- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਵਰਮੀ ਕੰਪੋਸਟ ਨਾਲ ਮਿੱਟੀ ਦੀ ਸਿਹਤ ਸੁਧਾਰਨ ਦੇ ਨਾਲ ਖੇਤੀ ਲਾਗਤ ਵੀ ਘਟਾਈ ਜਾ ਸਕਦੀ ਹੈ : ਡਾ. ਭੁਪਿੰਦਰ ਸਿੰਘ

ਬੱਲੂ ਮਹਿਤਾ•, ਪੰਜਾਬੀ ਜਾਗਰਣ,
ਪੱਟੀ : ਮੁੱਖ ਖੇਤੀਬਾੜੀ ਅਫਸਰ ਤਰਨਤਾਰਨ ਡਾ. ਤੇਜਬੀਰ ਸਿੰਘ ਭੰਗੂ ਦੇ ਨਿਯਮਾਂ ਤਹਿਤ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ, ਬਲਾਕ ਪੱਟੀ ਵੱਲੋਂ ਆਤਮਾ ਸਕੀਮ ਅਧੀਨ ਪਿੰਡ ਲੋਹੁਕਾ ਵਿਖੇ ਚਲਾਏ ਜਾ ਰਹੇ ਵਰਮੀ ਕੰਪੋਸਟ ਫਾਰਮ ਸਕੂਲ ਦੇ ਦੂਜੇ ਸੈਸ਼ਨ ਵਿਚ ਕਿਸਾਨਾਂ ਨੂੰ ਵਰਮੀ ਕੰਪੋਸਟ ਦੀ ਤਿਆਰੀ, ਵਰਤੋਂ ਅਤੇ ਘਰੇਲੂ ਪੱਧਰ ’ਤੇ ਕਿਚਨ ਗਾਰਡਨਿੰਗ ਸਬੰਧੀ ਤਕਨੀਕੀ ਜਾਣਕਾਰੀ ਦਿੱਤੀ ਗਈ।
ਇਸ ਮੌਕੇ ਡਾ. ਭੁਪਿੰਦਰ ਸਿੰਘ, ਬਲਾਕ ਖੇਤੀਬਾੜੀ ਅਫ਼ਸਰ, ਪੱਟੀ ਨੇ ਕਿਹਾ ਕਿ ਕਿਸਾਨ ਖੇਤੀਬਾੜੀ ਰਹਿੰਦ-ਖੂੰਹਦ ਦੀ ਸੁਚੱਜੀ ਵਰਤੋਂ ਕਰਕੇ ਵਰਮੀ ਕੰਪੋਸਟ ਤਿਆਰ ਕਰਨ, ਜਿਸ ਨਾਲ ਮਿੱਟੀ ਦੀ ਸਿਹਤ ਵਿਚ ਸੁਧਾਰ ਦੇ ਨਾਲ ਖੇਤੀ ਲਾਗਤ ਵੀ ਘਟਾਈ ਜਾ ਸਕਦੀ ਹੈ। ਉਨ੍ਹਾਂ ਕਿਸਾਨਾਂ ਨੂੰ ਫਸਲੀ ਰਹਿੰਦ-ਖੂੰਹਦ ਨਾ ਸਾੜਨ ਅਤੇ ਇਸ ਨੂੰ ਖੇਤ ਵਿਚ ਜੈਵਿਕ ਖਾਦ ਵਜੋਂ ਵਰਤਣ ਲਈ ਪ੍ਰੇਰਿਤ ਕੀਤਾ।
ਡਾ. ਜਸਵਿੰਦਰ ਸਿੰਘ ਭਾਟੀਆ, ਟ੍ਰੇਨਿੰਗ ਅਫਸਰ, ਖਾਲਸਾ ਕਾਲਜ ਅੰਮ੍ਰਿਤਸਰ ਨੇ ਵਰਮੀ ਕੰਪੋਸਟ ਤਿਆਰ ਕਰਨ ਲਈ ਨਮੀ, ਤਾਪਮਾਨ, ਕੱਚੇ ਮਾਲ ਦੀ ਗੁਣਵੱਤਾ ਅਤੇ ਕੇਂਚੂਆਂ ਲਈ ਢੁਕਵੇਂ ਵਾਤਾਵਰਣ ਸਬੰਧੀ ਵਿਸਥਾਰਪੂਰਵਕ ਤਕਨੀਕੀ ਜਾਣਕਾਰੀ ਸਾਂਝੀ ਕੀਤੀ।
