- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਗੁਰਦੁਆਰਾ ਲੰਗਰ ਸਾਹਿਬ ਨਾਂਦੇੜ ’ਚ 4 ਅਗਸਤ ਨੂੰ ਮਨਾਇਆ ਜਾਵੇਗਾ ਮਹਾਂਪੁਰਸ਼ਾਂ ਦਾ 21ਵਾਂ ਸਲਾਨਾ ਬਰਸੀ ਸਮਾਗਮ

-ਦੇਸ਼-ਵਿਦੇਸ਼ ਦੀ ਸੰਗਤ ਨੂੰ ਸਮਾਗਮ ’ਚ ਸ਼ਾਮਲ ਹੋਣ ਦੀ ਅਪੀਲ, ਪ੍ਰਬੰਧ ਹੋਣਗੇ ਪੁਖ਼ਤਾ
ਰਾਕੇਸ਼ ਨਈਅਰ•, ਪੰਜਾਬੀ ਜਾਗਰਣ, ਚੋਹਲਾ ਸਾਹਿਬ : ਸੱਚਖੰਡ ਸ੍ਰੀ ਹਜ਼ੂਰ ਅਬਿਚਲ ਨਗਰ ਸਾਹਿਬ ਨਾਲ ਸਬੰਧਤ ਗੁਰਦੁਆਰਾ ਲੰਗਰ ਸਾਹਿਬ ਦੇ ਬਾਨੀ ਮਹਾਪੁਰਸ਼ ਬਾਬਾ ਨਿਧਾਨ ਸਿੰਘ, ਬਾਬਾ ਹਰਨਾਮ ਸਿੰਘ, ਬਾਬਾ ਆਤਮਾ ਸਿੰਘ ਤੇ ਬਾਬਾ ਸ਼ੀਸ਼ਾ ਸਿੰਘ ਦਾ 21ਵੀਂ ਬਰਸੀ ਸਮਾਗਮ 4 ਅਗਸਤ, ਨੂੰ ਸ੍ਰੀ ਗੁਰਦੁਆਰਾ ਲੰਗਰ ਸਾਹਿਬ, ਨਾਂਦੇੜ ਵਿਖੇ ਪੂਰੀ ਧਾਰਮਿਕ ਸ਼ਰਧਾ, ਸਤਿਕਾਰ ਤੇ ਖ਼ਾਲਸਾਈ ਰਵਾਇਤਾਂ ਅਨੁਸਾਰ ਮਨਾਇਆ ਜਾਵੇਗਾ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਸੱਚਖੰਡ ਸ੍ਰੀ ਹਜ਼ੂਰ ਅਬਿਚਲ ਨਗਰ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਬਾਬਾ ਕੁਲਵੰਤ ਸਿੰਘ ਜੀ ਨੇ ਸਮੂਹ ਗੁਰੂ ਨਾਨਕ ਨਾਮਲੇਵਾ ਸੰਗਤ ਨੂੰ ਇਸ ਮਹਾਨ ਧਾਰਮਿਕ ਸਮਾਗਮ ਵਿਚ ਵੱਧ-ਚੜ੍ਹ ਕੇ ਸ਼ਮੂਲੀਅਤ ਕਰਨ ਦੀ ਅਪੀਲ ਕੀਤੀ। ਉਨ੍ਹਾਂ ਦੱਸਿਆ ਕਿ ਸਮਾਗਮ ਦੌਰਾਨ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਪਿਛਲੇ ਸਾਲ ਤੋਂ ਨਿਰੰਤਰ ਚੱਲ ਰਹੀ ਸ੍ਰੀ ਜਪੁਜੀ ਸਾਹਿਬ ਤੇ ਸ੍ਰੀ ਸੁਖਮਨੀ ਸਾਹਿਬ ਦੇ ਪਾਠਾਂ ਦੀ ਲੜੀ ਦੀ ਸੰਪੂਰਨਤਾ ਵੀ ਹੋਵੇਗੀ। ਸਮਾਗਮ ਮੌਕੇ ਪੰਥ ਪ੍ਰਸਿੱਧ ਰਾਗੀ, ਢਾਡੀ ਅਤੇ ਕਥਾਵਾਚਕ ਜਥੇ ਗੁਰਬਾਣੀ ਕੀਰਤਨ, ਕਥਾ-ਵਿਚਾਰ ਅਤੇ ਗੁਰਮਤਿ ਪ੍ਰਵਚਨਾਂ ਰਾਹੀਂ ਸੰਗਤਾਂ ਨੂੰ ਗੁਰੂ ਚਰਨਾਂ ਨਾਲ ਜੋੜਨਗੇ। ਇਸ ਮੌਕੇ ਬਾਬਾ ਨਰਿੰਦਰ ਸਿੰਘ ਅਤੇ ਬਾਬਾ ਬਲਵਿੰਦਰ ਸਿੰਘ ਸਮਾਗਮ ’ਚ ਪੁੱਜਣ ਵਾਲੀ ਸੰਗਤ ਦਾ ਧੰਨਵਾਦ ਕਰਨਗੇ। ਜਥੇ. ਬਾਬਾ ਕੁਲਵੰਤ ਸਿੰਘ ਨੇ ਦੱਸਿਆ ਕਿ ਇਸੇ ਦਿਨ ਤਖ਼ਤ ਸੱਚਖੰਡ ਸ੍ਰੀ ਹਜ਼ੂਰ ਅਬਿਚਲ ਨਗਰ ਸਾਹਿਬ ਵਿਖੇ ਅੰਮ੍ਰਿਤ ਸੰਚਾਰ ਦਾ ਵਿਸ਼ੇਸ਼ ਪ੍ਰਬੰਧ ਵੀ ਕੀਤਾ ਗਿਆ ਹੈ।
ਉਨ੍ਹਾਂ ਅੰਮ੍ਰਿਤ ਛਕਣ ਦੇ ਇੱਛੁਕ ਪ੍ਰਾਣੀਆਂ ਨੂੰ ਇਸ ਪਾਵਨ ਮੌਕੇ ਦਾ ਲਾਹਾ ਲੈ ਕੇ ਗੁਰੂ ਵਾਲੇ ਬਣਨ ਤੇ ਆਪਣੇ ਜੀਵਨ ਨੂੰ ਗੁਰਮਤਿ ਅਨੁਸਾਰ ਸਫ਼ਲ ਬਣਾਉਣ ਦੀ ਅਪੀਲ ਕੀਤੀ। ਉਨ੍ਹਾਂ ਦੇਸ਼-ਵਿਦੇਸ਼ ਵਿਚ ਵਸਦੀਆਂ ਸਮੂਹ ਸੰਗਤਾਂ ਨੂੰ ਬੇਨਤੀ ਕੀਤੀ ਕਿ ਉਹ ਸਮਾਗਮ ’ਚ ਹਾਜ਼ਰੀ ਭਰ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਨ। ਉਨ੍ਹਾਂ ਦੱਸਿਆ ਕਿ ਸੰਗਤਾਂ ਦੀ ਰਿਹਾਇਸ਼ ਦਾ ਯੋਗ ਪ੍ਰਬੰਧ ਸੰਗਤਾਂ ਦੇ ਸਹਿਯੋਗ ਨਾਲ ਕੀਤਾ ਜਾਵੇਗਾ, ਜਦਕਿ ਸਮੁੱਚੇ ਸਮਾਗਮ ਦੌਰਾਨ ਗੁਰੂ ਕਾ ਅਤੁੱਟ ਲੰਗਰ ਨਿਰੰਤਰ ਵਰਤਾਇਆ ਜਾਵੇਗਾ। ਇਸ ਮੌਕੇ ਗੋਲਡਨ ਟੈਂਪਲ ਸ਼ਾਪਕੀਪਰ ਐਸੋਸੀਏਸ਼ਨ ਘੰਟਾ ਘਰ, ਅੰਮ੍ਰਿਤਸਰ ਦੇ ਪ੍ਰਧਾਨ ਬਾਬਾ ਗੁਰਦੀਪ ਸਿੰਘ ਨੇ ਵੀ ਸਮੂਹ ਸੰਗਤ ਨੂੰ ਅਪੀਲ ਕੀਤੀ ਕਿ ਉਹ ਇਸ ਮਹਾਨ ਧਾਰਮਿਕ ਸਮਾਗਮ ਵਿਚ ਸ਼ਾਮਿਲ ਹੋ ਕੇ ਮਹਾਂਪੁਰਸ਼ਾਂ ਦੇ ਜੀਵਨ ਤੋਂ ਪ੍ਰੇਰਣਾ ਲੈਣ ਤੇ ਗੁਰੂਘਰ ਦੀਆਂ ਬਖ਼ਸ਼ਿਸ਼ਾਂ ਦੇ ਭਾਗੀ ਬਣਨ।