ਸਿਆਸੀ ਰੰਜਿਸ਼ ਨੇ ਧਾਰਿਆ ਹਿੰਸਕ ਰੂਪ, ਪਿੰਡ ਉਬੋਕੇ ’ਚ ਚੱਲੀਆਂ ਗੋਲ਼ੀਆਂ, ਪੰਜ ਜ਼ਖ਼ਮੀ ਸਿਆਸੀ ਰੰਜਿਸ਼ ਨੇ ਲਿਆ ਹਿੰਸਕ ਰੂਪ, ਉਬੋਕੇ ਪਿੰਡ ’ਚ ਚੱਲੀਆਂ ਗੋਲੀਆਂ, ਪੰਜ ਜ਼ਖ਼ਮੀ
Publish Date: Tue, 04 Aug 2026 08:32 PM (IST)
Updated Date: Tue, 04 Aug 2026 08:34 PM (IST)
ਮੌਕੇ ’ਤੇ ਪੁੱਜੀ ਪੁਲਿਸ ਨੇ ਸ਼ੁਰੂ ਕੀਤੀ ਜਾਂਚ, ਕਿਹਾ; ਦੋਵਾਂ ਧਿਰਾਂ ਦੇ ਲਏ ਜਾ ਰਹੇ ਨੇ ਬਿਆਨ ਕੇਪੀ ਗਿੱਲ/ਬੱਲੂ ਮਹਿਤਾ•, ਪੰਜਾਬੀ ਜਾਗਰਣ ਕੈਰੋਂ/ਪੱਟੀ : ਵਿਧਾਨ ਸਭਾ ਹਲਕਾ ਪੱਟੀ ਨਾਲ ਜੁੜੀ ਸਿਆਸਤ ਉਸ ਵੇਲੇ ਹਿੰਸਕ ਰੂਪ ਧਾਰ ਗਈ, ਜਦੋਂ ਪਿੰਡ ਉਬੋਕੇ ਦੇ ਗੁਰਦੁਆਰਾ ਚੜ੍ਹਦੀ ਪੱਤੀ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਸਮਾਗਮ ਦੌਰਾਨ ਦੋ ਧਿਰਾਂ ਵਿਚਾਲੇ ਹੋਏ ਟਕਰਾਅ ਦੌਰਾਨ ਗੋਲ਼ੀਆਂ ਚੱਲ ਗਈਆਂ। ਇਸ ਘਟਨਾ ’ਚ ਪੰਜ ਦੇ ਕਰੀਬ ਲੋਕਾਂ ਦੇ ਜ਼ਖ਼ਮੀ ਹੋਣ ਦੀ ਜਾਣਕਾਰੀ ਮਿਲੀ ਹੈ। ਉਨ੍ਹਾਂ ਨੂੰ ਤੁਰੰਤ ਸਿਵਲ ਹਸਪਤਾਲ ਪੱਟੀ ਪਹੁੰਚਾਇਆ ਗਿਆ, ਜਿੱਥੇ ਮੁੱਢਲੇ ਇਲਾਜ ਤੋਂ ਬਾਅਦ ਕੁਝ ਨੂੰ ਅਗਲੇ ਇਲਾਜ ਲਈ ਕਿਸੇ ਹੋਰ ਹਸਪਤਾਲ ਰੈਫਰ ਕਰ ਦਿੱਤਾ ਗਿਆ। ਮਿਲੀ ਜਾਣਕਾਰੀ ਮੁਤਾਬਕ, ਮੰਗਲਵਾਰ 11.15 ਵਜੇ ਦੇ ਕਰੀਬ ਭਾਈ ਹਰਪ੍ਰੀਤ ਸਿੰਘ ਖ਼ਾਲਸਾ, ਜੋ ਅਕਾਲੀ ਦਲ ਵਾਰਿਸ ਪੰਜਾਬ ਦੇ ਨਾਲ ਸਬੰਧਤ ਸਰਗਰਮ ਆਗੂ ਹਨ ਅਤੇ ਪਿੰਡ ਬਾਹਮਣੀਵਾਲਾ ਦੇ ਵਸਨੀਕ ਹਨ, ਆਪਣੇ ਕੁਝ ਸਾਥੀਆਂ ਸਮੇਤ ਪਿੰਡ ਉਬੋਕੇ ਵਿਖੇ ਚੜ੍ਹਦੀ ਪੱਤੀ ਗੁਰੁਦਆਰਾ ਸਾਹਿਬ ਵਿਖੇ ਧਾਰਮਿਕ ਸਮਾਗਮ ’ਚ ਸ਼ਾਮਲ ਹੋਣ ਲਈ ਸਾਥੀਆਂ ਸਮੇਤ ਪਹੁੰਚੇ ਸਨ। ਦੱਸਿਆ ਜਾ ਰਿਹਾ ਹੈ ਕਿ ਉਨ੍ਹਾਂ ਨੂੰ ਪਾਰਟੀ ਦੀਆਂ ਨੀਤੀਆਂ ਅਤੇ ਸੰਗਠਨਾਤਮਕ ਮਾਮਲਿਆਂ ਸਬੰਧੀ ਵਿਚਾਰ-ਵਟਾਂਦਰੇ ਲਈ ਬੁਲਾਇਆ ਗਿਆ ਸੀ। ਇਸ ਦੌਰਾਨ ਜਗਦੀਪ ਸਿੰਘ ਉਰਫ ਜੱਗਾ ਵਾਸੀ ਉਬੋਕੇ ਆਪਣੇ ਕਰੀਬ 15 ਤੋਂ 16 ਸਾਥੀਆਂ ਸਮੇਤ ਉੱਥੇ ਪਹੁੰਚ ਗਿਆ। ਦੋਸ਼ ਹੈ ਕਿ ਉਕਤ ਵਿਅਕਤੀ ਤੇਜ਼ਧਾਰ ਹਥਿਆਰਾਂ ਨਾਲ ਲੈਸ ਸਨ। ਦੋਵਾਂ ਧਿਰਾਂ ਵਿਚਾਲੇ ਤਕਰਾਰ ਤੋਂ ਬਾਅਦ ਹਾਲਾਤ ਤਣਾਅਪੂਰਨ ਹੋ ਗਏ ਅਤੇ ਹਮਲਾਵਰਾਂ ਵੱਲੋ ਦਸਤੀ ਹਥਿਆਰਾਂ ਨਾਲ ਕਈ ਫਾਇਰ ਕੀਤੇ ਗਏ, ਜਿਸ ਨਾਲ ਗੁਰਦੁਆਰਾ ਸਾਹਿਬ ਵਿਚ ਭਗਦੜ ਮਚ ਗਈ। ਹਮਲੇ ਵਿਚ ਗੁਰਸਾਹਿਬ ਸਿੰਘ ਪੁੱਤਰ ਧਰਮ ਸਿੰਘ ਵਾਸੀ ਲੋਹੁਕਾ ਅਤੇ ਨਰਿੰਦਰਪਾਲ ਸਿੰਘ ਪੁੱਤਰ ਹਰਜਿੰਦਰ ਸਿੰਘ ਵਾਸੀ ਉਬੋਕੇ ਦੀਆਂ ਲੱਤਾਂ ਵਿਚ ਗੋਲ਼ੀਆਂ ਲੱਗੀਆਂ। ਇਸ ਤੋਂ ਇਲਾਵਾ ਗੁਰਪ੍ਰੀਤ ਸਿੰਘ ਵਾਸੀ ਬਾਹਮਣੀਵਾਲਾ, ਕੁਲਵੰਤ ਸਿੰਘ, ਹਰਜਿੰਦਰ ਸਿੰਘ ਅਤੇ ਸਾਬ ਸਿੰਘ ਸਮੇਤ ਹੋਰ ਵਿਅਕਤੀ ਵੀ ਜ਼ਖ਼ਮੀ ਹੋਏ। ਜ਼ਖ਼ਮੀਆਂ ਨੂੰ ਪਹਿਲਾਂ ਸਿਵਲ ਹਸਪਤਾਲ ਪੱਟੀ ਲਿਜਾਇਆ ਗਿਆ, ਜਿੱਥੋਂ ਮੁੱਢਲੇ ਇਲਾਜ ਤੋਂ ਬਾਅਦ ਕੁਝ ਨੂੰ ਕਮਿਊਨਿਟੀ ਹੈਲਥ ਸੈਂਟਰ ਕੈਰੋਂ ਅਤੇ ਲੋੜ ਅਨੁਸਾਰ ਤਰਨਤਾਰਨ ਦੇ ਨਿੱਜੀ ਹਸਪਤਾਲ ਭੇਜਿਆ ਗਿਆ। ਜਾਣਕਾਰੀ ਮੁਤਾਬਕ, ਦੂਜੀ ਧਿਰ ਨਾਲ ਸਬੰਧਤ ਜਗਦੀਪ ਸਿੰਘ ਉਰਫ਼ ਜੱਗਾ ਉਬੋਕੇ ਦੇ ਵੀ ਕੁਝ ਸਾਥੀਆਂ ਦੇ ਜ਼ਖ਼ਮੀ ਹੋਣ ਦੀ ਚਰਚਾ ਹੈ। ਹਾਲਾਂਕਿ, ਖ਼ਬਰ ਲਿਖੇ ਜਾਣ ਤਕ ਉਨ੍ਹਾਂ ਦੇ ਨਾਂ ਸਾਹਮਣੇ ਨਹੀਂ ਆ ਸਕੇ। ਇਹ ਘਟਨਾ ਗੁਰਦੁਆਰਾ ਸਾਹਿਬ ਵਿੱਚ ਚੱਲ ਰਹੇ ਧਾਰਮਿਕ ਸਮਾਗਮ ਦੌਰਾਨ ਵਾਪਰਨ ਕਾਰਨ ਇਲਾਕੇ ਵਿਚ ਦਹਿਸ਼ਤ ਅਤੇ ਰੋਸ ਦਾ ਮਾਹੌਲ ਬਣ ਗਿਆ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਦੇ ਉੱਚ ਅਧਿਕਾਰੀ ਭਾਰੀ ਪੁਲਿਸ ਫੋਰਸ ਸਮੇਤ ਮੌਕੇ ’ਤੇ ਪਹੁੰਚੇ ਅਤੇ ਸਥਿਤੀ ਨੂੰ ਕਾਬੂ ਕੀਤਾ। ਮੌਕੇ ’ਤੇ ਪੁੱਜੇ ਡੀਐੱਸਪੀ ਪੱਟੀ ਰਵੀਸ਼ੇਰ ਸਿੰਘ ਨੇ ਦੱਸਿਆ ਕਿ ਮੁੱਢਲੀ ਜਾਂਚ ਅਨੁਸਾਰ ਇਹ ਘਟਨਾ ਸਿਆਸੀ ਰੰਜਿਸ਼ ਦਾ ਨਤੀਜਾ ਲੱਗਦੀ ਹੈ। ਪੁਲਿਸ ਵੱਲੋਂ ਸਾਰੇ ਤੱਥਾਂ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਦੋਸ਼ੀਆਂ ਖ਼ਿਲਾਫ਼ ਬਣਦੀ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਘਟਨਾ ਦੇ ਸਾਰੇ ਪੱਖਾਂ ਦੀ ਜਾਂਚ ਤੋਂ ਬਾਅਦ ਹੀ ਅਗਲੀ ਕਾਰਵਾਈ ਕੀਤੀ ਜਾਵੇਗੀ। ਇਹ ਵੀ ਹੋ ਸਕਦੈ ਦੋਵਾਂ ਧਿਰਾਂ ਵਿਚਾਲੇ ਚੱਲ ਰਹੀ ਰੰਜਿਸ਼ ਦਾ ਕਾਰਨ ਪਿੰਡ ਉਬੋਕੇ ਵਿਖੇ ਵਾਪਰੀ ਗੋਲ਼ੀਬਾਰੀ ਦੀ ਘਟਨਾ ਪਿੱਛੇ ਪਿਛਲੇ ਕੁਝ ਹਫ਼ਤਿਆਂ ਤੋਂ ਚੱਲ ਰਹੇ ਸਿਆਸੀ ਤਣਾਅ ਨੂੰ ਵੀ ਇਕ ਵੱਡਾ ਕਾਰਨ ਮੰਨਿਆ ਜਾ ਰਿਹਾ ਹੈ। ਜਾਣਕਾਰੀ ਮੁਤਾਬਕ, ਅਕਾਲੀ ਦਲ ਵਾਰਿਸ ਪੰਜਾਬ ਦੇ ਹਲਕਾ ਪੱਟੀ ਨਾਲ ਸਬੰਧਤ ਆਗੂ ਭਾਈ ਹਰਪ੍ਰੀਤ ਸਿੰਘ ਖ਼ਾਲਸਾ ਨੇ 11 ਜੁਲਾਈ ਨੂੰ ਪੱਟੀ ਦੇ ਇਕ ਰਿਜ਼ੋਰਟ ਵਿਚ ਵੱਡਾ ਇਕੱਠ ਕਰ ਕੇ ਹਲਕੇ ਵਿਚ ਆਪਣੀ ਸਿਆਸੀ ਦਾਅਵੇਦਾਰੀ ਪੇਸ਼ ਕੀਤੀ ਸੀ। ਇਸ ਦੇ ਅਗਲੇ ਹੀ ਦਿਨ ਜਗਦੀਪ ਸਿੰਘ ਉਰਫ ਜੱਗਾ ਉਬੋਕੇ ਨੇ ਪਿੰਡ ਬਾਹਮਣੀਵਾਲਾ ਵਿਖੇ ਵੱਖਰਾ ਇਕੱਠ ਕਰ ਕੇ ਭਾਈ ਹਰਪ੍ਰੀਤ ਸਿੰਘ ਖ਼ਾਲਸਾ ਦਾ ਖੁੱਲ੍ਹਾ ਵਿਰੋਧ ਕੀਤਾ ਅਤੇ ਉਨ੍ਹਾਂ ਉੱਤੇ ਕਈ ਗੰਭੀਰ ਦੋਸ਼ ਵੀ ਲਗਾਏ ਸਨ। ਇਸ ਤੋਂ ਬਾਅਦ ਦੋਵਾਂ ਧਿਰਾਂ ਵਿਚਾਲੇ ਸੋਸ਼ਲ ਮੀਡੀਆ ’ਤੇ ਵੀ ਇਕ-ਦੂਜੇ ਖ਼ਿਲਾਫ਼ ਲਗਾਤਾਰ ਜਵਾਬੀ ਪੋਸਟਾਂ ਅਤੇ ਬਿਆਨਬਾਜ਼ੀ ਦਾ ਦੌਰ ਚੱਲਦਾ ਰਿਹਾ। ਹੁਣ ਉਬੋਕੇ ਵਿਚ ਵਾਪਰੀ ਹਿੰਸਕ ਘਟਨਾ ਨੇ ਇਸ ਸਿਆਸੀ ਟਕਰਾਅ ਨੂੰ ਹੋਰ ਗੰਭੀਰ ਬਣਾ ਦਿੱਤਾ ਹੈ। ਹਾਲਾਂਕਿ, ਪੁਲਿਸ ਵੱਲੋਂ ਘਟਨਾ ਦੇ ਸਾਰੇ ਪੱਖਾਂ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਰੰਜਿਸ਼ ਦੇ ਅਸਲ ਕਾਰਨਾਂ ਦੀ ਵੀ ਤਫ਼ਤੀਸ਼ ਜਾਰੀ ਹੈ। ਜ਼ਖ਼ਮੀਆਂ ਦੇ ਬਿਆਨਾਂ ਆਧਾਰ ’ਤੇ ਕੀਤੀ ਜਾ ਰਹੀ ਹੈ ਕਾਰਵਾਈ : ਐੱਸਪੀ ਇਸ ਸਬੰਧੀ ਜਾਣਕਾਰੀ ਦਿੰਦਿਆਂ ਐੱਸਪੀ ਸੁਖਨਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਨੂੰ ਪਿੰਡ ਉਬੋਕੇ ’ਚ ਦੋ ਧਿਰਾਂ ਵਿਚਾਲੇ ਫਾਇਰਿੰਗ ਸਬੰਧੀ ਸੂਚਨਾ ਮਿਲੀ ਸੀ। ਮੌਕੇ ’ਤੇ ਪਹੁੰਚ ਕੇ ਦੇਖਿਆ ਗਿਆ ਕਿ ਮਾਮਲਾ ਨਿੱਜੀ ਰੰਜਿਸ਼ ਦਾ ਹੈ। ਉਨ੍ਹਾਂ ਦੱਸਿਆ ਕਿ ਫਾਇਰਿੰਗ ਦੌਰਾਨ ਦੋਵਾਂ ਧਿਰਾਂ ਦੇ ਕੁਝ ਵਿਅਕਤੀ ਜ਼ਖ਼ਮੀ ਹੋਏ ਹਨ ਜੋ ਕਿ ਇਲਾਜ ਅਧੀਨ ਹਨ। ਇਸ ਸਬੰਧੀ ਥਾਣਾ ਸਿਟੀ ਪੱਟੀ ਦੀ ਪੁਲਿਸ ਵੱਲੋਂ ਮਾਮਲਾ ਦਰਜ ਕਰ ਕੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।