ਕੁੱਲ ਹਿੰਦ ਕਿਸਾਨ ਸਭਾ ਚੰਡੀਗੜ੍ਹ ਮੋਰਚੇ ’ਚ ਹੋਵੇਗੀ ਸ਼ਾਮਲ : ਮਹਾਂਬੀਰ ਕੁੱਲ ਹਿੰਦ ਕਿਸਾਨ ਸਭਾ 1 ਸਤੰਬਰ ਤੋਂ ਚੰਡੀਗੜ੍ਹ ਮੋਰਚੇ ਵਿਚ ਵੱਡੀ ਪੱਧਰ ’ਤੇ ਹੋਵੇਗੀ ਸ਼ਾਮਿਲ: ਮਹਾਂਬੀਰ ਸਿੰਘ ਗਿੱਲ
Publish Date: Thu, 20 Aug 2026 04:52 PM (IST)
Updated Date: Thu, 20 Aug 2026 04:54 PM (IST)
ਬੱਲੂ ਮਹਿਤਾ• ਪੰਜਾਬੀ ਜਾਗਰਣ ਪੱਟੀ : ਕੁੱਲ ਹਿੰਦ ਕਿਸਾਨ ਸਭਾ ਦੀ ਸੂਬਾ ਕੌਂਸਲ ਦੀ ਮੀਟਿੰਗ ਸੂਬਾ ਪ੍ਰਧਾਨ ਬਲਦੇਵ ਸਿੰਘ ਨਿਹਾਲਗੜ੍ਹ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਉਪਰੰਤ ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਕੁੱਲ ਹਿੰਦ ਕਿਸਾਨ ਸਭਾ ਦੇ ਸੂਬਾਈ ਵਰਕਿੰਗ ਪ੍ਰਧਾਨ ਮਹਾਂਬੀਰ ਸਿੰਘ ਗਿੱਲ ਨੇ ਦੱਸਿਆ ਕਿ ਕਿਸਾਨ ਸਭਾ ਵੱਲੋਂ ਆਉਣ ਵਾਲੇ ਸਮੇਂ ਵਿਚ ਕਿਸਾਨੀ ਮਸਲਿਆਂ ਨੂੰ ਲੈ ਕੇ ਵੱਡੇ ਪੱਧਰ ’ਤੇ ਸੰਘਰਸ਼ ਕੀਤੇ ਜਾਣਗੇ। ਨਿਹਾਲਗੜ੍ਹ ਨੇ ਪਿਛਲੇ ਸਮੇਂ ਦੌਰਾਨ ਕੀਤੇ ਸੰਘਰਸ਼ਾਂ ਤੇ ਜਥੇਬੰਦੀ ਦੇ ਕੰਮਾਂ ਦਾ ਵਿਸਥਾਰ ਸਹਿਤ ਲੇਖਾ-ਜੋਖਾ ਪੇਸ਼ ਕੀਤਾ। ਉਨ੍ਹਾਂ ਦੱਸਿਆ ਕਿ 1 ਸਤੰਬਰ ਨੂੰ ਦਿੱਲੀ ਵਿਖੇ ਆਲ ਇੰਡੀਆ ਪੱਧਰ ਦੀ ਰੈਲੀ ਕੀਤੀ ਜਾ ਰਹੀ ਹੈ, ਜਿਸ ਵਿਚ ਕੁੱਲ ਹਿੰਦ ਕਿਸਾਨ ਸਭਾ ਵੱਲੋਂ ਪੰਜਾਬ ਵਿੱਚੋਂ ਵੱਡੀ ਗਿਣਤੀ ’ਚ ਸ਼ਮੂਲੀਅਤ ਕੀਤੀ ਜਾਵੇਗੀ। ਗਿੱਲ ਨੇ ਕਿਹਾ ਕਿ ਕਿਸਾਨ ਮੋਰਚੇ ਵੱਲੋਂ 1 ਤੋਂ 7 ਸਤੰਬਰ ਤਕ ਚੰਡੀਗੜ੍ਹ ਵਿਖੇ ਧਰਨਾ ਲਗਾਇਆ ਜਾ ਰਿਹਾ ਹੈ, ਜਿਸ ਵਿਚ ਪੰਜਾਬ ਦੀਆਂ ਵੱਖ-ਵੱਖ ਕਿਸਾਨ ਜਥੇਬੰਦੀਆਂ ਹਿੱਸਾ ਲੈ ਰਹੀਆਂ ਹਨ। ਕੁੱਲ ਹਿੰਦ ਕਿਸਾਨ ਸਭਾ ਵੀ ਇਸ ਮੋਰਚੇ ’ਚ ਵੱਡੀ ਪੱਧਰ ’ਤੇ ਸ਼ਮੂਲੀਅਤ ਕਰੇਗੀ। ਉਨ੍ਹਾਂ ਕਿਹਾ ਕਿ ਧਰਨੇ ਦੌਰਾਨ ਕੇਂਦਰ ਸਰਕਾਰ ਵੱਲੋਂ ਅਮਰੀਕਾ ਸਮੇਤ ਹੋਰ ਦੇਸ਼ਾਂ ਨਾਲ ਕੀਤੇ ਜਾ ਰਹੇ ਮੁਕਤ ਵਪਾਰ ਸਮਝੌਤਿਆਂ ਦਾ ਵਿਰੋਧ, ਕਿਸਾਨ ਅੰਦੋਲਨ ਸਮੇਂ ਮੰਨੀਆਂ ਗਈਆਂ ਮੰਗਾਂ ਨੂੰ ਲਾਗੂ ਕਰਵਾਉਣਾ, ਦਰਿਆਈ ਪਾਣੀਆਂ ਦਾ ਨਿਪਟਾਰਾ ਰਿਪੇਰੀਅਨ ਸਿਧਾਂਤ ਅਨੁਸਾਰ ਕਰਨਾ, ਬਿਜਲੀ ਅਤੇ ਬੀਜ ਬਿੱਲ ਰੱਦ ਕਰਵਾਉਣਾ, ਕਿਸਾਨਾਂ ਤੇ ਮਜ਼ਦੂਰਾਂ ਸਿਰ ਚੜ੍ਹੇ ਕਰਜ਼ਿਆਂ ’ਤੇ ਲੀਕ ਫੇਰਨਾ, ਲੇਬਰ ਕੋਡ ਰੱਦ ਕਰਵਾਉਣਾ, ਮਨਰੇਗਾ ਕਾਨੂੰਨ ਬਹਾਲ ਕਰਵਾਉਣਾ ਅਤੇ ਪੰਜਾਬ ਦੇ ਪਾਣੀਆਂ ਦੀ ਰੱਖਿਆ ਸਮੇਤ ਹੋਰ ਅਹਿਮ ਮੁੱਦੇ ਉਠਾਏ ਜਾਣਗੇ। ਇਸ ਮੌਕੇ ਕੁਲਵੰਤ ਸਿੰਘ ਮੌਲੀਵਾਲ, ਜਸਵੀਰ ਝੱਜ, ਚਮਕੌਰ ਸਿੰਘ ਬਰ੍ਹਮੀ, ਜਸਵੀਰ ਸਿੰਘ ਅਕਲੀ, ਬਲਵਿੰਦਰ ਸਿੰਘ, ਸੁਰਿੰਦਰ ਸਿੰਘ, ਗੁਰਨਾਮ ਸਿੰਘ ਔਲਖ, ਨਿਰਮਲ ਸਿੰਘ, ਤਰਲੋਕ ਸਿੰਘ ਭਧਿਆਣਾ ਕਪੂਰਥਲਾ, ਗੁਰਦਿੱਤ ਸਿੰਘ ਸਿੱਧੂ, ਜਸਵਿੰਦਰ ਸਿੰਘ ਭੰਗਲ, ਗੁਰਪ੍ਰੀਤ ਸਿੰਘ ਗੰਡੀਵਿੰਡ, ਇੰਦਰਜੀਤ ਸਿੰਘ ਗਿੱਲ, ਜੁਝਾਰ ਸਿੰਘ ਕੁੱਕੜ ਮਾਜਰਾ ਅਤੇ ਜੋਗਿੰਦਰ ਸਿੰਘ ਆਦਿ ਨੇ ਆਪੋ-ਆਪਣੇ ਜ਼ਿਲ੍ਹਿਆਂ ਵਿਚ ਕੀਤੀਆਂ ਜਾ ਰਹੀਆਂ ਤਿਆਰੀਆਂ ਸਬੰਧੀ ਜਾਣਕਾਰੀ ਦਿੱਤੀ। ਆਗੂਆਂ ਨੇ ਕਿਹਾ ਕਿ 1 ਸਤੰਬਰ ਨੂੰ ਦਿੱਲੀ ਵਿਖੇ ਹੋਣ ਵਾਲੀ ਰੈਲੀ ਤੇ 1 ਤੋਂ 7 ਸਤੰਬਰ ਤਕ ਚੰਡੀਗੜ੍ਹ ਵਿਖੇ ਲਗਾਏ ਜਾ ਰਹੇ ਧਰਨੇ ਵਿਚ ਕਿਸਾਨ ਸਭਾ ਵੱਲੋਂ ਵੱਡੀ ਗਿਣਤੀ ’ਚ ਸ਼ਮੂਲੀਅਤ ਯਕੀਨੀ ਬਣਾਈ ਜਾਵੇਗੀ।