ਗੁਰੂ ਅਰਜਨ ਦੇਵ ਖਾਲਸਾ ਕਾਲਜ ’ਚ ਕਰਵਾਇਆ ਵਿਰਾਸਤ ਮੇਲਾ ਗੁਰੂ ਅਰਜਨ ਦੇਵ ਖਾਲਸਾ ਕਾਲਜ 'ਚ ਧੀਆਂ ਨੂੰ ਸਮਰਪਿਤ ਕਰਵਾਇਆ ਵਿਰਾਸਤ ਮੇਲਾ
Publish Date: Tue, 11 Aug 2026 06:56 PM (IST)
Updated Date: Wed, 12 Aug 2026 04:03 AM (IST)
ਪੰਜਾਬੀ ਸੱਭਿਆਚਾਰ, ਲੋਕ ਰਵਾਇਤਾਂ ਅਤੇ ਅਮੀਰ ਵਿਰਸੇ ਦੀਆਂ ਵੱਖ-ਵੱਖ ਝਾਕੀਆਂ ਕੀਤੀਆਂ ਪੇਸ਼ ਰਾਕੇਸ਼ ਨਈਅਰ, •ਪੰਜਾਬੀ ਜਾਗਰਣ, ਚੋਹਲਾ ਸਾਹਿਬ : ਗੁਰੂ ਅਰਜਨ ਦੇਵ ਖਾਲਸਾ ਕਾਲਜ, ਚੋਹਲਾ ਸਾਹਿਬ ਵਿਖੇ ਪ੍ਰਿੰਸੀਪਲ ਡਾ. ਹਰਮਨਦੀਪ ਸਿੰਘ ਦੀ ਅਗਵਾਈ ਹੇਠ ਧੀਆਂ ਨੂੰ ਸਮਰਪਿਤ ਵਿਰਾਸਤ ਮੇਲਾ ਕਰਵਾਇਆ ਗਿਆ। ਮੇਲੇ ਦੌਰਾਨ ਵਿਦਿਆਰਥਣਾਂ ਨੇ ਪੰਜਾਬੀ ਸੱਭਿਆਚਾਰ, ਲੋਕ-ਰਵਾਇਤਾਂ ਅਤੇ ਅਮੀਰ ਵਿਰਸੇ ਦੀਆਂ ਵੱਖ-ਵੱਖ ਝਲਕੀਆਂ ਪੇਸ਼ ਕਰਦਿਆਂ ਆਪਣੀ ਕਲਾ ਅਤੇ ਪ੍ਰਤਿਭਾ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ। ਵਿਰਾਸਤ ਮੇਲੇ ਵਿਚ ਵਿਦਿਆਰਥਣਾਂ ਰਵਾਇਤੀ ਪੰਜਾਬੀ ਪਹਿਰਾਵਿਆਂ ਵਿਚ ਸੱਜ-ਧੱਜ ਕੇ ਪਹੁੰਚੀਆਂ। ਇਸ ਮੌਕੇ ਮਹਿੰਦੀ ਲਗਾਉਣ, ਮਿੱਢੀਆਂ ਗੁੰਦਣ, ਕਿੱਕਲੀ ਪਾਉਣ ਅਤੇ ਪੀਂਘ ਝੂਟਣ ਵਰਗੀਆਂ ਪੰਜਾਬ ਦੀਆਂ ਅਲੋਪ ਹੋ ਰਹੀਆਂ ਲੋਕ-ਰਵਾਇਤਾਂ ਨੂੰ ਬਾਖੂਬੀ ਪ੍ਰਦਰਸ਼ਿਤ ਕੀਤਾ ਗਿਆ। ਵਿਦਿਆਰਥਣਾਂ ਵੱਲੋਂ ਗਿੱਧਾ, ਭੰਗੜਾ ਅਤੇ ਹੋਰ ਲੋਕ ਨਾਚਾਂ ਦੀਆਂ ਮਨਮੋਹਕ ਪੇਸ਼ਕਾਰੀਆਂ ਵੀ ਦਿੱਤੀਆਂ ਗਈਆਂ। ਡਾਂਸ ਮੁਕਾਬਲਿਆਂ ਵਿਚ ਵਿਦਿਆਰਥਣਾਂ ਨੇ ਪੂਰੇ ਉਤਸ਼ਾਹ ਨਾਲ ਭਾਗ ਲੈਂਦਿਆਂ ਆਪਣੀ ਨਾਚ-ਕਲਾ ਅਤੇ ਸੱਭਿਆਚਾਰਕ ਪ੍ਰਤਿਭਾ ਦਾ ਪ੍ਰਗਟਾਵਾ ਕੀਤਾ। ਇਨ੍ਹਾਂ ਪੇਸ਼ਕਾਰੀਆਂ ਨੇ ਮੇਲੇ ਨੂੰ ਪੰਜਾਬੀ ਰੰਗ ਵਿਚ ਰੰਗ ਦਿੱਤਾ। ਮੇਲੇ ਦੌਰਾਨ ‘ਮਿਸ ਪੰਜਾਬਣ’ ਮੁਕਾਬਲਾ ਵੀ ਕਰਵਾਇਆ ਗਿਆ, ਜਿਸ ਵਿਚ ਪੰਜਾਬੀ ਪਹਿਰਾਵੇ ਅਤੇ ਸੱਭਿਆਚਾਰਕ ਵਿਰਸੇ ਦੀ ਝਲਕ ਪੇਸ਼ ਕਰਦੀਆਂ ਵਿਦਿਆਰਥਣਾਂ ਨੇ ਉਤਸ਼ਾਹ ਨਾਲ ਹਿੱਸਾ ਲਿਆ। ਵੱਖ-ਵੱਖ ਸੱਭਿਆਚਾਰਕ ਅਤੇ ਡਾਂਸ ਮੁਕਾਬਲਿਆਂ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੀਆਂ ਵਿਦਿਆਰਥਣਾਂ ਨੂੰ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਕਾਲਜ ਸਟਾਫ ਵੱਲੋਂ ਵਿਦਿਆਰਥਣਾਂ ਨੂੰ ਪੰਜਾਬੀ ਸੱਭਿਆਚਾਰ ਦੇ ਬਾਰੀਕ ਨੁਕਤਿਆਂ, ਰਵਾਇਤੀ ਗਹਿਣਿਆਂ, ਪਹਿਰਾਵਿਆਂ ਅਤੇ ਲੋਕ ਨਾਚਾਂ ਬਾਰੇ ਜਾਣਕਾਰੀ ਦਿੱਤੀ ਗਈ। ਵਿਦਿਆਰਥਣਾਂ ਨੇ ਕਾਲਜ ਕੈਂਪਸ ਵਿਚ ਪੰਜਾਬੀ ਵਿਰਸੇ ਦੀਆਂ ਵੱਖ-ਵੱਖ ਵੰਨਗੀਆਂ ਨੂੰ ਸਾਂਝੇ ਤੌਰ ’ਤੇ ਪ੍ਰਦਰਸ਼ਿਤ ਕਰਕੇ ਆਪਣੀ ਸਿਰਜਣਾਤਮਕਤਾ ਦਾ ਸਬੂਤ ਦਿੱਤਾ। ਵਿਦਿਆਰਥਣਾਂ ਨੂੰ ਸੰਬੋਧਨ ਕਰਦਿਆਂ ਪ੍ਰਿੰਸੀਪਲ ਡਾ. ਹਰਮਨਦੀਪ ਸਿੰਘ ਨੇ ਕਿਹਾ ਕਿ ਆਧੁਨਿਕ ਅਤੇ ਤਕਨੀਕੀ ਯੁੱਗ ਵਿਚ ਤਰੱਕੀ ਕਰਨ ਲਈ ਵਿਦਿਆਰਥਣਾਂ ਨੂੰ ਸਿੱਖਿਆ ਅਤੇ ਮਿਹਨਤ ਦੇ ਨਾਲ-ਨਾਲ ਆਪਣੇ ਵਿਰਸੇ ਅਤੇ ਸੱਭਿਆਚਾਰ ਨਾਲ ਵੀ ਜੁੜੇ ਰਹਿਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਜਿਹੜੀ ਪੀੜ੍ਹੀ ਆਪਣੀਆਂ ਜੜ੍ਹਾਂ ਅਤੇ ਸੱਭਿਆਚਾਰ ਨੂੰ ਸੰਭਾਲ ਕੇ ਰੱਖਦੀ ਹੈ, ਉਹ ਆਪਣੀ ਪਹਿਚਾਣ ਨੂੰ ਕਾਇਮ ਰੱਖਦਿਆਂ ਜੀਵਨ ਦੇ ਹਰ ਖੇਤਰ ਵਿਚ ਸਫ਼ਲਤਾ ਹਾਸਲ ਕਰ ਸਕਦੀ ਹੈ। ‘ਅਰਨ ਵਾਈਲ ਲਰਨ’ ਨੀਤੀ ਤਹਿਤ ਵਿਦਿਆਰਥਣਾਂ ਵੱਲੋਂ ਖਾਣ-ਪੀਣ ਦੀਆਂ ਵੱਖ-ਵੱਖ ਵਸਤਾਂ ਦੇ ਸਟਾਲ ਵੀ ਲਗਾਏ ਗਏ, ਜੋ ਮੇਲੇ ਵਿਚ ਵਿਸ਼ੇਸ਼ ਖਿੱਚ ਦਾ ਕੇਂਦਰ ਰਹੇ। ਅੰਤ ਵਿਚ ਵਿਰਾਸਤ ਮੇਲੇ ਨੂੰ ਸਫ਼ਲ ਬਣਾਉਣ ਲਈ ਸਮੁੱਚੇ ਟੀਚਿੰਗ ਅਤੇ ਨਾਨ-ਟੀਚਿੰਗ ਸਟਾਫ ਵੱਲੋਂ ਨਿਭਾਈ ਗਈ ਅਹਿਮ ਭੂਮਿਕਾ ਲਈ ਵਿਸ਼ੇਸ਼ ਧੰਨਵਾਦ ਕੀਤਾ ਗਿਆ। ਇਹ ਮੇਲਾ ਜਿਥੇ ਵਿਦਿਆਰਥਣਾਂ ਲਈ ਆਪਣੀ ਪ੍ਰਤਿਭਾ ਦਿਖਾਉਣ ਦਾ ਮੰਚ ਬਣਿਆ, ਉਥੇ ਹੀ ਨੌਜਵਾਨ ਪੀੜ੍ਹੀ ਨੂੰ ਪੰਜਾਬੀ ਵਿਰਸੇ ਅਤੇ ਸੱਭਿਆਚਾਰ ਨਾਲ ਜੋੜਨ ਦਾ ਪ੍ਰਭਾਵਸ਼ਾਲੀ ਉਪਰਾਲਾ ਵੀ ਸਾਬਿਤ ਹੋਇਆ।