ਇਸ ਮੌਕੇ ਡਾ. ਤਜਿੰਦਰ ਸਿੰਘ, ਸੇਵਾਮੁਕਤ ਮੁੱਖ ਖੇਤੀਬਾੜੀ ਅਫਸਰ, ਨੇ ਕਿਸਾਨਾਂ ਨੂੰ ਕਿਚਨ ਗਾਰਡਨਿੰਗ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਘਰ ਦੇ ਆਲੇ-ਦੁਆਲੇ ਉਪਲੱਬਧ ਥਾਂ ਦੀ ਸੁਚੱਜੀ ਵਰਤੋਂ ਕਰਕੇ ਪਰਿਵਾਰ ਲਈ ਤਾਜ਼ੀਆਂ ਅਤੇ ਸੁਰੱਖਿਅਤ ਸਬਜ਼ੀਆਂ ਪੈਦਾ ਕੀਤੀਆਂ ਜਾ ਸਕਦੀਆਂ ਹਨ। ਉਨ੍ਹਾਂ ਮੌਸਮ ਅਨੁਸਾਰ ਸਬਜ਼ੀਆਂ ਦੀ ਚੋਣ, ਬੀਜਾਂ ਦੀ ਗੁਣਵੱਤਾ, ਜੈਵਿਕ ਖਾਦਾਂ ਦੀ ਵਰਤੋਂ, ਪਾਣੀ ਦੀ ਸੁਚੱਜੀ ਸੰਭਾਲ ਅਤੇ ਘਰੇਲੂ ਰਹਿੰਦ-ਖੂੰਹਦ ਤੋਂ ਕੰਪੋਸਟ ਤਿਆਰ ਕਰਕੇ ਕਿਚਨ ਗਾਰਡਨ ਵਿਚ ਵਰਤਣ ਸਬੰਧੀ ਵਿਹਾਰਕ ਸੁਝਾਅ ਦਿੱਤੇ।
ਡਾ. ਹਰਮਨਦੀਪ ਕੌਰ, ਏਡੀਓ ਮਿੱਟੀ ਪਰਖ ਨੇ ਮਿੱਟੀ ਪਰਖ ਦੀ ਮਹੱਤਤਾ ਅਤੇ ਮਿੱਟੀ ਪਰਖ ਰਿਪੋਰਟ ਅਨੁਸਾਰ ਸੰਤੁਲਿਤ ਖਾਦਾਂ ਦੀ ਵਰਤੋਂ ਬਾਰੇ ਜਾਣਕਾਰੀ ਦਿੱਤੀ। ਪ੍ਰਗਤੀਸ਼ੀਲ ਕਿਸਾਨ ਤਰਸੇਮ ਸਿੰਘ ਨੇ ਆਪਣੇ ਖੇਤੀ ਤਜ਼ਰਬੇ ਸਾਂਝੇ ਕਰਦਿਆਂ ਵਰਮੀ ਕੰਪੋਸਟ ਦੀ ਵਿਹਾਰਕ ਵਰਤੋਂ ਬਾਰੇ ਦੱਸਿਆ। ਇਸ ਮੌਕੇ ਜਗਦੀਪ ਸਿੰਘ, ਰਿਸੋਰਸ ਪਰਸਨ, ਨੇ ਕਿਸਾਨਾਂ ਨੂੰ ਆਰਗੈਨਿਕ ਸਾਬਣ ਤਿਆਰ ਕਰਨ ਅਤੇ ਇਸ ਨੂੰ ਸਫਲਤਾਪੂਰਵਕ ਕਾਰੋਬਾਰ ਵਜੋਂ ਚਲਾਉਣ ਸਬੰਧੀ ਜਾਣਕਾਰੀ ਦਿੱਤੀ।
ਉਨ੍ਹਾਂ ਦੱਸਿਆ ਕਿ ਕੁਦਰਤੀ ਅਤੇ ਸਥਾਨਕ ਤੌਰ ’ਤੇ ਉਪਲਬਧ ਸਮੱਗਰੀ ਦੀ ਵਰਤੋਂ ਕਰਕੇ ਗੁਣਵੱਤਾ ਵਾਲੇ ਉਤਪਾਦ ਤਿਆਰ ਕਰਕੇ ਵੈਲਿਊ ਐਡੀਸ਼ਨ ਰਾਹੀਂ ਵਾਧੂ ਆਮਦਨ ਪੈਦਾ ਕੀਤੀ ਜਾ ਸਕਦੀ ਹੈ। ਉਨ੍ਹਾਂ ਕੱਚੇ ਮਾਲ ਦੀ ਚੋਣ, ਸਾਬਣ ਬਣਾਉਣ ਦੀ ਪ੍ਰਕਿਰਿਆ, ਪੈਕਿੰਗ, ਬ੍ਰਾਂਡਿੰਗ, ਮਾਰਕੀਟਿੰਗ ਅਤੇ ਗਾਹਕਾਂ ਤਕ ਉਤਪਾਦ ਪਹੁੰਚਾਉਣ ਸਬੰਧੀ ਵਿਹਾਰਕ ਜਾਣਕਾਰੀ ਵੀ ਸਾਂਝੀ ਕੀਤੀ।
ਸੈਸ਼ਨ ਦੌਰਾਨ ਕਿਸਾਨਾਂ ਵੱਲੋਂ ਪੁੱਛੇ ਗਏ ਸਵਾਲਾਂ ਦੇ ਮਾਹਿਰਾਂ ਵੱਲੋਂ ਤਸੱਲੀਬਖਸ਼ ਜਵਾਬ ਦਿੱਤੇ ਗਏ। ਇਸ ਮੌਕੇ ਗੁਰਦੇਵ ਸਿੰਘ, ਤਕਨੀਕੀ ਸਹਾਇਕ ਪ੍ਰਬੰਧਕ ਅਤੇ ਖੇਤੀ ਉਪ ਨਿਰੀਖਕ ਨਿਸ਼ਾਨ ਸਿੰਘ ਵੱਲੋਂ ਪ੍ਰੋਗਰਾਮ ਨੂੰ ਸਫਲ ਬਣਾਉਣ ਲਈ ਸਹਿਯੋਗ ਦਿੱਤਾ ਗਿਆ।