ਹਰੀਕੇ ਪੱਤਣ ’ਚ ਨਸ਼ੇੜੀਆਂ ਤੋਂ ਵੱਧ ਤਸਕਰਾਂ ਦਾ ਬੋਲਬਾਲਾ ਹਰੀਕੇ ਪੱਤਣ ’ਚ ਨਸ਼ੇੜੀਆਂ ਤੋਂ ਵੱਧ ਤਸਕਰਾਂ ਦਾ ਬੋਲਬਾਲਾ
Publish Date: Thu, 20 Aug 2026 04:43 PM (IST)
Updated Date: Thu, 20 Aug 2026 04:45 PM (IST)
ਹੋਮ ਡਲਿਵਰੀ ਕਰਦੇ ਨਾਬਾਲਿਗ ਆਮ ਦਿਸਦੇ ਹਨ ਚਿੱਟੇ ਚਾਨਣ ਨਾਲ ਹੀ ਆਰੰਭ ਹੋ ਜਾਂਦੇ ਕਾਲਾ ਕਾਰੋਬਾਰ ਕਿਰਪਾਲ ਸਿੰਘ ਰੰਧਾਵਾ• ਪੰਜਾਬੀ ਜਾਗਰਣ ਹਰੀਕੇ ਪੱਤਣ : ਸਰਹੱਦੀ ਤੇ ਦਰਿਆਈ ਖੇਤਰ ਵਜੋਂ ਆਪਣੀ ਵਿਲੱਖਣ ਪਛਾਣ ਰੱਖਣ ਵਾਲੇ ਹਰੀਕੇ ਪੱਤਣ ਵਿਚ ਨਸ਼ਿਆਂ ਦੇ ਕਥਿਤ ਕਾਲੇ ਕਾਰੋਬਾਰ ਨੂੰ ਲੈ ਕੇ ਲੋਕਾਂ ਵਿਚ ਚਿੰਤਾ ਵਧਦੀ ਜਾ ਰਹੀ ਹੈ। ਸਥਾਨਕ ਲੋਕਾਂ ਦਾ ਦੋਸ਼ ਹੈ ਕਿ ਇਲਾਕੇ ਵਿਚ ਨਸ਼ਾ ਕਰਨ ਵਾਲਿਆਂ ਨਾਲੋਂ ਨਸ਼ੇ ਦੀ ਸਪਲਾਈ ਕਰਨ ਵਾਲਿਆਂ ਦੀ ਸਰਗਰਮੀ ਵਧੇਰੇ ਨਜ਼ਰ ਆ ਰਹੀ ਹੈ। ਹਾਲਾਤ ਇੱਥੋਂ ਤਕ ਦੱਸੇ ਜਾ ਰਹੇ ਹਨ ਕਿ ਕਥਿਤ ਤੌਰ ’ਤੇ ਨਾਬਾਲਿਗਾਂ ਰਾਹੀਂ ਵੀ ਨਸ਼ੇ ਦੀ ‘ਹੋਮ ਡਲਿਵਰੀ’ ਕਰਵਾਈ ਜਾਂਦੀ ਹੈ। ਪ੍ਰਤੱਖਦਰਸ਼ੀਆ ਮੁਤਾਬਕ ਸਵੇਰ ਦੇ ਚਾਨਣ ਨਾਲ ਹੀ ਕਥਿਤ ਨਸ਼ਾ ਤਸਕਰੀ ਦਾ ਕਾਰੋਬਾਰ ਸ਼ੁਰੂ ਹੋ ਜਾਂਦਾ ਹੈ ਤੇ ਦਿਨ ਚੜ੍ਹਦਿਆਂ ਹੀ ਵੱਖ-ਵੱਖ ਥਾਵਾਂ ’ਤੇ ਸ਼ੱਕੀ ਗਤੀਵਿਧੀਆਂ ਦੇਖਣ ਨੂੰ ਮਿਲਦੀਆਂ ਹਨ। ਇਸ ਮਾਮਲੇ ਦਾ ਸਭ ਤੋਂ ਚਿੰਤਾਜਨਕ ਪੱਖ ਨੌਜਵਾਨਾਂ ਤੇ ਨਾਬਾਲਿਗਾਂ ਦਾ ਇਸ ਕਥਿਤ ਨੈੱਟਵਰਕ ਵਿਚ ਵਰਤੇ ਜਾਣਾ ਦੱਸਿਆ ਜਾ ਰਿਹਾ ਹੈ। ਜੇਕਰ ਇਹ ਦੋਸ਼ ਸਹੀ ਹਨ ਤਾਂ ਇਹ ਸਿਰਫ਼ ਨਸ਼ਾ ਤਸਕਰੀ ਦਾ ਨਹੀਂ, ਸਗੋਂ ਆਉਣ ਵਾਲੀ ਪੀੜ੍ਹੀ ਨੂੰ ਅਪਰਾਧ ਵੱਲ ਧੱਕਣ ਦਾ ਵੀ ਗੰਭੀਰ ਮਾਮਲਾ ਹੈ। ਪਿੰਡ ਵਾਸੀਆਂ ਦਾ ਇਹ ਵੀ ਦੋਸ਼ ਹੈ ਕਿ ਭਾਰੀ ਮਾਤਰਾ ਵਿਚ ਨਸ਼ੀਲੇ ਪਦਾਰਥਾਂ ਦੀ ਬਰਾਮਦਗੀ ਵਾਲੇ ਮਾਮਲਿਆਂ ਵਿਚ ਨਾਮਜ਼ਦ ਰਹੇ ਕੁਝ ਵਿਅਕਤੀ ਕਥਿਤ ਤੌਰ ’ਤੇ ਮੁੜ ਸਰਗਰਮ ਹਨ। ਇਥੇ ਸਵਾਲ ਪੈਦਾ ਹੁੰਦਾ ਹੈ ਕਿ ਕਿ ਜੇਕਰ ਪੁਲਿਸ ਰਿਕਾਰਡ ਵਿਚ ਅਜਿਹੇ ਵਿਅਕਤੀਆਂ ਦੀ ਪਛਾਣ ਮੌਜੂਦ ਹੈ, ਤਾਂ ਉਨ੍ਹਾਂ ਦੀਆਂ ਗਤੀਵਿਧੀਆਂ ’ਤੇ ਲਗਾਤਾਰ ਨਜ਼ਰ ਕਿਉਂ ਨਹੀਂ ਰੱਖੀ ਜਾ ਰਹੀ। ਪੁਲਿਸ ਦੀ ਕਥਿਤ ਢਿੱਲ ਨੂੰ ਲੈ ਕੇ ਵੀ ਲੋਕਾਂ ਵਿਚ ਰੋਸ ਹੈ। ਹਾਲਾਂਕਿ, ਲੋਕਾਂ ਦੀ ਇਹ ਵੀ ਮੰਗ ਹੈ ਕਿ ਸਿਰਫ਼ ਨਾਕਾਬੰਦੀ ਤੇ ਬਿਆਨਾਂ ਤਕ ਸੀਮਤ ਰਹਿਣ ਦੀ ਬਜਾਏ ਨਸ਼ੇ ਦੇ ਸਰੋਤ ਤੇ ਸਪਲਾਈ ਚੇਨ ਤਕ ਪਹੁੰਚ ਕੇ ਕਾਰਵਾਈ ਕੀਤੀ ਜਾਵੇ, ਤਾਂ ਜੋ ਹਰੀਕੇ ਪੱਤਣ ਨੂੰ ਨਸ਼ਾ ਤਸਕਰੀ ਦੇ ਕਥਿਤ ਜਾਲ ਤੋਂ ਮੁਕਤ ਕਰਵਾਇਆ ਜਾ ਸਕੇ। ਜ਼ਮੀਨੀ ਪੱਧਰ ’ਤੇ ਸਖਤ ਕਾਰਵਾਈ ਨਹੀਂ ਹੁੰਦੀ : ਸਭਰਾ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਸਭਰਾ ਨੇ ਕਿਹਾ ਕਿ ਨਸ਼ਿਆਂ ਖ਼ਿਲਾਫ਼ ਸਰਕਾਰੀ ਮੁਹਿੰਮ ਤਾਂ ਬਹੁਤ ਚੱਲ ਰਹੀ ਹੈ, ਪਰ ਜ਼ਮੀਨੀ ਪੱਧਰ ’ਤੇ ਤਸਕਰਾਂ ’ਤੇ ਸਖ਼ਤ ਕਾਰਵਾਈ ਨਾ ਹੋਣ ਕਾਰਨ ਲੋਕਾਂ ਦਾ ਪ੍ਰਸ਼ਾਸਨ ਤੋਂ ਭਰੋਸਾ ਉੱਠ ਰਿਹਾ ਹੈ। ਉਨ੍ਹਾਂ ਕਿਹਾ ਕਿ ਜੇਲ੍ਹ ਯਾਤਰਾ ਕਰ ਚੁੱਕੇ ਅਧਿਕਾਰੀ ਮੁੜ ਕੁਰਸੀਆਂ ਸੰਭਾਲ ਰਹੇ ਹਨ, ਪਰ ਲੋਕਾਂ ਨੂੰ ਅਜਿਹੀ ਅਫਸਰਸ਼ਾਹੀ ਤੋਂ ਵੱਡੀਆਂ ਉਮੀਦਾਂ ਨਹੀਂ ਰਹੀਆਂ। ਨਸ਼ਾ ਤਸਕਰਾਂ ਨੂੰ ਕਿਸੇ ਕੀਮਤ ’ਤੇ ਬਖਸ਼ਿਆ ਨਹੀਂ ਜਾਵੇਗਾ : ਡੀਐੱਸਪੀ ਦੂਜੇ ਪਾਸੇ ਡੀਐੱਸਪੀ ਪੱਟੀ ਰਵੀਸ਼ੇਰ ਸਿੰਘ ਨੇ ਕਿਹਾ ਕਿ ਇਲਾਕੇ ਵਿਚ 24 ਘੰਟੇ ਨਾਕਾਬੰਦੀ ਤੇ ਚੈਕਿੰਗ ਕੀਤੀ ਜਾ ਰਹੀ ਹੈ। ਸਮਾਜ ਵਿਰੋਧੀ ਅਨਸਰਾਂ ਵਿਚ ਪੁਲਿਸ ਕਾਰਵਾਈ ਦਾ ਖੌਫ਼ ਹੈ ਤੇ ਨਸ਼ਾ ਤਸਕਰੀ ਨੂੰ ਕਿਸੇ ਵੀ ਕੀਮਤ ’ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸ਼ੱਕੀ ਗਤੀਵਿਧੀਆਂ ਸਬੰਧੀ ਪੁਲਿਸ ਨੂੰ ਸੂਚਨਾ ਦੇਣ ਵਾਲਿਆਂ ਦੀ ਪਛਾਣ ਗੁਪਤ ਰੱਖੀ ਜਾਵੇਗੀ।