- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਆਮ ਆਦਮੀ ਪਾਰਟੀ ਨੇ ਜੱਸਾ ਪੱਟੀ ਨੂੰ ਹਲਕਾ ਪੱਟੀ ਦਾ ਇੰਚਾਰਜ ਲਗਾਇਆ

ਕੇਪੀ ਗਿੱਲ•, ਪੰਜਾਬੀ ਜਾਗਰਣ, ਕੈਰੋਂ : ਵਿਧਾਨ ਸਭਾ ਹਲਕਾ ਪੱਟੀ ਦੀ ਸਿਆਸਤ ਵਿਚ ਇਕ ਅਹਿਮ ਮੋੜ ਉਸ ਵੇਲੇ ਆਇਆ ਜਦੋਂ ਆਮ ਆਦਮੀ ਪਾਰਟੀ ਨੇ ਭਲਵਾਨ ਜਸਕੰਵਰ ਸਿੰਘ ਜੱਸਾ ਪੱਟੀ ਨੂੰ ਵਿਧਾਨ ਸਭਾ ਹਲਕਾ ਪੱਟੀ ਦਾ ਇੰਚਾਰਜ ਨਿਯੁਕਤ ਕੀਤਾ। ਇਸ ਨਿਯੁਕਤੀ ਨਾਲ ਹਲਕੇ ’ਚ ਸਿਆਸੀ ਸਰਗਰਮੀਆਂ ਤੇਜ਼ ਹੋ ਗਈਆਂ ਹਨ ਅਤੇ ਆਉਣ ਵਾਲੇ ਸਮੇਂ ਵਿਚ ਨਵੇਂ ਸਿਆਸੀ ਸਮੀਕਰਨ ਬਣਨ ਦੇ ਆਸਾਰ ਨਜ਼ਰ ਆ ਰਹੇ ਹਨ।
ਪੱਟੀ ਦੇ ਵਿਧਾਇਕ ਤੇ ਸਾਬਕਾ ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ ਇਸ ਸਮੇਂ ਡੀਐੱਮ ਗਗਨਦੀਪ ਸਿੰਘ ਰੰਧਾਵਾ ਖੁਦਕੁਸ਼ੀ ਮਾਮਲੇ ਵਿਚ ਨਿਆਂਇਕ ਹਿਰਾਸਤ ਵਿਚ ਹਨ। ਇਸ ਕਾਰਨ ਹਲਕੇ ਦੀ ਸਿਆਸਤ ਵਿਚ ਲੀਡਰਸ਼ਿਪ ਨੂੰ ਲੈ ਕੇ ਚਰਚਾਵਾਂ ਲਗਾਤਾਰ ਜਾਰੀ ਸਨ। ਭਾਵੇਂ ਲਾਲਜੀਤ ਸਿੰਘ ਭੁੱਲਰ ਦੀ ਪਤਨੀ ਬੀਬੀ ਸੁਰਿੰਦਰਪਾਲ ਕੌਰ ਭੁੱਲਰ ਹਲਕੇ ਵਿਚ ਲੋਕਾਂ ਨਾਲ ਲਗਾਤਾਰ ਸੰਪਰਕ ਬਣਾਈ ਹੋਈ ਹੈ ਅਤੇ ਵੱਖ-ਵੱਖ ਸਮਾਗਮਾਂ ਵਿਚ ਸ਼ਮੂਲੀਅਤ ਕਰ ਰਹੀ ਹੈ, ਪਰ ਪਾਰਟੀ ਹਾਈਕਮਾਨ ਨੇ ਸੰਗਠਨ ਨੂੰ ਹੋਰ ਮਜ਼ਬੂਤ ਕਰਨ ਦੇ ਉਦੇਸ਼ ਨਾਲ ਜਸਕੰਵਰ ਸਿੰਘ ਜੱਸਾ ਪੱਟੀ ਨੂੰ ਹਲਕੇ ਦੀ ਜ਼ਿੰਮੇਵਾਰੀ ਸੌਂਪ ਦਿੱਤੀ ਹੈ। ਪਾਰਟੀ ਦੇ ਇਸ ਫ਼ੈਸਲੇ ਨੂੰ ਹਲਕੇ ਵਿਚ ਸੰਗਠਨਾਤਮਕ ਢਾਂਚੇ ਨੂੰ ਮਜ਼ਬੂਤ ਕਰਨ ਅਤੇ ਵਰਕਰਾਂ ਨਾਲ ਸਿੱਧਾ ਤਾਲਮੇਲ ਬਣਾਉਣ ਦੀ ਕੋਸ਼ਿਸ਼ ਵਜੋਂ ਦੇਖਿਆ ਜਾ ਰਿਹਾ ਹੈ।
ਇਸ ਨਿਯੁਕਤੀ ਤੋਂ ਬਾਅਦ ਪੱਟੀ ਵਿਧਾਨ ਸਭਾ ਹਲਕੇ ਵਿਚ ਸਿਆਸੀ ਹਲਚਲ ਤੇਜ਼ ਹੋ ਗਈ ਹੈ ਅਤੇ ਵੱਖ-ਵੱਖ ਸਿਆਸੀ ਧਿਰਾਂ ਵੀ ਇਸ ਨੂੰ ਗੰਭੀਰਤਾ ਨਾਲ ਦੇਖ ਰਹੀਆਂ ਹਨ। ਇਸ ਮੌਕੇ ਵਿਧਾਨ ਸਭਾ ਹਲਕਾ ਪੱਟੀ ਦੇ ਨਵੇਂ ਇੰਚਾਰਜ ਜਸਕੰਵਰ ਸਿੰਘ ਜੱਸਾ ਪੱਟੀ ਨੇ ਪਾਰਟੀ ਹਾਈਕਮਾਨ ਦਾ ਧੰਨਵਾਦ ਕਰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਵੱਲੋਂ ਮੇਰੇ ਉੱਤੇ ਜਤਾਏ ਵਿਸ਼ਵਾਸ ਲਈ ਮੈਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ, ਪਾਰਟੀ ਦੀ ਸਮੁੱਚੀ ਲੀਡਰਸ਼ਿਪ ਅਤੇ ਸੀਨੀਅਰ ਆਗੂਆਂ ਦਾ ਦਿਲੋਂ ਧੰਨਵਾਦ ਕਰਦਾ ਹਾਂ। ਪਾਰਟੀ ਵੱਲੋਂ ਦਿੱਤੀ ਇਸ ਵੱਡੀ ਜ਼ਿੰਮੇਵਾਰੀ ਨੂੰ ਮੈਂ ਪੂਰੀ ਇਮਾਨਦਾਰੀ, ਮਿਹਨਤ ਤੇ ਤਨਦੇਹੀ ਨਾਲ ਨਿਭਾਵਾਂਗਾ। ਹਲਕੇ ਦੇ ਹਰ ਵਰਕਰ ਨੂੰ ਨਾਲ ਲੈ ਕੇ ਸਰਕਾਰ ਦੀਆਂ ਲੋਕ ਭਲਾਈ ਨੀਤੀਆਂ ਨੂੰ ਘਰ-ਘਰ ਤਕ ਪਹੁੰਚਾਇਆ ਜਾਵੇਗਾ ਅਤੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਪਹਿਲ ਦੇ ਆਧਾਰ 'ਤੇ ਹੱਲ ਕਰਵਾਉਣ ਲਈ ਹਰ ਸੰਭਵ ਯਤਨ ਕੀਤਾ ਜਾਵੇਗਾ।
ਸਾਡਾ ਟੀਚਾ ਹਲਕੇ ਨੂੰ ਹੋਰ ਮਜ਼ਬੂਤ ਸੰਗਠਨ ਅਤੇ ਲੋਕ ਸੇਵਾ ਰਾਹੀਂ ਪਾਰਟੀ ਦਾ ਮਜ਼ਬੂਤ ਗੜ੍ਹ ਬਣਾਉਣਾ ਹੈ। ਜੱਸਾ ਪੱਟੀ ਦੀ ਨਿਯੁਕਤੀ ਨੂੰ ਲੈ ਕੇ ਪਾਰਟੀ ਵਰਕਰਾਂ ਵਿਚ ਉਤਸ਼ਾਹ ਦਾ ਮਾਹੌਲ ਹੈ, ਜਦੋਂਕਿ ਸਿਆਸੀ ਮਾਹਿਰਾਂ ਦਾ ਮੰਨਣਾ ਹੈ ਕਿ ਇਹ ਫ਼ੈਸਲਾ ਆਉਣ ਵਾਲੇ ਸਮੇਂ ਵਿਚ ਪੱਟੀ ਹਲਕੇ ਦੀ ਸਿਆਸਤ ’ਤੇ ਅਹਿਮ ਪ੍ਰਭਾਵ ਪਾ ਸਕਦਾ ਹੈ।