ਪਿੰਡ ਜਗਤਪੁਰ ’ਚ ਨਸ਼ਾ ਵਿਕਣ ਦੀ ਵੀਡੀਓ ਵਾਇਰਲ, ਪੁਲਿਸ ਪ੍ਰਸ਼ਾਸਨ ’ਤੇ ਉੱਠੇ ਸਵਾਲ ਪਿੰਡ ਜਗਤਪੁਰ ’ਚ ਨਸ਼ਾ ਵਿਕਣ ਦੀ ਵੀਡੀਓ ਵਾਇਰਲ, ਪੁਲਿਸ ਪ੍ਰਸ਼ਾਸਨ ’ਤੇ ਉੱਠੇ ਸਵਾਲ
Publish Date: Tue, 11 Aug 2026 07:14 PM (IST)
Updated Date: Wed, 12 Aug 2026 04:03 AM (IST)
ਤੇਜਿੰਦਰ ਸਿੰਘ ਬੱਬੂ•, ਪੰਜਾਬੀ ਜਾਗਰਣ, ਝਬਾਲ : ਪਿੰਡ ਜਗਤਪੁਰ ਵਿਚ ਕਥਿਤ ਤੌਰ ’ਤੇ ਨਸ਼ਾ ਵਿਕਣ ਸਬੰਧੀ ਇਕ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋਣ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਅਤੇ ਸਰਕਾਰ ਵੱਲੋਂ ਨਸ਼ਾ ਮੁਕਤ ਪੰਜਾਬ ਸਬੰਧੀ ਕੀਤੇ ਜਾ ਰਹੇ ਦਾਅਵਿਆਂ ’ਤੇ ਸਵਾਲ ਖੜ੍ਹੇ ਹੋ ਰਹੇ ਹਨ। ਵਾਇਰਲ ਵੀਡੀਓ ਵਿਚ ਕੁਝ ਵਿਅਕਤੀਆਂ ਨੂੰ ਪਿੰਡ ਵਾਸੀਆਂ ਵੱਲੋਂ ਕਾਬੂ ਕਰਕੇ ਉਨ੍ਹਾਂ ਕੋਲੋਂ ਕਥਿਤ ਤੌਰ ’ਤੇ ਨਸ਼ੀਲੇ ਪਦਾਰਥ ਬਰਾਮਦ ਕਰਨ ਦਾ ਦਾਅਵਾ ਕੀਤਾ ਜਾ ਰਿਹਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਢੰਡ ਦੇ ਕੁਝ ਵਿਅਕਤੀਆਂ ਨੇ ਸ਼ੱਕ ਦੇ ਆਧਾਰ ’ਤੇ ਕੁਝ ਨੌਜਵਾਨਾਂ ਨੂੰ ਕਾਬੂ ਕੀਤਾ। ਤਲਾਸ਼ੀ ਦੌਰਾਨ ਉਨ੍ਹਾਂ ਕੋਲੋਂ ਕਥਿਤ ਤੌਰ ’ਤੇ ਨਸ਼ੇ ਦੀਆਂ ਪੁੜੀਆਂ ਮਿਲਣ ਦੀ ਗੱਲ ਆਖੀ ਜਾ ਰਹੀ ਹੈ। ਇਸ ਦੌਰਾਨ ਲੋਕਾਂ ਵੱਲੋਂ ਉਨ੍ਹਾਂ ਦੀ ਵੀਡੀਓ ਬਣਾਈ ਗਈ। ਵੀਡੀਓ ਵਿਚ ਕਾਬੂ ਕੀਤੇ ਵਿਅਕਤੀਆਂ ਵੱਲੋਂ ਦਾਅਵਾ ਕੀਤਾ ਗਿਆ ਕਿ ਵੱਡੀ ਗਿਣਤੀ ਵਿਚ ਲੋਕ ਪਿੰਡ ਜਗਤਪੁਰ ਵਿਖੇ ਨਸ਼ਾ ਖਰੀਦਣ ਲਈ ਆਉਂਦੇ ਹਨ। ਵਾਇਰਲ ਵੀਡੀਓ ਵਿਚ ਕੁਝ ਵਿਅਕਤੀਆਂ ਵੱਲੋਂ ਨਸ਼ਾ ਵਿਰੋਧੀ ਮੁਹਿੰਮ ਦੇ ਪ੍ਰਭਾਵਸ਼ਾਲੀ ਨਾ ਹੋਣ ਦੇ ਦੋਸ਼ ਵੀ ਲਗਾਏ ਗਏ ਹਨ। ਉਨ੍ਹਾਂ ਕਿਹਾ ਕਿ ਜੇਕਰ ਨਸ਼ਾ ਮਿਲਣਾ ਬੰਦ ਹੋ ਜਾਵੇ, ਤਾਂ ਉਹ ਨਸ਼ਾ ਛੱਡਣ ਲਈ ਤਿਆਰ ਹਨ। ਵੀਡੀਓ ਵਿਚ ਪੁਲਿਸ ਦੀ ਕਥਿਤ ਮਿਲੀ ਭੁਗਤ ਦੇ ਦੋਸ਼ ਵੀ ਲਗਾਏ ਗਏ ਹਨ, ਹਾਲਾਂਕਿ ਇਨ੍ਹਾਂ ਦੋਸ਼ਾਂ ਦੀ ਸੁਤੰਤਰ ਤੌਰ ’ਤੇ ਪੁਸ਼ਟੀ ਨਹੀਂ ਹੋ ਸਕੀ। ਇਲਾਕਾ ਵਾਸੀਆਂ ਨੇ ਦੱਸਿਆ ਕਿ ਨਸ਼ੇ ਦੀ ਸਮੱਸਿਆ ਕਾਰਨ ਨੌਜਵਾਨਾਂ ਦਾ ਭਵਿੱਖ ਪ੍ਰਭਾਵਿਤ ਹੋ ਰਿਹਾ ਹੈ। ਉਨ੍ਹਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਨਸ਼ਾ ਵੇਚਣ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ ਅਤੇ ਵਾਇਰਲ ਵੀਡੀਓ ਵਿਚ ਸਾਹਮਣੇ ਆਏ ਮਾਮਲੇ ਦੀ ਨਿਰਪੱਖ ਜਾਂਚ ਕਰਵਾਈ ਜਾਵੇ। -------- ਨਸ਼ਾ ਵੇਚਣ ਵਾਲਿਆਂ ’ਤੇ ਪੁਲਿਸ ਕਰ ਰਹੀ ਹੈ ਕਾਰਵਾਈ- ਡੀਐੱਸਪੀ ਇਸ ਸਬੰਧੀ ਡੀਐੱਸਪੀ ਸਬ ਡਵੀਜ਼ਨ ਤਰਨਤਾਰਨ ਸੁਖਬੀਰ ਸਿੰਘ ਨਾਲ ਗੱਲਬਾਤ ਕੀਤੀ ਗਈ, ਤਾਂ ਉਨ੍ਹਾਂ ਦੱਸਿਆ ਕਿ ਪਿੰਡ ਜਗਤਪੁਰ ਵਿਚ ਨਸ਼ਾ ਵੇਚਣ ਸਬੰਧੀ ਪਹਿਲਾਂ ਵੀ ਕਈ ਸ਼ਿਕਾਇਤਾਂ ਪ੍ਰਾਪਤ ਹੋਈਆਂ ਹਨ ਅਤੇ ਪੁਲਿਸ ਵੱਲੋਂ ਇਨ੍ਹਾਂ ਦੇ ਆਧਾਰ ’ਤੇ ਨਸ਼ਾ ਵੇਚਣ ਵਾਲਿਆਂ ਖ਼ਿਲਾਫ਼ ਮਾਮਲੇ ਦਰਜ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਹੁਣ ਵਾਇਰਲ ਹੋ ਰਹੀ ਵੀਡੀਓ ਦਾ ਵੀ ਪੁਲਿਸ ਵੱਲੋਂ ਨੋਟਿਸ ਲੈਂਦਿਆਂ ਜਾਂਚ ਅਤੇ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਨਸ਼ਾ ਵੇਚਣ ਵਾਲੇ ਕਿਸੇ ਵੀ ਵਿਅਕਤੀ ਨੂੰ ਬਖ਼ਸ਼ਿਆ ਨਹੀਂ ਜਾਵੇਗਾ ਅਤੇ ਕਾਨੂੰਨ ਅਨੁਸਾਰ ਸਖ਼ਤ ਕਾਰਵਾਈ ਕੀਤੀ ਜਾਵੇਗੀ।