ਪੱਟੀ ਹਲਕੇ ਦੀ ਸਿਆਸਤ ਦਾ ਕੇਂਦਰ ਬਣਿਆ ਸਭਰਾ, ਸਾਰੀਆਂ ਪਾਰਟੀਆਂ ਦੀਆਂ ਨਜ਼ਰਾਂ ਵੱਡੇ ਪਿੰਡ ’ਤੇ ਪੱਟੀ ਹਲਕੇ ਦੀ ਸਿਆਸਤ ਦਾ ਕੇਂਦਰ ਬਣਿਆ ਸਭਰਾ, ਸਾਰੀਆਂ ਪਾਰਟੀਆਂ ਦੀਆਂ ਨਜ਼ਰਾਂ ਵੱਡੇ ਪਿੰਡ ’ਤੇ
Publish Date: Tue, 11 Aug 2026 04:33 PM (IST)
Updated Date: Wed, 12 Aug 2026 04:02 AM (IST)
ਸਭਰਾ ਤੋਂ ਵੱਜਾ ਚੋਣਾਂ ਦਾ ਬਿਗਲ, ਗਿੱਲ ਨੇ ਲਾਇਆ ਪੱਕਾ ਡੇਰਾ, ਕੈਰੋਂ ਨੇ ਵੀ ਆਰੰਭੀ ਵਾਪਸੀ ਦੀ ਸਰਗਰਮੀ ਕੇਪੀ ਗਿੱਲ•, ਪੰਜਾਬੀ ਜਾਗਰਣ, ਕੈਰੋਂ : ਵਿਧਾਨ ਸਭਾ ਹਲਕਾ ਪੱਟੀ ਦੀ ਸਿਆਸਤ ਵਿਚ ਹਲਕੇ ਦੇ ਸਭ ਤੋਂ ਵੱਡੇ ਪਿੰਡਾਂ ਵਿੱਚੋਂ ਇਕ ਸਭਰਾ ਇਸ ਸਮੇਂ ਸਿਆਸੀ ਗਤੀਵਿਧੀਆਂ ਦਾ ਕੇਂਦਰ ਬਣਦਾ ਨਜ਼ਰ ਆ ਰਿਹਾ ਹੈ। ਅਗਾਮੀ ਵਿਧਾਨ ਸਭਾ ਚੋਣਾਂ ਵਿਚ ਅਜੇ ਸਮਾਂ ਬਾਕੀ ਹੋਣ ਦੇ ਬਾਵਜੂਦ ਪਿੰਡ ਵਿਚ ਵੱਖ-ਵੱਖ ਸਿਆਸੀ ਧਿਰਾਂ ਦੀ ਵਧ ਰਹੀ ਸਰਗਰਮੀ ਨੇ ਸਿਆਸੀ ਚਰਚਾ ਨੂੰ ਤੇਜ਼ ਕਰ ਦਿੱਤਾ ਹੈ। ਹਾਲਾਤ ਇਹ ਬਣ ਗਏ ਹਨ ਕਿ ਕਿਤੇ ਨਾ ਕਿਤੇ ਅਗਾਮੀ ਚੋਣਾਂ ਦਾ ਬਿਗਲ ਸਭਰਾ ਤੋਂ ਵੱਜਦਾ ਹੋਇਆ ਦਿਖਾਈ ਦੇ ਰਿਹਾ ਹੈ। ਕਰੀਬ 2500 ਪਰਿਵਾਰਾਂ ਦੀ ਆਬਾਦੀ ਵਾਲਾ ਸਭਰਾ ਪੱਟੀ ਹਲਕੇ ਦੀ ਸਿਆਸਤ ਵਿਚ ਹਮੇਸ਼ਾ ਅਹਿਮ ਸਥਾਨ ਰੱਖਦਾ ਆਇਆ ਹੈ। ਪਿੰਡ ਦੀ ਵੱਡੀ ਵੋਟਰ ਤਾਕਤ ਅਤੇ ਇਲਾਕੇ ਵਿਚ ਇਸ ਦੇ ਪ੍ਰਭਾਵ ਨੂੰ ਦੇਖਦਿਆਂ ਹਰ ਸਿਆਸੀ ਪਾਰਟੀ ਲਈ ਸਭਰਾ ਨੂੰ ਆਪਣੇ ਪੱਖ ਵਿਚ ਕਰਨਾ ਚੋਣੀ ਰਣਨੀਤੀ ਦਾ ਅਹਿਮ ਹਿੱਸਾ ਬਣ ਸਕਦਾ ਹੈ। ਇਸੇ ਕਾਰਨ ਹੁਣ ਜਦੋਂ ਵੱਖ-ਵੱਖ ਧਿਰਾਂ ਨੇ ਪਿੰਡ ਵਿਚ ਆਪਣੀ ਸਰਗਰਮੀ ਵਧਾਈ ਹੈ, ਤਾਂ ਇਸ ਨੂੰ ਆਉਣ ਵਾਲੇ ਸਿਆਸੀ ਮੁਕਾਬਲੇ ਦੀ ਸ਼ੁਰੂਆਤੀ ਝਲਕ ਵਜੋਂ ਦੇਖਿਆ ਜਾ ਰਿਹਾ ਹੈ। -------- ਹਰਮਿੰਦਰ ਸਿੰਘ ਗਿੱਲ ਨੇ ਸਭਰਾ ’ਚ ਲਾਇਆ ਡੇਰਾ ਕਾਂਗਰਸ ਪਾਰਟੀ ਵੱਲੋਂ ਸਾਬਕਾ ਵਿਧਾਇਕ ਹਰਮਿੰਦਰ ਸਿੰਘ ਗਿੱਲ ਨੇ ਸਭਰਾ ਵਿਚ ਆਪਣੀ ਸਰਗਰਮੀ ਤੇਜ਼ ਕਰ ਦਿੱਤੀ ਹੈ। ਪਿਛਲੇ ਕੁਝ ਦਿਨਾਂ ਤੋਂ ਉਹ ਪਿੰਡ ਵਿਚ ਲਗਾਤਾਰ ਵੱਖ-ਵੱਖ ਪ੍ਰੋਗਰਾਮਾਂ ਵਿਚ ਸ਼ਾਮਿਲ ਹੋ ਰਹੇ ਹਨ। ਪਾਰਟੀ ਨਾਲ ਜੁੜੇ ਸੂਤਰਾਂ ਅਨੁਸਾਰ ਪੰਜ ਦਿਨਾਂ ਦੌਰਾਨ ਕਰਵਾਏ ਗਏ ਵੱਖ-ਵੱਖ ਪ੍ਰੋਗਰਾਮਾਂ ਵਿਚ ਕਰੀਬ 500 ਪਰਿਵਾਰਾਂ ਦੇ ਸ਼ਾਮਿਲ ਹੋਣ ਦਾ ਦਾਅਵਾ ਕੀਤਾ ਜਾ ਰਿਹਾ ਹੈ। ਇਨ੍ਹਾਂ ਪ੍ਰੋਗਰਾਮਾਂ ਵਿਚ ਪਿੰਡ ਅਤੇ ਇਲਾਕੇ ਨਾਲ ਸਬੰਧਤ ਕਈ ਜਾਣੇ-ਪਛਾਣੇ ਸਿਆਸੀ ਚਿਹਰਿਆਂ ਦੀ ਸ਼ਮੂਲੀਅਤ ਵੀ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਗਿੱਲ ਦੀ ਲਗਾਤਾਰ ਪਿੰਡ ਵਿਚ ਮੌਜੂਦਗੀ ਨੂੰ ਦੇਖਦਿਆਂ ਸਿਆਸੀ ਹਲਕਿਆਂ ਵਿਚ ਇਸ ਨੂੰ ਕਾਂਗਰਸ ਵੱਲੋਂ ਸਭਰਾ ਵਿਚ ਆਪਣਾ ਆਧਾਰ ਹੋਰ ਮਜ਼ਬੂਤ ਕਰਨ ਦੀ ਕੋਸ਼ਿਸ਼ ਵਜੋਂ ਦੇਖਿਆ ਜਾ ਰਿਹਾ ਹੈ। ------- ਲੰਮੀ ਦੂਰੀ ਤੋਂ ਬਾਅਦ ਕੈਰੋਂ ਵੀ ਪੁੱਜੇ ਸਭਰਾ ਦੂਜੇ ਪਾਸੇ ਲੰਮੇ ਸਮੇਂ ਤੋਂ ਸਿਆਸੀ ਤੌਰ ’ਤੇ ਮੁਕਾਬਲਤਨ ਚੁੱਪ ਨਜ਼ਰ ਆ ਰਹੇ ਆਦੇਸ਼ ਪ੍ਰਤਾਪ ਸਿੰਘ ਕੈਰੋਂ ਨੇ ਵੀ ਸਭਰਾ ਵਿਚ ਇਕੱਠ ਕਰਕੇ ਆਪਣੀ ਸਿਆਸੀ ਸਰਗਰਮੀ ਦਾ ਸੰਕੇਤ ਦਿੱਤਾ ਹੈ। ਕੈਰੋਂ ਪਰਿਵਾਰ ਦਾ ਪੱਟੀ ਹਲਕੇ ਦੀ ਸਿਆਸਤ ਵਿਚ ਲੰਮਾ ਅਤੇ ਪ੍ਰਭਾਵਸ਼ਾਲੀ ਸਿਆਸੀ ਪਿਛੋਕੜ ਰਿਹਾ ਹੈ। ਇਸ ਲਈ ਉਨ੍ਹਾਂ ਵੱਲੋਂ ਸਭਰਾ ਵਿਚ ਇਕੱਠ ਕਰਨਾ ਸਥਾਨਕ ਸਿਆਸਤ ਵਿਚ ਖਾਸ ਚਰਚਾ ਦਾ ਕਾਰਨ ਬਣਿਆ ਹੈ। ਕੈਰੋਂ ਦੀ ਇਸ ਸਰਗਰਮੀ ਨੂੰ ਵੀ ਆਉਣ ਵਾਲੀਆਂ ਚੋਣਾਂ ਲਈ ਆਪਣਾ ਸਿਆਸੀ ਆਧਾਰ ਮੁੜ ਮਜ਼ਬੂਤ ਕਰਨ ਦੀ ਕਵਾਇਦ ਵਜੋਂ ਦੇਖਿਆ ਜਾ ਰਿਹਾ ਹੈ। ਖਾਸ ਗੱਲ ਇਹ ਹੈ ਕਿ ਜਿਥੇ ਇੱਕ ਪਾਸੇ ਕਾਂਗਰਸ ਨੇ ਸਭਰਾ ਵਿਚ ਲਗਾਤਾਰ ਪ੍ਰੋਗਰਾਮਾਂ ਰਾਹੀਂ ਆਪਣੀ ਮੌਜੂਦਗੀ ਦਰਜ ਕਰਵਾਈ ਹੈ, ਉਥੇ ਕੈਰੋਂ ਵੱਲੋਂ ਵੀ ਇਸੇ ਪਿੰਡ ਨੂੰ ਆਪਣੀ ਸਰਗਰਮੀ ਲਈ ਚੁਣਿਆ ਜਾਣਾ ਸਿਆਸੀ ਮਹੱਤਤਾ ਰੱਖਦਾ ਹੈ। -------- ਸੱਤਾ ਧਿਰ ‘ਆਪ’ ਵੀ ਪਿੱਛੇ ਨਹੀਂ ਸੱਤਾ ਧਿਰ ਆਮ ਆਦਮੀ ਪਾਰਟੀ ਨੇ ਵੀ ਪੱਟੀ ਹਲਕੇ ਵਿਚ ਨਵੇਂ ਹਲਕਾ ਇੰਚਾਰਜ ਪਹਿਲਵਾਨ ਜਸਕੰਵਰ ਸਿੰਘ ਜੱਸਾ ਪੱਟੀ ਦੀ ਅਗਵਾਈ ਹੇਠ ਆਪਣੀਆਂ ਸਰਗਰਮੀਆਂ ਤੇਜ਼ ਕਰ ਦਿੱਤੀਆਂ ਹਨ। ਹਲਕਾ ਇੰਚਾਰਜ ਬਣਨ ਤੋਂ ਬਾਅਦ ਜੱਸਾ ਪੱਟੀ ਵੱਲੋਂ ਪਿੰਡਾਂ ਵਿਚ ਵਰਕਰਾਂ, ਪੰਚਾਂ-ਸਰਪੰਚਾਂ ਅਤੇ ਮੋਹਤਬਰਾਂ ਨਾਲ ਮੀਟਿੰਗਾਂ ਦਾ ਦੌਰ ਸ਼ੁਰੂ ਕੀਤਾ ਗਿਆ ਹੈ। ਸਿਆਸੀ ਸੂਤਰਾਂ ਮੁਤਾਬਿਕ ਆਮ ਆਦਮੀ ਪਾਰਟੀ ਵੱਲੋਂ ਵੀ ਆਉਣ ਵਾਲੇ ਦਿਨਾਂ ਵਿਚ ਸਭਰਾ ’ਚ ਵੱਡਾ ਇਕੱਠ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ। ਜੇਕਰ ਇਹ ਇਕੱਠ ਹੁੰਦਾ ਹੈ, ਤਾਂ ਸਭਰਾ ਵਿਚ ਤਿੰਨਾਂ ਪ੍ਰਮੁੱਖ ਸਿਆਸੀ ਧਿਰਾਂ ਦੀ ਸਰਗਰਮੀ ਹੋਰ ਸਪੱਸ਼ਟ ਹੋ ਜਾਵੇਗੀ ਅਤੇ ਪਿੰਡ ਦੀ ਸਿਆਸੀ ਤਸਵੀਰ ਵੀ ਕਾਫ਼ੀ ਹੱਦ ਤਕ ਸਾਹਮਣੇ ਆ ਸਕਦੀ ਹੈ। ---------- ਸਭਰਾ ’ਤੇ ਕਿਉਂ ਟਿਕੀਆਂ ਸਿਆਸੀ ਨਜ਼ਰਾਂ ? ਪੱਟੀ ਹਲਕੇ ਦੀ ਚੋਣੀ ਸਿਆਸਤ ਵਿਚ ਸਭਰਾ ਦੀ ਅਹਿਮੀਅਤ ਨੂੰ ਸਿਰਫ਼ ਪਿੰਡ ਦੀ ਆਬਾਦੀ ਤਕ ਸੀਮਤ ਨਹੀਂ ਕੀਤਾ ਜਾ ਸਕਦਾ। ਪਿੰਡ ਦਾ ਵੱਡਾ ਸਮਾਜਿਕ ਅਤੇ ਸਿਆਸੀ ਪ੍ਰਭਾਵ ਹੈ ਅਤੇ ਇੱਥੋਂ ਦੇ ਵੋਟਰਾਂ ਦਾ ਰੁਝਾਨ ਕਈ ਵਾਰ ਹਲਕੇ ਦੀ ਸਮੁੱਚੀ ਸਿਆਸੀ ਤਸਵੀਰ ’ਤੇ ਵੀ ਅਸਰ ਪਾ ਸਕਦਾ ਹੈ। ਇਸੇ ਕਰਕੇ ਚੋਣਾਂ ਤੋਂ ਕਾਫ਼ੀ ਪਹਿਲਾਂ ਹੀ ਸਿਆਸੀ ਆਗੂਆਂ ਵੱਲੋਂ ਇਥੇ ਸਰਗਰਮੀ ਸ਼ੁਰੂ ਕਰਨਾ ਆਉਣ ਵਾਲੇ ਮੁਕਾਬਲੇ ਦੀ ਤਿਆਰੀ ਵਜੋਂ ਦੇਖਿਆ ਜਾ ਰਿਹਾ ਹੈ। ਇਕ ਪਾਸੇ ਕਾਂਗਰਸ ਵੱਲੋਂ ਹਰਮਿੰਦਰ ਸਿੰਘ ਗਿੱਲ ਦੀ ਲਗਾਤਾਰ ਮੌਜੂਦਗੀ, ਦੂਜੇ ਪਾਸੇ ਕੈਰੋਂ ਦੀ ਮੁੜ ਸਰਗਰਮੀ ਅਤੇ ਤੀਜੇ ਪਾਸੇ ਸੱਤਾ ਧਿਰ ‘ਆਪ’ ਦੇ ਨਵੇਂ ਹਲਕਾ ਇੰਚਾਰਜ ਜੱਸਾ ਪੱਟੀ ਵੱਲੋਂ ਸਭਰਾ ਵਿਚ ਵੱਡੇ ਪ੍ਰੋਗਰਾਮ ਦੀ ਤਿਆਰੀ, ਇਹ ਤਿੰਨੇ ਘਟਨਾਕ੍ਰਮ ਪੱਟੀ ਦੀ ਸਿਆਸਤ ਵਿਚ ਨਵੀਆਂ ਗਿਣਤੀਆਂ-ਮਿਣਤੀਆਂ ਨੂੰ ਜਨਮ ਦੇ ਰਹੇ ਹਨ। ------- ਕੀ ਹੁਣ ਸਭਰਾ ਬਣੇਗਾ ਸਿਆਸੀ ਤਾਕਤ ਦਾ ਮੈਦਾਨ ? ਜਿਵੇਂ-ਜਿਵੇਂ ਅਗਾਮੀ ਵਿਧਾਨ ਸਭਾ ਚੋਣਾਂ ਦਾ ਸਮਾਂ ਨੇੜੇ ਆਵੇਗਾ, ਸਭਰਾ ਵਿਚ ਸਿਆਸੀ ਗਤੀਵਿਧੀਆਂ ਹੋਰ ਤੇਜ਼ ਹੋਣ ਦੀ ਸੰਭਾਵਨਾ ਹੈ। ਫਿਲਹਾਲ ਪਿੰਡ ਵਿਚ ਵੱਖ-ਵੱਖ ਧਿਰਾਂ ਵੱਲੋਂ ਕੀਤੀ ਜਾ ਰਹੀ ਸਰਗਰਮੀ ਨੇ ਇਹ ਤਾਂ ਸਪੱਸ਼ਟ ਕਰ ਦਿੱਤਾ ਹੈ ਕਿ ਪੱਟੀ ਹਲਕੇ ਦੀ ਸਿਆਸਤ ਵਿਚ ਸਭਰਾ ਨੂੰ ਕੋਈ ਵੀ ਪਾਰਟੀ ਨਜ਼ਰਅੰਦਾਜ਼ ਕਰਨ ਦੇ ਮੂਡ ਵਿਚ ਨਹੀਂ। ਹੁਣ ਅਸਲ ਸਵਾਲ ਇਹ ਹੈ ਕਿ ਆਉਣ ਵਾਲੇ ਸਮੇਂ ਵਿਚ ਸਭਰਾ ਦੇ ਕਰੀਬ 2500 ਪਰਿਵਾਰਾਂ ਦਾ ਸਿਆਸੀ ਰੁਝਾਨ ਕਿਸ ਪਾਸੇ ਜਾਂਦਾ ਹੈ ਅਤੇ ਕਿਹੜੀ ਧਿਰ ਇਸ ਵੱਡੇ ਪਿੰਡ ਵਿਚ ਆਪਣਾ ਸਭ ਤੋਂ ਮਜ਼ਬੂਤ ਸਿਆਸੀ ਆਧਾਰ ਬਣਾਉਣ ਵਿਚ ਕਾਮਯਾਬ ਰਹਿੰਦੀ ਹੈ। ਫਿਲਹਾਲ ਤਾਂ ਪੱਟੀ ਦੀ ਸਿਆਸੀ ਜੰਗ ਦਾ ਪਹਿਲਾ ਵੱਡਾ ਮੈਦਾਨ ਸਭਰਾ ਬਣਦਾ ਨਜ਼ਰ ਆ ਰਿਹਾ ਹੈ।