- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪੰਜਾਬ ਸਰਕਾਰ ਭਰਤੀ ਪ੍ਰੀਖਿਆਵਾਂ ਦੀ ਪਵਿੱਤਰਤਾ ਬਰਕਰਾਰ ਰੱਖਣ ’ਚ ਨਾਕਾਮ ਰਹੀ: ਡਾ. ਵੇਂਈਪੂੰਈ

ਗੁਰਬਰਿੰਦਰ ਸਿੰਘ, •ਪੰਜਾਬੀ ਜਾਗਰਣ, ਸ੍ਰੀ ਗੋਇੰਦਵਾਲ ਸਾਹਿਬ : ਪੰਜਾਬ ਫਾਰਮੇਸੀ ਅਫ਼ਸਰ ਭਰਤੀ ਪ੍ਰੀਖਿਆ ਵਿਚ ਕਥਿਤ ਪੇਪਰ ਲੀਕ ਮਾਮਲੇ ਨੂੰ ਲੈ ਕੇ ਸਿਆਸੀ ਮਾਹੌਲ ਗਰਮਾ ਗਿਆ ਹੈ। ਭਾਰਤੀ ਜਨਤਾ ਪਾਰਟੀ ਦੇ ਕਿਸਾਨ ਮੋਰਚਾ ਜ਼ਿਲ੍ਹਾ ਤਰਨਤਾਰਨ ਦੇ ਪ੍ਰਧਾਨ ਡਾ. ਅਵਤਾਰ ਸਿੰਘ ਵੇਂਈਪੂੰਈ ਨੇ ਇਸ ਮਾਮਲੇ ਨੂੰ ਪੰਜਾਬ ਸਰਕਾਰ ਦੀ ਵੱਡੀ ਪ੍ਰਸ਼ਾਸਨਿਕ ਨਾਕਾਮੀ ਕਰਾਰ ਦਿੰਦਿਆਂ ਸਿਹਤ ਮੰਤਰੀ ਡਾ. ਬਲਬੀਰ ਸਿੰਘ ਅਤੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਤੋਂ ਤੁਰੰਤ ਅਸਤੀਫ਼ੇ ਦੀ ਮੰਗ ਕੀਤੀ ਹੈ। ਡਾ. ਵੇਂਈਪੂਈ ਨੇ ਦੋਸ਼ ਲਗਾਇਆ ਕਿ 19 ਜੁਲਾਈ ਨੂੰ 454 ਫਾਰਮੇਸੀ ਅਫ਼ਸਰ ਅਸਾਮੀਆਂ ਲਈ ਹੋਈ ਭਰਤੀ ਪ੍ਰੀਖਿਆ, ਜਿਸ ਵਿਚ ਲਗਭਗ 7 ਹਜ਼ਾਰ ਉਮੀਦਵਾਰ ਸ਼ਾਮਿਲ ਹੋਏ ਸਨ, ਦੌਰਾਨ ਪ੍ਰੀਖਿਆ ਕੇਂਦਰ ਅੰਦਰੋਂ ਪ੍ਰਸ਼ਨ ਪੱਤਰ ਸਕੈਨ ਕਰਕੇ ਬਾਹਰ ਭੇਜਿਆ ਗਿਆ। ਬਾਹਰ ਬੈਠੇ ਲੋਕਾਂ ਨੇ ਪ੍ਰਸ਼ਨਾਂ ਦੇ ਉੱਤਰ ਤਿਆਰ ਕਰਕੇ ਬਲੂਟੂਥ ਆਧਾਰਿਤ ਉਪਕਰਨਾਂ ਰਾਹੀਂ ਉਮੀਦਵਾਰਾਂ ਤਕ ਪਹੁੰਚਾਏ, ਜਿਸ ਨਾਲ ਭਰਤੀ ਪ੍ਰਕਿਰਿਆ ਦੀ ਨਿਰਪੱਖਤਾ 'ਤੇ ਗੰਭੀਰ ਸਵਾਲ ਖੜ੍ਹੇ ਹੋ ਗਏ ਹਨ।
