ਭੁੱਚਰ ਖੁਰਦ ਛੱਪੜ ਦਾ ਓਵਰਫਲੋ ਪਾਣੀ ਸੜਕ ਉੱਪਰ ਲੰਘਣ ਕਾਰਨ ਲੋਕ ਪਰੇਸ਼ਾਨ ਭੁੱਚਰ ਖੁਰਦ ਛੱਪੜ ਦਾ ਓਵਰਫਲੋ ਪਾਣੀ ਸੜਕ ਉੱਪਰ ਲੰਘਣ ਕਾਰਨ ਪਿੰਡਾਂ ਦੇ ਲੋਕਾਂ ਨੂੰ ਆਉਣ ਜਾਣ ਵਿਚ ਹੋ ਰਹੀ ਮੁਸ਼ਕਿਲ
Publish Date: Tue, 11 Aug 2026 05:27 PM (IST)
Updated Date: Wed, 12 Aug 2026 04:02 AM (IST)
ਸਰਬਜੀਤ ਸਿੰਘ ਛੀਨਾ•, ਪੰਜਾਬੀ ਜਾਗਰਣ, ਖਾਲੜਾ : ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਜ਼ੋਨ ਕੋਰ ਕਮੇਟੀ ਦੀ ਮੀਟਿੰਗ ਇਕਾਈ ਪ੍ਰਧਾਨ ਬਲਵਿੰਦਰ ਸਿੰਘ ਭੁੱਚਰ ਦੀ ਅਗਵਾਈ ਹੇਠ ਕੀਤੀ ਗਈ। ਮੀਟਿੰਗ ਤੋਂ ਬਾਅਦ ਪਿੰਡ ਤੇ ਕਿਸਾਨ ਆਗੂਆਂ ਨੇ ਆਪਣੇ ਪਿੰਡ ਛੱਪੜ ਦੇ ਪਾਣੀ ਦੇ ਓਵਰਫਲੋ ਹੋਣ ਦਾ ਮੁੱਦਾ ਚੁੱਕਿਆ। ਜਿਸ ਉੱਤੇ ਕਿਸਾਨ ਆਗੂਆਂ ਨੇ ਮੌਕੇ ’ਤੇ ਜਾ ਕੇ ਜਾਇਜ਼ਾ ਲਿਆ ਅਤੇ ਦੇਖਿਆ ਕਿ ਇਹ ਛੱਪੜ ਪਿੰਡ ਛੀਨਾ ਬਿਧੀ ਚੰਦ, ਮਾਹਣੇ, ਮੱਲੀਆਂ ਤੇ ਅੱਗੇ ਪੈਂਦੇ ਪਿੰਡਾਂ ਨੂੰ ਝਬਾਲ ਜਾਣ ਵਾਲੇ ਰਸਤੇ ਵਿਚ ਪੈਂਦਾ ਹੈ। ਇਨ੍ਹਾਂ ਪਿੰਡਾਂ ਨਾਲ ਇਹ ਸੜਕ ਜੁੜੀ ਹੋਣ ਕਾਰਨ ਸੜਕ ’ਤੇ ਆਵਾਜਾਈ ਬਹੁਤ ਜ਼ਿਆਦਾ ਰਹਿੰਦੀ ਹੈ। ਗੌਰਤਲਬ ਹੈ ਕਿ ਇਸੇ ਰਸਤੇ ਹੀ ਸਕੂਲ ਬੱਸਾਂ ਝਬਾਲ, ਗੱਗੋਬੂਆ ਜਾਂ ਤਰਨਤਾਰਨ ਸਕੂਲਾਂ ਦੇ ਬੱਚਿਆਂ ਨੂੰ ਲੈ ਕੇ ਆਉਦੀਆਂ ਜਾਂਦੀਆਂ ਹਨ। ਇਸ ਮੌਕੇ ਉਨ੍ਹਾਂ ਨੇ ਕਿਹਾ ਕਿ ਇਹ ਛੱਪੜ ਵਿਚ ਬਹੁਤ ਜ਼ਿਆਦਾ ਪਾਣੀ ਹੋਣ ਕਾਰਨ ਸੜਕ ਦੇ ਉੱਪਰੋਂ ਦੀ ਪਾਣੀ ਲੰਘ ਰਿਹਾ ਹੈ। ਇਸ ਸੜਕ ਦਾ ਕੰਢਾ ਖੁਰ ਕੇ ਛੱਪੜ ਨਾਲ ਜਾ ਮਿਲਿਆ ਹੈ। ਜਿਸ ਕਾਰਨ ਰਾਹਗੀਰਾਂ ਨੂੰ ਅਕਸਰ ਇਹ ਸੜਕ ਦਿਖਾਈ ਨਹੀਂ ਦਿੰਦੀ। ਜਿਸ ਦੇ ਕਾਰਨ ਰਾਹਗੀਰਾਂ ਅਤੇ ਸਕੂਲ ਬੱਸਾਂ ਨੂੰ ਰਸਤਾ ਨਾ ਦਿੱਸਣ ਕਾਰਨ ਕਿਸੇ ਵੇਲੇ ਵੀ ਕੋਈ ਵੱਡਾ ਹਾਦਸਾ ਹੋ ਸਕਦਾ ਹੈ ਤੇ ਛੱਪੜ ਦਾ ਪਾਣੀ ਜਿਸ ਖੇਤਾਂ ਵਿਚ ਪੈ ਰਿਹਾ ਹੈ। ਇਹ ਛੱਪੜ ਦੇ ਗੰਦੇ ਪਾਣੀ ਨਾਲ ਪਿੰਡ ਵਿਚ ਕਈ ਤਰ੍ਹਾਂ ਦੀਆਂ ਬਿਮਾਰੀਆਂ ਵੀ ਫੈਲਣ ਦਾ ਖਦਸ਼ਾ ਹੈ। ਇਸ ਮੌਕੇ ਸਕੱਤਰ ਹਰਪ੍ਰੀਤ ਸਿੰਘ ਭੁੱਚਰ ਤੇ ਪਿੰਡ ਨਿਵਾਸੀਆਂ ਨੇ ਦੱਸਿਆ ਕਿ ਇਸ ਛੱਪੜ ਦੇ ਮਸਲੇ ਬਾਰੇ ਸਰਕਾਰ ਦੇ ਨੁਮਾਇੰਦਿਆਂ ਨਾਲ ਕਈ ਵਾਰ ਗੱਲਬਾਤ ਹੋਈ ਹੈ, ਪਰ ਇਸ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ। ਸਰਕਾਰ ਵੱਲੋਂ ਵਿਕਾਸ ਕਰਨ ਦਾ ਬਹੁਤ ਪ੍ਰਚਾਰ ਕੀਤਾ ਜਾ ਰਿਹਾ ਹੈ, ਪਰ ਸਾਡੇ ਨਗਰ ਵੱਲ ਅਜੇ ਤਕ ਕਿਸੇ ਕਿਸਮ ਦਾ ਕੋਈ ਵੀ ਵਿਕਾਸ ਨਹੀਂ ਹੋਇਆ। ਇਸ ਮੌਕੇ ਕਿਸਾਨ ਆਗੂਆਂ ਵੱਲੋਂ ਮੌਜੂਦਾ ਹਲਕਾ ਐੱਮਐੱਲਏ ਨੂੰ ਪ੍ਰੈਸ ਰਾਹੀ ਬੇਨਤੀ ਕੀਤੀ ਜਾਂਦੀ ਹੈ ਕਿ ਇਸ ਛੱਪੜ ਦਾ ਪਾਣੀ ਲਾਗੇ ਪੈਂਦੀ ਡ੍ਰੇਨ ਵਿਚ ਨਿਕਾਸ ਕਰਕੇ ਇਸ ਮਸਲੇ ਨੂੰ ਹੱਲ ਕੀਤਾ ਜਾਵੇ। ਇਸ ਮੌਕੇ ਸੀਨੀਅਰ ਜੋਨ ਆਗੂ ਕਸ਼ਮੀਰ ਸਿੰਘ ਭੁੱਚਰ, ਕੁਲਜੀਤ ਸਿੰਘ ਪ੍ਰੈਸ ਸਕੱਤਰ, ਜਸਵਿੰਦਰ ਸਿੰਘ ਛੀਨਾ, ਹਰਜਿੰਦਰ ਸਿੰਘ, ਮੁਖਤਾਰ ਸਿੰਘ, ਗੁਰਪ੍ਰੀਤ ਸਿੰਘ ਗੋਪਾ, ਮੇਜ਼ਰ ਸਿੰਘ, ਪਰਮਿੰਦਰ ਸਿੰਘ, ਗੁਰਜੀਤ ਸਿੰਘ, ਲਖਵਿੰਦਰ ਸਿੰਘ ਤੇ ਹੋਰ ਵੱਡੀ ਗਿਣਤੀ ਵਿਚ ਕਿਸਾਨ ਮਜ਼ਦੂਰ ਆਗੂ ਹਾਜ਼ਰ ਸਨ।