਨ੍ਹਾਂ ਨੇ ਮਨੁੱਖਤਾ ਦੀ ਭਲਾਈ ਲਈ ਆਪਣਾ ਯੋਗਦਾਨ ਪਾਇਆ ਹੈ। ਮਲਕੀਅਤ ਸਿੰਘ ਬੱਬਲ ਨੇ ਕਿਹਾ ਕਿ ਸਾਡੇ ਲਈ ਇਹ ਸਨਮਾਨ ਹੋਰ ਵੱਡੀ ਜ਼ਿੰਮੇਵਾਰੀ ਲੈ ਕੇ ਆਇਆ ਹੈ। ਅਸੀਂ ਅੱਗੇ ਵੀ ਪੱਟੀ ਅਤੇ ਆਸ-ਪਾਸ ਦੇ ਇਲਾਕਿਆਂ ਵਿਚ ਖੂਨਦਾਨ ਕੈਂਪ ਲਗਾਉਣ ਦੇ ਨਾਲ ਨੌਜਵਾਨਾਂ ਨੂੰ ਸਵੈਇੱਛਤ ਖੂਨਦਾਨ ਲਈ ਪ੍ਰੇਰਿਤ ਕਰਦੇ ਰਹਾਂਗੇ।