- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਅਵਾਰਾ ਕੁੱਤਿਆਂ ਦੀ ਵਧ ਰਹੀ ਗਿਣਤੀ ’ਤੇ ਸਮਾਜ ਸੇਵੀਆਂ ਨੇ ਜਿਤਾਈ ਡੂੰਘੀ ਚਿੰਤਾ

ਕਿਹਾ, ਹਾਦਸਿਆਂ ਦਾ ਕਾਰਨ ਤੇ ਸਵੱਛਤਾ ਲਈ ਖ਼ਤਰਾ ਬਣ ਰਹੇ ਹਨ ਅਵਾਰਾ ਕੁੱਤੇ
ਸਟਾਫ਼ ਰਿਪੋਰਟਰ, •ਪੰਜਾਬੀ ਜਾਗਰਣ, ਤਰਨਤਾਰਨ : ਅਵਾਰਾ ਕੁੱਤਿਆਂ ਦੀ ਸਮੱਸਿਆ ਵੱਡੀ ਹੁੰਦੀ ਜਾ ਰਹੀ ਹੈ। ਗਲੀਆਂ ਬਾਜ਼ਾਰਾਂ ਵਿਚ ਆਵਾਰਾ ਕੁੱਤਿਆਂ ਦੀਆਂ ਡਾਰਾਂ ਦਨ ਦਨਾਉਂਦੀਆਂ ਫਿਰਦੀਆਂ ਹਨ। ਦੋ ਪਹੀਆ ਵਾਹਨ ਚਾਲਕਾਂ ਦੇ ਪਿੱਛੇ ਭੱਜਦੇ ਕੁੱਤੇ ਹਾਦਸਿਆਂ ਦਾ ਕਾਰਨ ਬਣ ਰਹੇ ਹਨ। ਕੁੱਤਿਆਂ ਵਲੋਂ ਫੈਲਾਈ ਗੰਦਗੀ ਸਵੱਛਤਾ ਮੁਹਿੰਮ ਨੂੰ ਵੀ ਗ੍ਰਹਿਣ ਲਗਾ ਰਹੀ ਹੈ। ਜਦੋਂਕਿ ਕੁੱਤਿਆਂ ਦੇ ਵੱਢਣ ਦੇ ਮਾਮਲੇ ਵੀ ਵੱਡੀ ਗਿਣਤੀ ਵਿਚ ਸਾਹਮਣੇ ਆ ਰਹੇ ਹਨ। ਉੱਚ ਅਦਾਲਤ ਦੇ ਸਖ਼ਤ ਆਦੇਸ਼ਾਂ ਦੇ ਬਾਵਜੂਦ ਆਵਾਰਾ ਕੁੱਤਿਆਂ ਦਾ ਹੱਲ ਨਾ ਨਿਕਲਣ ਕਰਕੇ ਲੋਕ ਪ੍ਰੇਸ਼ਾਨੀ ਵਿਚ ਇਸ ਸਬੰਧੀ ਵੱਖ-ਵੱਖ ਸਮਾਜ ਸੇਵੀ ਸ਼ਖਸੀਅਤਾਂ ਨੇ ਵਿਚਾਰ ਪ੍ਰਗਟ ਕੀਤੇ ਹਨ।
----
: ਦੋ ਪਹੀਆ ਵਾਹਨ ਚਾਲਕਾਂ ਲਈ ਹਾਦਸਿਆਂ ਦਾ ਕਾਰਨ ਬਣਦੇ ਕੁੱਤੇ : ਐਡਵੋਕੇਟ ਅਰੋੜਾ
ਐਡਵੋਕੇਟ ਰਾਕੇਸ਼ ਰਮਨ ਅਰੋੜਾ ਨੇ ਕਿਹਾ ਕਿ ਸ਼ਹਿਰ ਦੀਆਂ ਗਲੀਆਂ ਅਤੇ ਬਾਜ਼ਾਰਾਂ ਵਿਚ ਅਵਾਰਾ ਕੁੱਤਿਆਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ। ਕੁੱਤਿਆਂ ਦੀਆਂ ਟੋਲੀਆਂ ਕਾਰਨ ਰਾਹਗੀਰਾਂ ਅਤੇ ਦੁਕਾਨਦਾਰਾਂ ਵਿਚ ਡਰ ਦਾ ਮਾਹੌਲ ਬਣਿਆ ਰਹਿੰਦਾ ਹੈ। ਖਾਸ ਕਰਕੇ ਦੋਪਹੀਆ ਵਾਹਨ ਚਾਲਕਾਂ ਦੇ ਪਿੱਛੇ ਕੁੱਤਿਆਂ ਦੇ ਦੌੜਨ ਕਾਰਨ ਹਾਦਸਿਆਂ ਦਾ ਖ਼ਤਰਾ ਬਣਿਆ ਰਹਿੰਦਾ ਹੈ। ਕਈ ਵਾਰ ਕੁੱਤੇ ਬੱਚਿਆਂ ਅਤੇ ਬਜ਼ੁਰਗਾਂ ਲਈ ਵੀ ਖ਼ਤਰਾ ਬਣ ਜਾਂਦੇ ਹਨ। ਪ੍ਰਸ਼ਾਸਨ ਨੂੰ ਇਸ ਸਮੱਸਿਆ ਨੂੰ ਗੰਭੀਰਤਾ ਨਾਲ ਲੈ ਕੇ ਠੋਸ ਕਦਮ ਚੁੱਕਣੇ ਚਾਹੀਦੇ ਹਨ। ਲੋਕਾਂ ਦੀ ਸੁਰੱਖਿਆ ਲਈ ਅਵਾਰਾ ਕੁੱਤਿਆਂ ਦੀ ਸਮੱਸਿਆ ਦਾ ਸਥਾਈ ਹੱਲ ਜ਼ਰੂਰੀ ਹੈ।
------
ਸਵੱਛਤਾ ਮੁਹਿੰਮ ਲਈ ਵੀ ਚੁਣੌਤੀ ਬਣੇ ਅਵਾਰਾ ਕੁੱਤੇ- ਡਾ. ਲੋਹੁਕਾ
ਸਮਾਜ ਚਿੰਤਕ ਡਾ. ਸੁਖਦੇਵ ਸਿੰਘ ਲੋਹੁਕਾ ਨੇ ਕਿਹਾ ਕਿ ਅਵਾਰਾ ਕੁੱਤਿਆਂ ਦੀ ਵਧਦੀ ਗਿਣਤੀ ਸ਼ਹਿਰ ਦੀ ਸੁੰਦਰਤਾ ਅਤੇ ਸਫ਼ਾਈ ਪ੍ਰਬੰਧ ਲਈ ਵੀ ਚੁਣੌਤੀ ਬਣ ਰਹੀ ਹੈ। ਸੜਕਾਂ ਅਤੇ ਗਲੀਆਂ ਵਿਚ ਘੁੰਮਦੇ ਕੁੱਤੇ ਜਿੱਥੇ ਥਾਂ-ਥਾਂ ਮਲ ਤਿਆਗ ਕੇ ਗੰਦਗੀ ਫੈਲਾਅ ਰਹੇ ਹਨ। ਉਥੇ ਹੀ ਇਹ ਆਵਾਰਾ ਕੁੱਤੇ ਅਕਸਰ ਕੂੜੇ ਦੇ ਡੇਰਾਂ ਨੂੰ ਵੀ ਖਿਲਾਰ ਦਿੰਦੇ ਹਨ। ਇਸ ਨਾਲ ਗੰਦਗੀ ਫੈਲਣ ਦੇ ਨਾਲ ਬਿਮਾਰੀਆਂ ਦਾ ਖ਼ਤਰਾ ਵੀ ਵਧਦਾ ਹੈ। ਸਬੰਧਤ ਵਿਭਾਗ ਨੂੰ ਇਸ ਮਾਮਲੇ ਵਿਚ ਨਿਯਮਾਂ ਅਨੁਸਾਰ ਕਾਰਵਾਈ ਕਰਨੀ ਚਾਹੀਦੀ ਹੈ। ਸ਼ਹਿਰ ਨੂੰ ਸਾਫ਼-ਸੁਥਰਾ ਅਤੇ ਸੁਰੱਖਿਅਤ ਬਣਾਉਣ ਲਈ ਲੋਕਾਂ ਨੂੰ ਵੀ ਸਹਿਯੋਗ ਦੇਣਾ ਚਾਹੀਦਾ ਹੈ।
----
ਅਵਾਰਾ ਕੁੱਤਿਆਂ ਦਾ ਮੁੱਦਾ ਜਨਤਕ ਸੁਰੱਖਿਆ ਦਾ ਮਾਮਲਾ- ਕੰਡਿਆਂ ਵਾਲੇ
ਸਮਾਜ ਸੇਵੀ ਹੀਰਾ ਸਿੰਘ ਕੰਡਿਆਂ ਵਾਲੇ ਨੇ ਕਿਹਾ ਕਿ ਅਵਾਰਾ ਕੁੱਤਿਆਂ ਦਾ ਮੁੱਦਾ ਹੁਣ ਆਮ ਸਮੱਸਿਆ ਨਹੀਂ ਰਿਹਾ, ਸਗੋਂ ਗੰਭੀਰ ਜਨਤਕ ਸੁਰੱਖਿਆ ਦਾ ਮਾਮਲਾ ਬਣ ਗਿਆ ਹੈ। ਸਵੇਰੇ ਅਤੇ ਸ਼ਾਮ ਸਮੇਂ ਸੜਕਾਂ ’ਤੇ ਕੁੱਤਿਆਂ ਦੀਆਂ ਟੋਲੀਆਂ ਆਮ ਦੇਖਣ ਨੂੰ ਮਿਲਦੀਆਂ ਹਨ। ਇਨ੍ਹਾਂ ਕਾਰਨ ਸਕੂਲ ਜਾਣ ਵਾਲੇ ਬੱਚਿਆਂ ਅਤੇ ਸੈਰ ਕਰਨ ਵਾਲੇ ਲੋਕਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਵਾਹਨ ਚਾਲਕਾਂ ਦੇ ਅਚਾਨਕ ਸਾਹਮਣੇ ਆਉਣ ਵਾਲੇ ਕੁੱਤਿਆਂ ਕਾਰਨ ਹਾਦਸਿਆਂ ਦਾ ਖ਼ਤਰਾ ਬਣਿਆ ਰਹਿੰਦਾ ਹੈ। ਪ੍ਰਸ਼ਾਸਨ ਨੂੰ ਮਾਹਿਰਾਂ ਦੀ ਸਲਾਹ ਨਾਲ ਮਨੁੱਖੀ ਅਤੇ ਵਿਗਿਆਨਕ ਢੰਗ ਨਾਲ ਇਸ ਸਮੱਸਿਆ ਦਾ ਹੱਲ ਕਰਨਾ ਚਾਹੀਦਾ ਹੈ। ਇਸ ਲਈ ਲੰਬੇ ਸਮੇਂ ਦੀ ਯੋਜਨਾ ਤਿਆਰ ਕਰਕੇ ਉਸ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕੀਤਾ ਜਾਵੇ।
------
ਸੜਕਾਂ ’ਤੇ ਕੁੱਤਿਆਂ ਦੀ ਮੌਜੂਦਗੀ, ਆਵਾਜਾਈ ਲਈ ਖ਼ਤਰਾ : ਤੱਖੂਚੱਕ
ਸਮਾਜ ਸੇਵੀ ਹਰਪਾਲ ਸਿੰਘ ਤੱਖੂਚੱਕ ਨੇ ਕਿਹਾ ਕਿ ਸ਼ਹਿਰ ਵਿਚ ਸਵੱਛਤਾ ਮੁਹਿੰਮ ਨੂੰ ਸਫ਼ਲ ਬਣਾਉਣ ਲਈ ਆਵਾਰਾ ਕੁੱਤਿਆਂ ਦੀ ਸਮੱਸਿਆ ਵੱਲ ਧਿਆਨ ਦੇਣਾ ਬਹੁਤ ਜ਼ਰੂਰੀ ਹੈ। ਕੂੜੇ ਦੇ ਢੇਰਾਂ ਦੇ ਆਲੇ-ਦੁਆਲੇ ਕੁੱਤਿਆਂ ਦੀਆਂ ਭੀੜਾਂ ਲੱਗੀਆਂ ਰਹਿੰਦੀਆਂ ਹਨ। ਜਦੋਂਕਿ ਮਾਸ ਮੱਛੀ ਦੀਆਂ ਦੁਕਾਨਾਂ ਕੋਲ ਵੀ ਵੱਡੀ ਗਿਣਤੀ ਕੁੱਤੇ ਇਕੱਤਰ ਹੋ ਜਾਂਦੇ ਹਨ। ਕੁੱਤਿਆਂ ਵੱਲੋਂ ਕੂੜਾ ਖਿਲਾਰਨ ਕਾਰਨ ਸਫ਼ਾਈ ਕਰਮਚਾਰੀਆਂ ਦੀ ਮਿਹਨਤ ਵੀ ਪ੍ਰਭਾਵਿਤ ਹੁੰਦੀ ਹੈ। ਇਸ ਤੋਂ ਇਲਾਵਾ ਸੜਕਾਂ ’ਤੇ ਕੁੱਤਿਆਂ ਦੀ ਮੌਜੂਦਗੀ ਆਵਾਜਾਈ ਲਈ ਵੀ ਖ਼ਤਰਾ ਪੈਦਾ ਕਰਦੀ ਹੈ। ਸਬੰਧਤ ਵਿਭਾਗ ਨੂੰ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਦਾ ਸਰਵੇ ਕਰਕੇ ਪ੍ਰਭਾਵਸ਼ਾਲੀ ਯੋਜਨਾ ਬਣਾਉਣੀ ਚਾਹੀਦੀ ਹੈ। ਲੋਕਾਂ ਦੀ ਸਿਹਤ ਅਤੇ ਸੁਰੱਖਿਆ ਨੂੰ ਪਹਿਲ ਦੇ ਆਧਾਰ ’ਤੇ ਰੱਖ ਕੇ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ।
-----
ਧਾਰਮਿਕ ਸਥਾਨਾਂ ’ਤੇ ਜਾਣ ਵਾਲੇ ਲੋਕ ਵੀ ਹੁੰਦੇ ਪ੍ਰੇਸ਼ਾਨ- ਸੁੱਚਾ ਸਿੰਘ
ਸਮਾਜ ਸੇਵੀ ਸੁੱਚਾ ਸਿੰਘ ਕੱਕਾ ਕੰਡਿਆਲਾ ਨੇ ਕਿਹਾ ਕਿ ਆਵਾਰਾ ਕੁੱਤਿਆਂ ਦੀ ਸਮੱਸਿਆ ਨੂੰ ਲੈ ਕੇ ਲੋਕਾਂ ਵਿਚ ਚਿੰਤਾ ਵਧ ਰਹੀ ਹੈ ਅਤੇ ਇਸ ਦਾ ਤੁਰੰਤ ਹੱਲ ਲੱਭਣ ਦੀ ਲੋੜ ਹੈ। ਕਈ ਇਲਾਕਿਆਂ ਵਿਚ ਰਾਤ ਸਮੇਂ ਕੁੱਤਿਆਂ ਦੇ ਝੁੰਡ ਲੋਕਾਂ ਲਈ ਪਰੇਸ਼ਾਨੀ ਦਾ ਕਾਰਨ ਬਣਦੇ ਹਨ। ਦਿਨ ਵੇਲੇ ਵੀ ਬਾਜ਼ਾਰਾਂ ਅਤੇ ਰਿਹਾਇਸ਼ੀ ਇਲਾਕਿਆਂ ਵਿਚ ਇਨ੍ਹਾਂ ਦੀ ਵੱਡੀ ਗਿਣਤੀ ਦੇਖਣ ਨੂੰ ਮਿਲਦੀ ਹੈ। ਤੜਕਸਾਰ ਧਾਰਮਿਕ ਸਥਾਨਾਂ ’ਤੇ ਜਾਣ ਵਾਲੇ ਲੋਕਾਂ ਲਈ ਵੀ ਇਹ ਕੁੱਤੇ ਖਤਰਾ ਬਣੇ ਰਹਿੰਦੇ ਹਨ। ਪ੍ਰਸ਼ਾਸਨ ਨੂੰ ਪਸ਼ੂ ਭਲਾਈ ਸੰਸਥਾਵਾਂ ਨਾਲ ਤਾਲਮੇਲ ਕਰਕੇ ਇਸ ਸਮੱਸਿਆ ਦੇ ਹੱਲ ਦਾ ਪ੍ਰਬੰਧ ਕਰਨਾ ਚਾਹੀਦਾ ਹੈ। ਇਸ ਦੇ ਨਾਲ ਹੀ ਲੋਕਾਂ ਨੂੰ ਵੀ ਖੁੱਲ੍ਹੇ ਵਿਚ ਕੂੜਾ ਸੁੱਟਣ ਤੋਂ ਗੁਰੇਜ਼ ਕਰਕੇ ਪ੍ਰਸ਼ਾਸਨ ਦਾ ਸਾਥ ਦੇਣਾ ਚਾਹੀਦਾ ਹੈ।