‘ਕਾਰਪੋਰੇਟ ਭਾਰਤ ਛੱਡੋ’ ਅੰਦੋਲਨ ਤਹਿਤ ਡੀਸੀ ਦਫ਼ਤਰ ਅੱਗੇ ਪ੍ਰਦਰਸ਼ਨ 10 ਨੂੰ : ਐੱਸਕੇਐੱਮ ‘ਕਾਰਪੋਰੇਟ ਭਾਰਤ ਛੱਡੋ’ ਅੰਦੋਲਨ ਤਹਿਤ ਡੀਸੀ ਦਫ਼ਤਰ ਅੱਗੇ ਪ੍ਰਦਰਸ਼ਨ 10 ਨੂੰ - ਐੱਸਕੇਐੱਮ
Publish Date: Tue, 04 Aug 2026 05:25 PM (IST)
Updated Date: Tue, 04 Aug 2026 05:28 PM (IST)
ਅਮਰੀਕਾ-ਭਾਰਤ ਟਰੇਡ ਸੰਧੀ ਵਿਰੁੱਧ ਦੇਸ਼ ਭਰ ’ਚ ਹੋਣਗੇ ਰੋਸ ਪ੍ਰਦਰਸ਼ਨ : ਕਿਸਾਨ ਆਗੂ ਪੱਤਰ ਪ੍ਰੇਰਕ, •ਪੰਜਾਬੀ ਜਾਗਰਣ, ਤਰਨਤਾਰਨ : ਮੰਗਲਵਾਰ ਨੂੰ ਸ਼ੇਰੋਂ ਖੰਡ ਮਿੱਲ ਮੋਰਚੇ ’ਤੇ ਕਿਸਾਨਾਂ ਦਾ ਰੋਸ ਪ੍ਰਦਰਸ਼ਨ 75ਵੇਂ ਦਿਨ ਵੀ ਜਾਰੀ ਰਿਹਾ। ਇਸ ਦੌਰਾਨ ਦੇਸ਼ ਵਿਆਪੀ ‘ਕਾਰਪੋਰੇਟ ਭਾਰਤ ਛੱਡੋ’ ਅੰਦੋਲਨ ਤਹਿਤ 10 ਅਗਸਤ ਨੂੰ ਜ਼ਿਲ੍ਹਾ ਹੈੱਡਕੁਆਰਟਰਾਂ ’ਤੇ ਕੀਤੇ ਜਾ ਰਹੇ ਐਕਸ਼ਨ ਸਬੰਧੀ ਕਿਸਾਨਾਂ, ਮਜ਼ਦੂਰਾਂ, ਮੁਲਾਜ਼ਮਾਂ ਦੀ ਸਾਂਝੀ ਮੀਟਿੰਗ ਤਰਨਤਾਰਨ ਦੇ ਗਾਂਧੀ ਪਾਰਕ ਤਰਨਤਾਰਨ ਵਿਖੇ ਹਰਜਿੰਦਰ ਸਿੰਘ ਟਾਂਡਾ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਵਿਚ ਇਕੱਤਰ ਹੋਏ ਆਗੂਆਂ ਨੇ ਫੈਸਲਾ ਕੀਤਾ ਕਿ 10 ਅਗਸਤ ਨੂੰ ਡੀਸੀ ਦਫ਼ਤਰ ਤਰਨਤਾਰਨ ਅੱਗੇ ਵਿਸ਼ਾਲ ਰੈਲੀ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਟਰੇਡ ਯੂਨੀਅਨਾਂ ਦੇ ਮੰਚ ’ਤੇ ਸੰਯੁਕਤ ਕਿਸਾਨ ਮੋਰਚਾ ਭਾਰਤ ਵੱਲੋਂ 28 ਜੁਲਾਈ ਨੂੰ ਦਿੱਲੀ ਦੀ ਕਨਵੈਨਸ਼ਨ ਵਿਚ ਫੈਸਲਾ ਕੀਤਾ ਗਿਆ ਹੈ ਕਿ ‘ਅੰਗਰੇਜ਼ੋ ਭਾਰਤ ਛੱਡੋ’ ਅੰਦੋਲਨ ਦੀ ਵਰ੍ਹੇਗੰਢ ਮਨਾਉਂਦਿਆਂ 10 ਅਗਸਤ ਨੂੰ ‘ਕਾਰਪੋਰੇਟ ਭਾਰਤ ਛੱਡੋ’ ਅੰਦੋਲਨ ਸ਼ੁਰੂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਭਾਰਤ ਦੀ ਮੌਜੂਦਾ ਭਾਜਪਾ ਸਰਕਾਰ ਅਮਰੀਕਾ ਸਾਮਰਾਜ ਨਾਲ ਟਰੇਡ ਸੰਧੀ ਕਰ ਕੇ ਭਾਰਤ ਦੀ ਕਿਸਾਨੀ ਨੂੰ ਤਬਾਹ ਕਰਨ ਜਾ ਰਹੀ ਹੈ। ਨਾਲ ਹੀ ਮਜ਼ਦੂਰਾਂ, ਮੁਲਾਜ਼ਮਾਂ ਦੇ ਮਨੁੱਖੀ ਹੱਕ ਖ਼ਤਮ ਕਰ ਕੇ ਇਨ੍ਹਾਂ ਨੂੰ ਕਾਰਪੋਰੇਟ ਘਰਾਣਿਆਂ ਦੇ ਗੁਲਾਮ ਬਣਾਉਣ ਜਾ ਰਹੀ ਹੈ। ਸਰਕਾਰੀ ਜਾਇਦਾਦਾਂ ਕੌਡੀਆਂ ਦੇ ਭਾਅ ਕਾਰਪੋਰੇਟ ਘਰਾਣਿਆਂ ਨੂੰ ਫੜਾਈਆਂ ਜਾ ਰਹੀਆਂ ਹਨ। ਦੇਸ਼ ਨੂੰ ਕਰਜ਼ੇ ਵਿਚ ਡੋਬਿਆ ਜਾ ਰਿਹਾ ਹੈ। ਉੱਧਰ ਕਾਰਪੋਰੇਟ ਘਰਾਣਿਆਂ ਦੇ ਅਰਬਾਂ ਰੁਪਏ ਮੁਆਫ਼ ਕੀਤੇ ਜਾ ਰਹੇ ਹਨ। ਪੰਜਾਬ ਸਰਕਾਰ ਵੀ ਕੇਂਦਰ ਸਰਕਾਰ ਦੀ ਤਰਜ਼ ’ਤੇ ਨੀਤੀਆਂ ਬਣਾ ਕੇ ਮਿਹਨਤਕਸ਼ ਜਨਤਾ ਦਾ ਲਹੂ ਪੀ ਰਹੀ ਹੈ, ਪੰਜਾਬ ਦੇ ਕੱਚੇ ਤੇ ਪੱਕੇ ਮੁਲਾਜ਼ਮਾਂ ’ਤੇ ਡੰਡੇ ਵਰ੍ਹਾਉਂਦੀ ਹੈ ਅਤੇ ਰੋਜ਼ ਹੜਤਾਲਾਂ ਹੋ ਰਹੀਆਂ ਹਨ। ਇਸ ਕਰ ਕੇ ਲੋਕਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ 10 ਅਗਸਤ ਨੂੰ ਵੱਧ ਤੋਂ ਵੱਧ ਸ਼ਮੂਲੀਅਤ ਕਰੋ। ਇਸ ਮੌਕੇ ਹੋਰਨਾਂ ਤੋਂ ਇਲਾਵਾ ਗੁਰਪ੍ਰੀਤ ਸਿੰਘ ਗੰਡੀਵਿੰਡ, ਮਨਜੀਤ ਸਿੰਘ ਬੱਗੂ, ਨਛੱਤਰ ਸਿੰਘ ਪੰਨੂ, ਗੁਰਚਰਨ ਸਿੰਘ ਸਭਰਾ, ਭੁਪਿੰਦਰ ਸਿੰਘ ਪੰਡੋਰੀ, ਨਰਿੰਦਰ ਬੇਦੀ, ਪੂਰਨ ਦਾਸ, ਕਾਮਰੇਡ ਚਰਨ ਸਿੰਘ, ਪ੍ਰਿੰਸੀਪਲ ਦਲਬੀਰ ਸਿੰਘ ਦਿਓਲ, ਦਵਿੰਦਰ ਸੋਹਲ, ਜੱਸਾ ਸਿੰਘ ਕੱਦਗਿੱਲ, ਮੇਹਰ ਸਿੰਘ ਸਖੀਰਾ, ਰੇਸ਼ਮ ਸਿੰਘ ਫੈਲੋਕੇ, ਨਾਜ਼ਰ ਸਿੰਘ ਸਰਹਾਲੀ, ਤਰਸੇਮ ਸਿੰਘ ਲੁਹਾਰ, ਸੁਖਬਾਜ ਸਿੰਘ ਸਿੱਧੂ, ਸੁਖਦੇਵ ਸਿੰਘ ਤੁੜ, ਅਮਰੀਕ ਸਿੰਘ ਸ਼ੇਰੋਂ, ਕਸ਼ਮੀਰ ਸਿੰਘ ਸ਼ੇਰੋਂ, ਬਲਦੇਵ ਸਿੰਘ ਸ਼ੇਰੋਂ, ਬਾਬਾ ਮਹਿੰਦਰ ਸਿੰਘ ਵੇਈਂ ਪੂੰਈਂ ਸਮੇਤ ਕਈ ਆਗੂ ਹਾਜ਼ਰ ਸਨ।