ਦੀ ਰੈਵੇਨਿਊ ਪਟਵਾਰ ਯੂਨੀਅਨ ਨੇ ਦਿੱਤਾ ਤਹਿਸੀਲਦਾਰ ਦਫ਼ਤਰ ਅੱਗੇ ਧਰਨਾ ਦੀ ਰੈਵੇਨਿਊ ਪਟਵਾਰ ਯੂਨੀਅਨ ਨੇ ਦਿੱਤਾ ਤਹਿਸੀਲਦਾਰ ਦਫ਼ਤਰ ਅੱਗੇ ਧਰਨਾ
Publish Date: Thu, 30 Jul 2026 06:12 PM (IST)
Updated Date: Thu, 30 Jul 2026 06:13 PM (IST)
ਰਾਜਨ ਚੋਪੜਾ •ਪੰਜਾਬੀ ਜਾਗਰਣ ਭਿੱਖੀਵਿੰਡ : ਸਬ-ਡਵੀਜ਼ਨ ਭਿੱਖੀਵਿੰਡ ਦੀ ਰੈਵੇਨਿਊ ਪਟਵਾਰ ਯੂਨੀਅਨ ਦੇ ਪਟਵਾਰੀਆਂ ਵੱਲੋਂ ਬਿੱਲ ਕਲਰਕ ਦੀ ਨਿਯੁਕਤੀ ਨਾ ਹੋਣ ਕਾਰਨ ਤਨਖ਼ਾਹਾਂ ਤੇ ਹੋਰ ਸੇਵਾ ਸਬੰਧੀ ਕੰਮ ਲੰਬਿਤ ਪਏ ਹੋਣ ਦੇ ਵਿਰੋਧ ਵਿਚ ਤਹਿਸੀਲਦਾਰ ਦਫ਼ਤਰ ਭਿੱਖੀਵਿੰਡ ਅੱਗੇ ਦੋ ਘੰਟੇ ਲਈ ਧਰਨਾ ਦਿੱਤਾ ਗਿਆ। ਇਸ ਸਬੰਧੀ ਤਹਿਸੀਲ ਜਨਰਲ ਸਕੱਤਰ ਜਰਮਨਦੀਪ ਸਿੰਘ ਗਿੱਲ ਨੇ ਕਿਹਾ ਕਿ ਪਿਛਲੇ ਇਕ ਸਾਲ ਤੋਂ ਤਹਿਸੀਲ ਭਿੱਖੀਵਿੰਡ ਵਿਚ ਬਿੱਲ ਕਲਰਕ ਪਟਵਾਰੀ ਦੀ ਪੋਸਟ ਤੇ ਕਿਸੇ ਵੀ ਕਰਮਚਾਰੀ ਨੂੰ ਪੱਕੇ ਤੌਰ ਤੇ ਚਾਰਜ ਨਹੀਂ ਦਿੱਤਾ ਗਿਆ। ਜੋ ਵੀ ਕਰਮਚਾਰੀ ਇਸ ਪੋਸਟ ਤੇ ਕੰਮ ਕਰ ਰਿਹਾ ਸੀ, ਉਸ ਕੋਲ ਇਹ ਕੰਮ ਵਾਧੂ ਚਾਰਜ ਵਜੋਂ ਸੀ। ਇਸ ਕਾਰਨ ਹਰ ਮਹੀਨੇ ਪਟਵਾਰੀਆਂ ਨੂੰ ਆਪਣੀ ਤਨਖ਼ਾਹ ਜਾਰੀ ਕਰਵਾਉਣ ਲਈ ਬਿੱਲ ਕਲਰਕ ਅੱਗੇ ਮਿੰਨਤਾਂ ਕਰਨੀਆਂ ਪੈਂਦੀਆਂ ਹਨ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਦੋ ਸਾਥੀਆਂ ਸੁਨੀਲ ਦੱਤ ਪਟਵਾਰੀ ਨੂੰ ਪਿਛਲੇ ਛੇ ਮਹੀਨਿਆਂ ਤੋਂ ਤਨਖ਼ਾਹ ਨਹੀਂ ਮਿਲੀ, ਜਦਕਿ ਗਗਨਦੀਪ ਸਿੰਘ ਪਟਵਾਰੀ ਨੇ ਨਵੰਬਰ 2025 ਵਿਚ ਨੌਕਰੀ ਜੁਆਇਨ ਕੀਤੀ ਸੀ, ਪਰ ਸਾਰੇ ਲੋੜੀਂਦੇ ਦਸਤਾਵੇਜ਼ ਜਮ੍ਹਾਂ ਕਰਵਾਉਣ ਦੇ ਬਾਵਜੂਦ ਅਜੇ ਤੱਕ ਉਨ੍ਹਾਂ ਨੂੰ ਇਕ ਵੀ ਤਨਖ਼ਾਹ ਨਹੀਂ ਮਿਲੀ। ਇਸ ਤੋਂ ਇਲਾਵਾ ਵੱਡੀ ਗਿਣਤੀ ਵਿਚ ਪਟਵਾਰੀਆਂ ਨੂੰ ਇਸ ਸਾਲ ਦੀ ਸਾਲਾਨਾ ਤਰੱਕੀ ਵੀ ਨਹੀਂ ਮਿਲੀ। ਜਰਮਨਦੀਪ ਸਿੰਘ ਗਿੱਲ ਨੇ ਕਿਹਾ ਕਿ ਯੂਨੀਅਨ ਵੱਲੋਂ ਇਸ ਸਬੰਧੀ ਲਲਿਤ, ਜੋ ਬਿੱਲ ਕਲਰਕ ਦਾ ਵਾਧੂ ਚਾਰਜ ਸੰਭਾਲ ਰਹੇ ਹਨ, ਨਾਲ ਗੱਲਬਾਤ ਕੀਤੀ ਗਈ ਸੀ। ਉਨ੍ਹਾਂ ਸਪੱਸ਼ਟ ਕੀਤਾ ਕਿ ਉਨ੍ਹਾਂ ਕੋਲ ਨਾ ਤਾਂ ਨਵੀਂ ਤਨਖ਼ਾਹ ਜਾਰੀ ਕਰਨ ਤੇ ਨਾ ਹੀ ਸਾਲਾਨਾ ਤਰੱਕੀ ਲਗਾਉਣ ਦੇ ਅਧਿਕਾਰ ਹਨ। ਇਸ ਲਈ ਯੂਨੀਅਨ ਦੀ ਮੰਗ ਹੈ ਕਿ ਕਿਸੇ ਕਰਮਚਾਰੀ ਨੂੰ ਬਿੱਲ ਕਲਰਕ ਦਾ ਪੱਕਾ ਚਾਰਜ ਦਿੱਤਾ ਜਾਵੇ, ਤਾਂ ਜੋ ਪਟਵਾਰੀਆਂ ਦੀਆਂ ਤਨਖ਼ਾਹਾਂ ਤੇ ਹੋਰ ਪ੍ਰਸ਼ਾਸਨਿਕ ਕੰਮ ਸਮੇਂ ਸਿਰ ਨਿਪਟਾਏ ਜਾ ਸਕਣ। ਬਾਅਦ ਦੁਪਹਿਰ ਤਹਿਸੀਲਦਾਰ ਭਿੱਖੀਵਿੰਡ ਸੁਰਿੰਦਰ ਕੁਮਾਰ ਪੱਬੀ ਵੱਲੋਂ ਪਟਵਾਰੀਆਂ ਦੀਆਂ ਜਾਇਜ਼ ਮੰਗਾਂ ਦੇ ਹੱਲ ਲਈ ਉੱਚ ਅਧਿਕਾਰੀਆਂ ਕੋਲ ਮਾਮਲਾ ਉਠਾਉਣ ਤੇ ਜਲਦ ਹੱਲ ਕਰਵਾਉਣ ਦਾ ਭਰੋਸਾ ਦਿੱਤੇ ਜਾਣ ਉਪਰੰਤ ਧਰਨਾ ਸਮਾਪਤ ਕਰ ਦਿੱਤਾ ਗਿਆ। ਇਸ ਮੌਕੇ ਤਹਿਸੀਲ ਪ੍ਰਧਾਨ ਜਸਵਿੰਦਰ ਸਿੰਘ, ਕਾਨੂੰਗੋ ਜਗਦੀਸ਼ ਸ਼ਰਮਾ, ਪਟਵਾਰੀ ਰਾਜਬੀਰ ਸਿੰਘ ਸੰਧੂ, ਪਟਵਾਰੀ ਕੰਵਲਜੀਤ ਸਿੰਘ ਸਮੇਤ ਰੈਵੇਨਿਊ ਪਟਵਾਰ ਯੂਨੀਅਨ ਦੇ ਹੋਰ ਆਗੂ ਤੇ ਮੈਂਬਰ ਹਾਜ਼ਰ ਸਨ।