ਪੈਰਾਮੈਡੀਕਲ ਤੇ ਸਿਹਤ ਕਰਮਚਾਰੀ ਯੂਨੀਅਨ ਨੇ ਕੀਤਾ ਰੋਸ ਪ੍ਰਦਰਸ਼ਨ ਪੈਰਾਮੈਡੀਕਲ ਤੇ ਸਿਹਤ ਕਰਮਚਾਰੀ ਯੂਨੀਅਨ ਦੇ ਸੈਂਕੜੇ ਮੁਲਾਜ਼ਮ ਸਤੌਜ ਰੈਲੀ ’ਚ ਹੋਣਗੇ ਸ਼ਾਮਿਲ
Publish Date: Thu, 20 Aug 2026 04:50 PM (IST)
Updated Date: Thu, 20 Aug 2026 04:51 PM (IST)
ਸੈਂਕੜੇ ਮੁਲਾਜ਼ਮ ਸਤੌਜ ਰੈਲੀ ’ਚ ਹੋਣਗੇ ਸ਼ਾਮਲ ਯੂਨੀਅਨ ਨੇ ਮੁਲਾਜ਼ਮ ਮਾਰੂ ਪੱਤਰਾਂ ਨੂੰ ਫੂਕਿਆ ਪੱਤਰ ਪ੍ਰੇਰਕ• ਪੰਜਾਬੀ ਜਾਗਰਣ ਤਰਨਤਾਰਨ : ਪੁਰਾਣੀ ਪੈਨਸ਼ਨ ਸਕੀਮ ਦੀ ਬਹਾਲੀ ਦੇ ਲਈ ਸਤੌਜ ਵਿਚ ਪੈਰਾਮੈਡੀਕਲ ਤੇ ਸਿਹਤ ਕਰਮਚਾਰੀ ਯੂਨੀਅਨ ਵੱਲੋਂ ਸੈਂਕੜੇ ਮੁਲਾਜ਼ਮ ਸ਼ਾਮਲ ਹੋਣਗੇ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਪੈਰਾ ਮੈਡੀਕਲ ਆਗੂ ਰਜਵੰਤ ਬਾਗੜੀਆਂ ਨੇ ਕੀਤਾ। ਇਸ ਮੌਕੇ ਫਾਰਮੇਸੀ ਅਫ਼ਸਰ ਯੂਨੀਅਨ ਦੇ ਪ੍ਰਧਾਨ ਭੁਪਿੰਦਰ ਸਿੰਘ ਮਰਹਾਣਾ, ਰੇਡੀਓਗਰਾਫਰ ਯੂਨੀਅਨ ਦੇ ਪ੍ਰਧਾਨ ਮਨਜੀਤ ਸਿੰਘ, ਹੈਲਥ ਸੁਪਰਵਾਈਜ਼ਰ ਯੂਨੀਅਨ ਦੇ ਆਗੂ ਭੁਪਿੰਦਰ ਸਿੰਘ, ਮਲਟੀ ਪਰਪਜ਼ ਹੈਲਥ ਵਰਕਰ ਯੂਨੀਅਨ ਦੇ ਆਗੂ ਜਸਪਿੰਦਰ ਸਿੰਘ, ਪ੍ਰਦੀਪ ਸਿੰਘ, ਕਲੈਰੀਕਲ ਯੂਨੀਅਨ ਦੇ ਜਰਨਲ ਸਕੱਤਰ ਨਵਤੇਜ ਸਿੰਘ, ਸੁਪਰਡੈਂਟ ਤਜਿੰਦਰ ਸਿੰਘ, ਪੁਸ਼ਪਿੰਦਰ ਸਿੰਘ ਸੁਪਰਡੈਂਟ, ਸੀਨੀਅਰ ਸਹਾਇਕ ਗੁਰਮੁਖ ਸਿੰਘ, ਮਨਦੀਪ ਸਿੰਘ, ਕੁਲਵਿੰਦਰ ਸਿੰਘ, ਹੈਲਥ ਸੁਪਰਵਾਈਜ਼ਰ ਅਮਰਜੀਤ ਸਿੰਘ ਗਿੱਲ, ਸਿਮਰਜੀਤ ਕੌਰ, ਬਲਜੀਤ ਕੌਰ, ਰਣਬੀਰ ਕੌਰ, ਰੇਡੀਓਗ੍ਰਾਫਰ ਨਵਦੀਪ ਸਿੰਘ, ਫਾਰਮੇਸੀ ਅਫ਼ਸਰ ਬਲਵਿੰਦਰ ਸਿੰਘ, ਏਡਜ਼ ਕੰਟਰੋਲ ਸੁਸਾਇਟੀ ਦੇ ਪ੍ਰਧਾਨ ਹਰਜੀਤ ਸਿੰਘ ਆਦਿ ਨੇ ਪੰਜਾਬ ਸਰਕਾਰ ਦੇ ਮੁਲਾਜ਼ਮ ਮਾਰੂ ਪੱਤਰਾਂ ਨੂੰ ਫੂਕਿਆ ਤੇ ਕਿਹਾ ਕਿ ਐੱਨਪੀਐੱਸ ਦੇ ਵਿਰੋਧ ਵਿਚ ਪੁਰਾਣੀ ਪੈਨਸ਼ਨ ਬਹਾਲੀ ਲਈ ਹੋ ਰਹੀ ਸਮੂਹ ਜਥੇਬੰਦੀਆਂ ਦੀ ਲਾ-ਮਿਸਾਲ ਰੈਲੀ ਇਕ ਵਾਰ ਫੇਰ ਇਤਿਹਾਸ ਸਿਰਜੇਗੀ। ਇਹ ਪੁਰਾਣੀ ਸਕੀਮ ਅਧੀਨ ਰਿਟਾਇਰ ਹੋਣ ਵਾਲੇ ਮੁਲਾਜ਼ਮਾਂ ਨੂੰ ਆਪਣੀ ਤਨਖਾਹ ਦਾ 50 ਫੀਸਦੀ ਪੈਨਸ਼ਨ, ਗਰੈਚੁਟੀ, ਡੀਏ, ਮੈਡੀਕਲ ਐੱਲਟੀਸੀ, ਪੇ ਕਮਿਸ਼ਨ ਦਾ ਵਾਧਾ ਆਦਿ ਸਮੇਤ ਹੋਰ ਆਰਥਿਕ ਲਾਭ ਮਿਲਦੇ ਸਨ, ਇਹ ਸਕੀਮ ਮੁਲਾਜ਼ਮ ਪੱਖੀ ਸੀ। ਸਾਡੇ ਦੇਸ਼ ਦੀਆਂ ਸਰਕਾਰਾਂ ਨੇ ਨਵ-ਉਦਾਰਵਾਦੀ ਨੀਤੀਆਂ ਨੂੰ ਅਪਣਾਉਣਾ ਸ਼ੁਰੂ ਕੀਤਾ ਤੇ ਪਿਛਲੀਆਂ ਸਰਕਾਰਾਂ ਨੇ ਨਿੱਜੀਕਰਨ ਦਾ ਰਾਹ ਅਖਤਿਆਰ ਕਰ ਲਿਆ। ਨਵ-ਉਦਾਰਵਾਦੀ ਨੀਤੀਆਂ ਦੇ ਅਪਣਾਉਣ ਦੇ ਸਿੱਟੇ ਵਜੋਂ ਮੁਲਾਜ਼ਮਾਂ ਦੀ ਭਰਤੀ ਦੇ ਨਿਯਮ ਤੇ ਤਨਖਾਹ ਢਾਂਚੇ ਨੂੰ ਬਦਲ ਦਿੱਤਾ ਗਿਆ ਤੇ ਪੁਰਾਣੀ ਪੈਨਸ਼ਨ ਸਕੀਮ ਮੁਲਾਜ਼ਮਾਂ ਤੋਂ ਖੋਹ ਕੇ ਸਰਕਾਰ ਨੇ ਮੁਲਾਜ਼ਮ ਮਾਰੂ ਨਵੀਂ ਪੈਨਸ਼ਨ ਸਕੀਮ ਐੱਨਪੀਐੱਸ ਅਮਲ ਵਿਚ ਲਾਗੂ ਕਰ ਦਿੱਤੀ। ਹੁਣ ਮੋਦੀ ਸਰਕਾਰ ਨੇ ਜਿਹੜੀ ਯੂਪੀਐੱਸ ਦੀ ਆਪਸ਼ਨ ਦਿੱਤੀ ਹੈ, ਉਹ ਹੋਰ ਵੀ ਖ਼ਤਰਨਾਕ ਹੈ, ਜਿਸ ਵਿਚ ਸਾਡੇ ਪੈਸੇ ਖੋ ਕੇ ਸਾਨੂੰ ਹੀ ਵਾਪਸ ਕਰਨੇ ਹਨ। 2004 ਤੋਂ ਬਾਅਦ ਭਰਤੀ ਹੋਣ ਵਾਲੇ ਸਾਰੇ ਮੁਲਾਜ਼ਮਾਂ ਨੂੰ ਪੁਰਾਣੀ ਪੈਨਸ਼ਨ ਸਕੀਮ ਤੋਂ ਜਿਹੜਾ ਵਾਂਝਾ ਕਰ ਦਿੱਤਾ ਹੈ। ਪੰਜਾਬ ਸਰਕਾਰ ਦੀ ਕਾਰਗੁਜ਼ਾਰੀ ਤੋਂ ਸਾਫ਼ ਜ਼ਾਹਰ ਹੁੰਦਾ ਹੈ ਕਿ ਸਰਕਾਰ ਪੁਰਾਣੀ ਪੈਨਸ਼ਨ ਸਕੀਮ ਲਾਗੂ ਕਰਨ ਪ੍ਰਤੀ ਸੁਹਿਰਦ ਨਹੀਂ ਹੈ। ਕੇਂਦਰ ਦੀਆਂ ਕਾਰਪੋਰੇਟ ਪੱਖੀ ਸਰਕਾਰ ਨੇ ਐੱਨਪੀਐੱਸ ਦਾ ਬਦਲਵਾਂ ਰੂਪ ਯੂਪੀਐੱਸ ਲਿਆਂਦਾ ਹੈ, ਜੋ ਹੋਰ ਵੀ ਮੁਲਾਜ਼ਮ ਮਾਰੂ ਹਨ।