ਅਧਿਕਾਰੀਆਂ ਨੂੰ ਪਹਿਲਾਂ ਹੀ ਇਲੈਕਟ੍ਰਾਨਿਕ ਉਪਕਰਨਾਂ ਦੀ ਵਰਤੋਂ ਸਬੰਧੀ ਖੁਫੀਆ ਜਾਣਕਾਰੀ ਮਿਲਣ ਦੇ ਬਾਵਜੂਦ ਸਰਕਾਰ ਵੱਲੋਂ ਨਾ ਤਾਂ ਜੈਮਰ ਲਗਾਏ ਗਏ ਅਤੇ ਨਾ ਹੀ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ। ਉਨ੍ਹਾਂ ਕਿਹਾ ਕਿ ਇਹ ਲਾਪਰਵਾਹੀ ਸਰਕਾਰ ਦੀ ਤਿਆਰੀ ਅਤੇ ਜਵਾਬਦੇਹੀ 'ਤੇ ਵੱਡਾ ਸਵਾਲੀਆ ਨਿਸ਼ਾਨ ਹੈ। ਭਾਜਪਾ ਆਗੂ ਨੇ ਦਾਅਵਾ ਕੀਤਾ ਕਿ ਆਮ ਆਦਮੀ ਪਾਰਟੀ ਸਰਕਾਰ ਦੇ ਕਾਰਜਕਾਲ ਦੌਰਾਨ ਇਹ ਛੇਵਾਂ ਵੱਡਾ ਭਰਤੀ ਜਾਂ ਪ੍ਰੀਖਿਆ ਵਿਵਾਦ ਹੈ। ਉਨ੍ਹਾਂ ਨਾਇਬ ਤਹਿਸੀਲਦਾਰ ਭਰਤੀ ਪ੍ਰੀਖਿਆ, ਪੰਜਾਬ ਸਕੂਲ ਸਿੱਖਿਆ ਬੋਰਡ ਦੀ ਬਾਰ੍ਹਵੀਂ ਦੇ ਅੰਗਰੇਜ਼ੀ ਪ੍ਰਸ਼ਨ ਪੱਤਰ ਲੀਕ, ਪੀਐੱਸਟੀਈਟੀ ਵਿਵਾਦ ਅਤੇ ਪੰਜਾਬ ਅਧੀਨ ਸੇਵਾਵਾਂ ਚੋਣ ਬੋਰਡ ਦੀਆਂ ਭਰਤੀਆਂ ਵਿਚ ਕਥਿਤ ਬੇਨਿਯਮੀਆਂ ਦਾ ਹਵਾਲਾ ਦਿੰਦਿਆਂ ਕਿਹਾ ਕਿ ਇਹ ਘਟਨਾਵਾਂ ਸਰਕਾਰ ਦੀਆਂ ਪ੍ਰਸ਼ਾਸਨਿਕ ਨਾਕਾਮੀਆਂ ਨੂੰ ਦਰਸਾਉਂਦੀਆਂ ਹਨ।
ਡਾ. ਵੇਂਈਪੂਈ ਨੇ ਕਿਹਾ ਕਿ ਜਿਨ੍ਹਾਂ ਆਗੂਆਂ ਨੇ ਪਹਿਲਾਂ ਹੋਰ ਸਰਕਾਰਾਂ ਤੋਂ ਪ੍ਰੀਖਿਆ ਘੁਟਾਲਿਆਂ ਦੇ ਮਾਮਲਿਆਂ ਵਿਚ ਨੈਤਿਕਤਾ ਦੇ ਆਧਾਰ 'ਤੇ ਅਸਤੀਫ਼ਿਆਂ ਦੀ ਮੰਗ ਕੀਤੀ ਸੀ, ਉਨ੍ਹਾਂ ਨੂੰ ਹੁਣ ਪੰਜਾਬ ਵਿਚ ਵੀ ਉਹੀ ਮਾਪਦੰਡ ਅਪਣਾਉਣੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਭਰਤੀ ਪ੍ਰੀਖਿਆਵਾਂ ਦੀ ਭਰੋਸੇਯੋਗਤਾ ਅਤੇ ਨੌਜਵਾਨਾਂ ਦੇ ਭਵਿੱਖ ਦੀ ਰੱਖਿਆ ਲਈ ਜ਼ਿੰਮੇਵਾਰੀ ਤੈਅ ਹੋਣੀ ਲਾਜ਼ਮੀ ਹੈ। ਉਨ੍ਹਾਂ ਮੰਗ ਕੀਤੀ ਕਿ ਇਸ ਮਾਮਲੇ ਦੀ ਨਿਰਪੱਖ ਅਤੇ ਉੱਚ ਪੱਧਰੀ ਜਾਂਚ ਕਰਵਾਈ ਜਾਵੇ, ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ ਅਤੇ ਭਰਤੀ ਪ੍ਰਕਿਰਿਆ ਨੂੰ ਪੂਰੀ ਤਰ੍ਹਾਂ ਪਾਰਦਰਸ਼ੀ ਬਣਾਇਆ ਜਾਵੇ, ਤਾਂ ਜੋ ਪੰਜਾਬ ਦੇ ਨੌਜਵਾਨਾਂ ਦਾ ਭਰੋਸਾ ਮੁੜ ਬਹਾਲ ਹੋ ਸਕੇ।