ਮੰਗਾਂ ’ਤੇ ਸਹਿਮਤੀ ਮਗਰੋਂ ਸਫ਼ਾਈ ਸੇਵਕਾਂ ਦੀ ਹੜਤਾਲ ਖ਼ਤਮ ਮੰਗਾਂ ’ਤੇ ਸਹਿਮਤੀ ਤੋਂ ਬਾਅਦ ਸਫਾਈ ਸੇਵਕਾਂ ਨੇ ਖਤਮ ਕੀਤੀ ਕੰਮ ਛੱਡ ਛੋੜ ਹੜਤਾਲ
Publish Date: Tue, 04 Aug 2026 09:05 PM (IST)
Updated Date: Tue, 04 Aug 2026 09:07 PM (IST)
ਪੱਤਰ ਪ੍ਰੇਰਕ, •ਪੰਜਾਬੀ ਜਾਗਰਣ, ਤਰਨਤਾਰਨ : ਪੰਜਾਬ ਸਫ਼ਾਈ ਸੇਵਕ ਐਕਸ਼ਨ ਯੂਨੀਅਨ ਅਤੇ ਨਗਰ ਪਾਲਿਕਾ ਸੰਗਠਨ ਕਮੇਟੀ ਯੂਨੀਅਨ ਦੇ ਸੱਦੇ ’ਤੇ ਆਰੰਭ ਹੋਈ ਕੰਮ ਛੱਡ ਹੜਤਾਲ, ਯੂਨੀਅਨ ਆਗੂਆਂ ਦੀ ਸਥਾਨਕ ਸਰਕਾਰਾਂ ਮੰਤਰੀ ਨਾਲ ਮੀਟਿੰਗ ਤੋਂ ਬਾਅਦ ਮੰਗਾਂ ਮੰਨ ਲਏ ਜਾਣ ’ਤੇ ਬਣੀ ਸਹਿਮਤੀ ਦੇ ਚੱਲਦਿਆਂ ਸਫ਼ਾਈ ਸੇਵਕਾਂ ਨੇ ਮੰਗਲਵਾਰ ਨੂੰ 28ਵੇਂ ਦਿਨ ਹੜਤਾਲ ਖ਼ਤਮ ਕਰ ਦਿੱਤੀ ਹੈ। ਇਸ ਦੇ ਚੱਲਦਿਆਂ ਕਰੀਬ ਇਕ ਮਹੀਨੇ ਤੋਂ ਸ਼ਹਿਰ ਵਿਚ ਵੱਖ-ਵੱਖ ਥਾਵਾਂ ’ਤੇ ਲੱਗੇ ਕੂੜੇ ਦੇ ਢੇਰ ਹੁਣ ਚੁੱਕ ਲਏ ਜਾਣਗੇ। ਉੱਧਰ, ਮੰਗਾਂ ਮੰਨ ਲਏ ਜਾਣ ਦੀ ਖੁਸ਼ੀ ਵਿਚ ਤਰਨਤਾਰਨ ਨਗਰ ਕੌਂਸਲ ਦਫਤਰ ਦੇ ਗੇਟ ਅੱਗੇ ਲੱਗੇ ਧਰਨੇ ਦੌਰਾਨ ਯੂਨੀਅਨ ਆਗੂਆਂ ਨੂੰ ਹਾਰ ਪਾ ਕੇ ਸਨਮਾਨਿਤ ਵੀ ਕੀਤਾ ਗਿਆ। ਜ਼ਿਕਰਯੋਗ ਹੈ ਕਿ ਪੰਜਾਬ ਸਫ਼ਾਈ ਸੇਵਕ ਯੂਨੀਅਨ ਦੇ ਸੱਦੇ ’ਤੇ 8 ਜੁਲਾਈ ਤੋਂ ਸਫ਼ਾਈ ਸੇਵਕਾਂ ਵੱਲੋਂ ਕੰਮ ਛੱਡ ਹੜਤਾਲ ਸ਼ੁਰੂ ਕੀਤੀ ਗਈ ਸੀ ਜਿਸ ਕਾਰਨ ਸ਼ਹਿਰ ਅੰਦਰ ਕੂੜੇ ਦੇ ਵੱਡੇ-ਵੱਡੇ ਢੇਰ ਲੱਗ ਗਏ ਸਨ। ਉੱਧਰ, ਸਫ਼ਾਈ ਕਰਮਚਾਰੀ ਤਰਨਤਾਰਨ ਦੇ ਨਗਰ ਕੌਂਸਲ ਦਫਤਰ ਅੱਗੇ ਹਰ ਰੋਜ਼ ਧਰਨਾ ਲਗਾ ਕੇ ਸਰਕਾਰ ਵਿਰੁੱਧ ਪ੍ਰਦਰਸ਼ਨ ਕਰ ਰਹੇ ਸਨ। ਇਸ ਮੌਕੇ ਤਰਨਤਾਰਨ ਯੂਨੀਅਨ ਦੇ ਪ੍ਰਧਾਨ ਬਲਵਿੰਦਰ ਸਿੰਘ ਨੇ ਦੱਸਿਆ ਕਿ ਜਾਇਜ਼ ਮੰਗਾਂ ਦੀ ਪ੍ਰਾਪਤੀ ਨਾਲ ਸਫਲਤਾ ਪੂਰਵਕ ਸਮਾਪਤੀ ਕੀਤੀ ਗਈ ਹੈ। ਉਨ੍ਹਾਂ ਸਮੇਤ ਹੋਰ ਆਗੂਆਂ ਨੇ ਕਿਹਾ ਕਿ ਬਹੁਤ ਖੁਸ਼ੀ ਦੀ ਗੱਲ ਹੈ ਕਿ ਪੰਜਾਬ ਸਰਕਾਰ ਨੇ ਸਫ਼ਾਈ ਕਰਮਚਾਰੀਆਂ ਦੀਆਂ ਅਹਿਮ ਅਤੇ ਜਾਇਜ਼ ਮੰਗਾਂ ਨੂੰ ਮੰਨ ਲਿਆ ਹੈ ਅਤੇ ਕੱਚੇ ਮੁਲਾਜ਼ਮਾਂ ਨੂੰ ਪੱਕਾ ਕੀਤਾ ਹੈ, ਜੋ ਕਿਸੇ ਇਤਿਹਾਸਕ ਫੈਸਲੇ ਤੋਂ ਘੱਟ ਨਹੀਂ। ਉਨ੍ਹਾਂ ਕਿਹਾ ਕਿ ਇਹ ਜਿੱਤ ਕਿਸੇ ਇਕ ਵਿਅਕਤੀ ਦੀ ਨਹੀਂ ਬਲਕਿ ਹਰ ਉਸ ਸਫਾਈ ਕਰਮਚਾਰੀ ਦੀ ਹੈ, ਜਿਸ ਨੇ ਇਕੱਠੇ ਹੋ ਕੇ ਆਪਣੇ ਹੱਕਾਂ ਲਈ ਡਟ ਕੇ ਸੰਘਰਸ਼ ਕੀਤਾ। ਇਸ ਇਤਿਹਾਸਕ ਜਿੱਤ ਦਾ ਸਿਹਰਾ ਸਫਾਈ ਸੇਵਕ ਯੂਨੀਅਨ ਪੰਜਾਬ ਦੀ ਮਜ਼ਬੂਤ ਅਗਵਾਈ ਨੂੰ ਜਾਂਦਾ ਹੈ। ਖਾਸ ਤੌਰ ’ਤੇ ਸੂਬਾ ਪ੍ਰਧਾਨ ਅਸ਼ੋਕ ਸਰਵਣ, ਰੀਜਨ ਪ੍ਰਧਾਨ ਹੰਸ ਰਾਜ, ਰਮੇਸ਼ ਗੈਰਚੰਦ, ਮੁੱਖ ਸਲਾਹਕਾਰ ਕੁਲਦੀਪ ਸ਼ਰਮਾ ਤੇ ਹੋਰ ਲੀਡਰਸ਼ਿਪ ਨੇ ਦਿਨ-ਰਾਤ ਇਕ ਕਰ ਕੇ ਹਰ ਸਫਾਈ ਕਰਮਚਾਰੀ ਦੀ ਆਵਾਜ਼ ਨੂੰ ਸਰਕਾਰ ਤਕ ਪਹੁੰਚਾਇਆ ਅਤੇ ਇਸ ਸੰਘਰਸ਼ ਨੂੰ ਜਿੱਤ ਵਿਚ ਬਦਲ ਦਿੱਤਾ। ਉਨ੍ਹਾਂ ਨੇ ਇਸ ਨੂੰ ਇਤਿਹਾਸਕ ਜਿੱਤ ਕਰਾਰ ਦਿੰਦਿਆਂ ਸਮੁੱਚੀ ਲੀਡਰਸ਼ਿਪ ਨੂੰ ਵਧਾਈ ਵੀ ਦਿੱਤੀ।