ਹੋਮ ਗਾਰਡਜ਼ ਦੀਆਂ ਲਟਕਦੀਆਂ ਮੰਗਾਂ ਨੂੰ ਲੈ ਕੇ ਹੋਵੇਗੀ ਸੂਬਾ ਪੱਧਰੀ ਸਾਂਝੀ ਮੀਟਿੰਗ ਹੋਮ ਗਾਰਡਜ਼ ਦੀਆਂ ਲਟਕਦੀਆਂ ਮੰਗਾਂ ਨੂੰ ਲੈ ਕੇ 5 ਅਗਸਤ ਨੂੰ ਲੁਧਿਆਣਾ ’ਚ ਹੋਵੇਗੀ ਸੂਬਾ ਪੱਧਰੀ ਸਾਂਝੀ ਮੀਟਿੰਗ
Publish Date: Tue, 04 Aug 2026 04:33 PM (IST)
Updated Date: Tue, 04 Aug 2026 04:34 PM (IST)
5 ਅਗਸਤ ਨੂੰ ਲੁਧਿਆਣਾ ਦੇ ਰੱਖ ਬਾਗ ’ਚ ਹੋਣ ਵਾਲੀ ਮੀਟਿੰਗ ’ਚ ਕਰਨਗੇ ਸ਼ਮੂਲੀਅਤ ਬੱਲੂ ਮਹਿਤਾ, •ਪੰਜਾਬੀ ਜਾਗਰਣ, ਪੱਟੀ : ਪੰਜਾਬ ਹੋਮ ਗਾਰਡਜ਼ ਦੇ ਮੁਲਾਜ਼ਮਾਂ ਦੀਆਂ ਪਿਛਲੇ ਕਈ ਸਾਲਾਂ ਤੋਂ ਲਟਕ ਰਹੀਆਂ ਮੰਗਾਂ ਦੇ ਹੱਲ ਲਈ ਪੰਜਾਬ ਹੋਮ ਗਾਰਡਜ਼ ਦੀਆਂ ਸਮੂਹ ਐਸੋਸੀਏਸ਼ਨਾਂ ਵੱਲੋਂ 5 ਅਗਸਤ ਨੂੰ ਲੁਧਿਆਣਾ ਦੇ ਰੱਖ ਬਾਗ ਵਿਖੇ ਇਕ ਵੱਡੀ ਸਾਂਝੀ ਮੀਟਿੰਗ ਸੱਦੀ ਗਈ ਹੈ। ਇਸ ਮੀਟਿੰਗ ਵਿਚ ਸੂਬੇ ਭਰ ਤੋਂ ਹੋਮ ਗਾਰਡਜ਼ ਦੇ ਜਵਾਨ, ਅਹੁਦੇਦਾਰ ਅਤੇ ਵੱਖ-ਵੱਖ ਜ਼ਿਲ੍ਹਿਆਂ ਦੇ ਪ੍ਰਧਾਨ ਸ਼ਮੂਲੀਅਤ ਕਰਨਗੇ। ਇਸ ਸਬੰਧੀ ਸਤਨਾਮ ਸਿੰਘ ਮੰਡ ਨੇ ਸਮੂਹ ਹੋਮ ਗਾਰਡਜ਼ ਦੇ ਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਆਪਣੀਆਂ ਹੱਕੀ ਮੰਗਾਂ ਦੀ ਪ੍ਰਾਪਤੀ ਲਈ ਵੱਧ ਤੋਂ ਵੱਧ ਗਿਣਤੀ ਵਿਚ 5 ਅਗਸਤ ਨੂੰ ਲੁਧਿਆਣਾ ਵਿਖੇ ਹੋਣ ਵਾਲੀ ਸਾਂਝੀ ਮੀਟਿੰਗ ਵਿਚ ਸ਼ਾਮਿਲ ਹੋਣ। ਉਨ੍ਹਾਂ ਕਿਹਾ ਕਿ ਮੀਟਿੰਗ ਦਾ ਮੁੱਖ ਉਦੇਸ਼ ਹੋਮ ਗਾਰਡਜ਼ ਦੇ ਜਵਾਨਾਂ ਦੀਆਂ ਲੰਬੇ ਸਮੇਂ ਤੋਂ ਲਟਕ ਰਹੀਆਂ ਮੰਗਾਂ ’ਤੇ ਵਿਚਾਰ-ਵਟਾਂਦਰਾ ਕਰ ਕੇ ਸਰਕਾਰ ਅੱਗੇ ਸਾਂਝੇ ਤੌਰ ਤੇ ਮੰਗ ਪੱਤਰ ਪੇਸ਼ ਕਰਨਾ ਹੈ। ਇਸ ਦੌਰਾਨ ਚਾਰ ਅਹਿਮ ਮੁੱਦਿਆਂ ’ਤੇ ਵਿਸ਼ੇਸ਼ ਚਰਚਾ ਕੀਤੀ ਜਾਵੇਗੀ। ਮੁੱਖ ਮੰਗਾਂ ਵਿਚ ਸੇਵਾ ਮੁਕਤ ਹੋਮ ਗਾਰਡਜ਼ ਜਵਾਨਾਂ ਨੂੰ ਪ੍ਰਤੀ ਮਹੀਨਾ 15 ਹਜ਼ਾਰ ਰੁਪਏ ਪੈਨਸ਼ਨ ਦਿੱਤੀ ਜਾਣਾ, ਸਾਲ 2007 ਵਿਚ ਬਣਾਈ ਗਈ ਤਰਸ ਦੇ ਆਧਾਰ ’ਤੇ ਭਰਤੀ ਨੀਤੀ ਨੂੰ 1990 ਤੋਂ ਲਾਗੂ ਕਰਨਾ, ਬਦਲੀਆਂ, ਕੋਰਸਾਂ ਅਤੇ ਚੋਣ ਡਿਊਟੀਆਂ ਦੌਰਾਨ ਕੁਝ ਅਧਿਕਾਰੀਆਂ ਵੱਲੋਂ ਕੀਤੀ ਜਾਂਦੀ ਧੱਕੇਸ਼ਾਹੀ ਅਤੇ ਕਥਿਤ ਤੌਰ ਤੇ ਪੈਸੇ ਲਏ ਜਾਣ ਸਬੰਧੀ ਆ ਰਹੀਆਂ ਸ਼ਿਕਾਇਤਾਂ ਤੇ ਗੰਭੀਰ ਵਿਚਾਰ ਕਰਨਾ ਅਤੇ ਹੋਮ ਗਾਰਡਜ਼ ਜਵਾਨਾਂ ਨੂੰ ਬੱਸ ਕਿਰਾਏ ਅਤੇ ਟੋਲ ਟੈਕਸ ਵਿਚ ਰਾਹਤ ਦੇਣ ਦੀ ਮੰਗ ਸ਼ਾਮਿਲ ਹੈ। ਮੀਟਿੰਗ ਦੌਰਾਨ ਇਹ ਵੀ ਫੈਸਲਾ ਲਿਆ ਜਾਵੇਗਾ ਕਿ ਪੰਜਾਬ ਦੇ ਹਰ ਵਿਧਾਨ ਸਭਾ ਹਲਕੇ ਦੇ ਵਿਧਾਇਕਾਂ ਤੋਂ ਮੰਗਾਂ ਨੂੰ ਲਿਖਤੀ ਰੂਪ ਵਿਚ ਅੱਗੇ ਭੇਜਣ ਦੀ ਸਿਫ਼ਾਰਸ਼ ਕਰਵਾਈ ਜਾਵੇ ਅਤੇ ਹਰ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਰਾਹੀਂ ਸਰਕਾਰ ਨੂੰ ਮੰਗ ਪੱਤਰ ਭੇਜੇ ਜਾਣ। ਇਸ ਸੂਬਾ ਪੱਧਰੀ ਮੀਟਿੰਗ ਵਿਚ ਸਵਰਨਜੀਤ ਸਿੰਘ ਨਾਹਰ, ਸੁਰਜੀਤ ਸਿੰਘ ਕੰਬੋਜ, ਦੇਵੀ ਦਿਆਲ, ਰਾਕੇਸ਼ ਕੁਮਾਰ, ਅਮਰਜੀਤ ਸਿੰਘ ਸਮੇਤ ਵੱਖ-ਵੱਖ ਜ਼ਿਲ੍ਹਿਆਂ ਦੇ ਪ੍ਰਧਾਨ ਅਤੇ ਵੱਡੀ ਗਿਣਤੀ ਵਿਚ ਹੋਮ ਗਾਰਡਜ਼ ਜਵਾਨ ਸ਼ਮੂਲੀਅਤ ਕਰਨਗੇ।