7 ਦੀ ਚੰਡੀਗੜ੍ਹ ਮਹਾਂ ਰੈਲੀ ’ਚ ਤਰਨਤਾਰਨ ਤੋਂ ਵੱਡੀ ਸ਼ਮੂਲੀਅਤ ਹੋਵੇਗੀ : ਬਲਦੇਵ ਸਿੰਘ ਕੱਲਾ 7 ਦੀ ਚੰਡੀਗੜ੍ਹ ਮਹਾਂ ਰੈਲੀ ਵਿਚ ਤਰਨਤਾਰਨ ਤੋਂ ਵੱਡੀ ਸ਼ਮੂਲੀਅਤ ਹੋਵੇਗੀ : ਬਲਦੇਵ ਸਿੰਘ ਕੱਲਾ
Publish Date: Tue, 04 Aug 2026 05:19 PM (IST)
Updated Date: Tue, 04 Aug 2026 05:19 PM (IST)
ਪੱਤਰ ਪ੍ਰੇਰਕ, •ਪੰਜਾਬੀ ਜਾਗਰਣ, ਤਰਨਤਾਰਨ : ਗਾਂਧੀ ਪਾਰਕ ਵਿਖੇ ਪੈਨਸ਼ਨਰ ਐਂਡ ਸੀਨੀਅਰ ਸਿਟੀਜ਼ਨ ਵੈੱਲਫੇਅਰ ਐਸੋਸੀਏਸ਼ਨ, ਜ਼ਿਲ੍ਹਾ ਤਰਨਤਾਰਨ ਦੀ ਮਾਸਿਕ ਮੀਟਿੰਗ ਜ਼ਿਲ੍ਹਾ ਪ੍ਰਧਾਨ ਬਲਦੇਵ ਸਿੰਘ ਕੱਲਾ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਦੌਰਾਨ 7 ਅਗਸਤ ਨੂੰ ਮੁਲਾਜ਼ਮ ਅਤੇ ਪੈਨਸ਼ਨਰ ਸਾਂਝਾ ਫਰੰਟ ਵੱਲੋਂ ਚੰਡੀਗੜ੍ਹ ਵਿਖੇ ਕੀਤੀ ਜਾ ਰਹੀ ਮਹਾਂ ਰੈਲੀ ਵਿਚ ਤਰਨਤਾਰਨ ਤੋਂ ਵੱਡੀ ਗਿਣਤੀ ’ਚ ਸ਼ਮੂਲੀਅਤ ਕਰਨ ਦਾ ਐਲਾਨ ਕੀਤਾ ਗਿਆ। ਮੀਟਿੰਗ ਦੀ ਸ਼ੁਰੂਆਤ ਵਿਚ ਜਨਰਲ ਸਕੱਤਰ ਸਤਪਾਲ ਸ਼ਰਮਾ ਨੇ ਦੱਸਿਆ ਕਿ ਪਿਛਲੇ ਸਮੇਂ ਦੌਰਾਨ ਸਾਥੀ ਬਲਦੇਵ ਸਿੰਘ ਪੂਨੀਆ, ਹਰਭਜਨ ਸਿੰਘ ਢਿੱਲੋਂ ਐਡਵੋਕੇਟ, ਗੁਰਮੀਤ ਸਿੰਘ, ਮੁਖਤਾਰ ਸਿੰਘ ਨੰਬਰਦਾਰ ਦੋਬਲੀਆ ਅਤੇ ਲਖਵਿੰਦਰ ਕੌਰ ਪਤਨੀ ਮਿਲਖਾ ਸਿੰਘ, ਨਿੱਕੀ ਮਾਣੋਚਾਹਲ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ ਹਨ। ਹਾਜ਼ਰ ਮੈਂਬਰਾਂ ਨੇ ਦੋ ਮਿੰਟ ਦਾ ਮੌਨ ਧਾਰਨ ਕਰਕੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਇਸ ਮੌਕੇ ਆਗੂਆਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਹੁਕਮਾਂ ਨੂੰ ਤੁਰੰਤ ਲਾਗੂ ਕਰਦਿਆਂ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੀਆਂ ਜਾਇਜ਼ ਮੰਗਾਂ ਨੂੰ ਪ੍ਰਵਾਨ ਕੀਤਾ ਜਾਵੇ। ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇਕਰ ਮੰਗਾਂ ਦਾ ਜਲਦੀ ਹੱਲ ਨਾ ਕੀਤਾ ਗਿਆ ਤਾਂ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ। ਸੂਬਾ ਕਮੇਟੀ ਮੈਂਬਰ ਜਗਤਾਰ ਸਿੰਘ ਆਸਲ ਨੇ ਕਿਹਾ ਕਿ ਸੂਬੇ ਦੀ ਆਰਥਿਕ ਸਥਿਤੀ ਚਿੰਤਾਜਨਕ ਬਣੀ ਹੋਈ ਹੈ ਅਤੇ ਕਰਜ਼ੇ ਲੈ ਕੇ ਪ੍ਰਬੰਧ ਚਲਾਇਆ ਜਾ ਰਿਹਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਕੱਚੇ ਅਤੇ ਠੇਕਾ ਮੁਲਾਜ਼ਮਾਂ ਨੂੰ ਲੰਬੇ ਸਮੇਂ ਤੋਂ ਰੈਗੂਲਰ ਨਹੀਂ ਕੀਤਾ ਜਾ ਰਿਹਾ, ਜਦਕਿ ਆਊਟਸੋਰਸ ਪ੍ਰਣਾਲੀ ਰਾਹੀਂ ਕਰਮਚਾਰੀਆਂ ਦਾ ਸ਼ੋਸ਼ਣ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ 2.59 ਗੁਣਾਂਕ ਅਨੁਸਾਰ ਪੈਨਸ਼ਨ ਅਤੇ 25 ਸਾਲ ਦੀ ਸੇਵਾ ਉਪਰੰਤ ਪੂਰੀ ਪੈਨਸ਼ਨ ਦਾ ਮਾਮਲਾ ਵੀ ਅਜੇ ਤਕ ਲਟਕਿਆ ਹੋਇਆ ਹੈ। ਸ਼ਿੰਗਾਰਾ ਸਿੰਘ ਘੜਕਾ ਨੇ ਪੰਜਾਬ ਦੇ ਵਿਗੜ ਰਹੇ ਅਮਨ-ਕਾਨੂੰਨ ਅਤੇ ਆਰਥਿਕ ਹਾਲਾਤ ’ਤੇ ਚਿੰਤਾ ਪ੍ਰਗਟ ਕੀਤੀ। ਉਨ੍ਹਾਂ ਕਿਹਾ ਕਿ ਨਸ਼ਾਖੋਰੀ ਅਤੇ ਲੁੱਟ-ਖੋਹ ਦੀਆਂ ਘਟਨਾਵਾਂ ਵਿਚ ਵਾਧਾ ਹੋ ਰਿਹਾ ਹੈ, ਜਿਸ ਵੱਲ ਸਰਕਾਰ ਨੂੰ ਗੰਭੀਰਤਾ ਨਾਲ ਧਿਆਨ ਦੇਣਾ ਚਾਹੀਦਾ ਹੈ। ਜ਼ਿਲ੍ਹਾ ਪ੍ਰਧਾਨ ਬਲਦੇਵ ਸਿੰਘ ਕੱਲਾ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਪੰਜਾਬ ਸਰਕਾਰ ਤਾਨਾਸ਼ਾਹੀ ਰਵੱਈਆ ਅਪਣਾ ਰਹੀ ਹੈ। ਉਨ੍ਹਾਂ ਬਰਨਾਲਾ ਵਿਚ ਸਫਾਈ ਸੇਵਕ ਮਹਿਲਾਵਾਂ ’ਤੇ ਹੋਏ ਲਾਠੀਚਾਰਜ ਦੀ ਨਿੰਦਾ ਕਰਦਿਆਂ ਦੋਸ਼ੀ ਅਧਿਕਾਰੀਆਂ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ। ਉਨ੍ਹਾਂ ਸਫਾਈ ਸੇਵਕਾਂ ਨੂੰ ਪੱਕਾ ਕਰਨ ਅਤੇ ਉਨ੍ਹਾਂ ਨੂੰ ਘੱਟੋਂ-ਘੱਟ 40 ਹਜ਼ਾਰ ਰੁਪਏ ਮਹੀਨਾਵਾਰ ਤਨਖ਼ਾਹ ਦੇਣ ਦੀ ਮੰਗ ਵੀ ਕੀਤੀ। ਇਸ ਦੇ ਨਾਲ ਹੀ ਉਨ੍ਹਾਂ ਕੇਂਦਰ ਸਰਕਾਰ ਦੀਆਂ ਨੀਤੀਆਂ ’ਤੇ ਵੀ ਸਵਾਲ ਉਠਾਉਂਦਿਆਂ ਦਿੱਲੀ ਦੇ ਜੰਤਰ-ਮੰਤਰ ਵਿਖੇ ਵਿਦਿਆਰਥੀਆਂ ’ਤੇ ਹੋਏ ਲਾਠੀਚਾਰਜ ਦੀ ਨਿੰਦਾ ਕੀਤੀ। ਮੀਟਿੰਗ ਦੌਰਾਨ ਬਖ਼ਸ਼ੀਸ਼ ਸਿੰਘ ਜਵੰਦਾ, ਅਸ਼ਵਨੀ ਕੁਮਾਰ ਪ੍ਰਿੰਸੀਪਲ, ਕਸ਼ਮੀਰ ਸਿੰਘ, ਦਲਬੀਰ ਸਿੰਘ ਚੋਹਲਾ, ਅਮਰਜੀਤ ਕੌਰ ਅਤੇ ਬਲਦੇਵ ਸਿੰਘ ਤਰਨਤਾਰਨ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ। ਇਸ ਮੌਕੇ ਸੁਖਦੇਵ ਸਿੰਘ ਬਾਗੜੀਆਂ, ਗਿਆਨ ਸਿੰਘ ਮੋਹਨਪੁਰਾ, ਸਰਬਜੀਤ ਸਿੰਘ, ਤਜਿੰਦਰ ਸਿੰਘ ਕੱਲਾ, ਸੁੱਖਾ ਸਿੰਘ ਪੱਟੀ, ਚਾਨਣ ਸਿੰਘ, ਗੋਪਾਲ ਸਿੰਘ, ਜਸਵੰਤ ਸਿੰਘ, ਹਰਜਿੰਦਰ ਸਿੰਘ ਜੰਡ, ਹਰਬੰਸ ਸਿੰਘ, ਕਾਬਲ ਸਿੰਘ, ਧਰਮ ਸਿੰਘ ਵਲਟੋਹਾ, ਸਤਨਾਮ ਸਿੰਘ, ਕਸ਼ਮੀਰ ਸਿੰਘ, ਗੁਰਮੇਲ ਸਿੰਘ, ਲਖਬੀਰ ਸਿੰਘ, ਜਗਤਾਰ ਸਿੰਘ ਚੰਬਾ, ਇੰਦਰਜੀਤ ਸ਼ਰਮਾ, ਇੰਦਰਜੀਤ ਕੌਰ, ਹਰਕਵਲਦੀਪ ਕੌਰ, ਅਮਰਜੀਤ ਸਿੰਘ, ਗੁਰਨਾਮ ਸਿੰਘ, ਕੇਵਲ ਸਿੰਘ, ਅਵਤਾਰ ਸਿੰਘ, ਬਲਬੀਰ ਸਿੰਘ, ਮਹਿੰਦਰ ਸਿੰਘ ਢੋਟੀਆਂ, ਸੁਖਦੇਵ ਸਿੰਘ ਗੰਡੀਵਿੰਡ, ਸੁਖਦੇਵ ਸਿੰਘ ਬਹਾਦਰ ਨਗਰ, ਮੰਗਲ ਸਿੰਘ ਸਰਹਾਲੀ, ਬਲਵਿੰਦਰ ਸਿੰਘ ਸਰਹਾਲੀ, ਅਮਰੀਕ ਸਿੰਘ, ਚਰਨ ਸਿੰਘ, ਗੁਰਪ੍ਰੀਤ ਸਿੰਘ, ਦਿਲਗੀਰ ਸਿੰਘ, ਅਮਰੀਕ ਸਿੰਘ ਤੁੜ, ਨਿਰੰਜਨ ਸਿੰਘ ਪੱਖੋਕੇ, ਸਤਵਿੰਦਰ ਕੌਰ, ਬਲਬੀਰ ਸਿੰਘ ਵਰਪਾਲ, ਅਮਰੀਕ ਸਿੰਘ ਮੱਲ੍ਹੀਆ, ਦਵਿੰਦਰ ਸਿੰਘ ਬਿੱਟੂ, ਬਚਿੱਤਰ ਸਿੰਘ ਅਤੇ ਸਿਮਰਜੀਤ ਕੌਰ ਸਮੇਤ ਵੱਡੀ ਗਿਣਤੀ ਵਿਚ ਪੈਨਸ਼ਨਰ ਹਾਜ਼ਰ ਸਨ। ਅੰਤ ਵਿਚ ਜ਼ਿਲ੍ਹਾ ਪ੍ਰਧਾਨ ਬਲਦੇਵ ਸਿੰਘ ਕੱਲਾ ਨੇ ਸਮੂਹ ਪੈਨਸ਼ਨਰਾਂ ਨੂੰ 7 ਅਗਸਤ ਦੀ ਚੰਡੀਗੜ੍ਹ ਮਹਾਂ ਰੈਲੀ ਵਿਚ ਵੱਡੀ ਗਿਣਤੀ ’ਚ ਸ਼ਮੂਲੀਅਤ ਕਰਨ ਦਾ ਸੱਦਾ ਦਿੱਤਾ ਅਤੇ ਮੀਟਿੰਗ ਵਿਚ ਪਹੁੰਚੇ ਸਾਰੇ ਮੈਂਬਰਾਂ ਦਾ ਧੰਨਵਾਦ ਕੀਤਾ।