- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
26 ਅਧਿਕਾਰੀ, 110 ਟੀਮਾਂ ਤੇ 1200 ਕਰਮਚਾਰੀਆਂ ਨੇ ਇਕੋ ਵੇਲੇ ਚਲਾਇਆ ਆਪ੍ਰੇਸ਼ਨ ਪ੍ਰਹਾਰ-4

ਜ਼ਿਲ੍ਹੇ ’ਚ ਸੰਗਠਨ ਅਪਰਾਧ ਤੇ ਗੈਂਗਸਟਰ ਨੈਟਵਰਕ ਨੂੰ ਤੋੜਨ ਲਈ ਕੀਤੀ ਕਾਰਵਾਈ
145 ਤੋਂ ਵੱਧ ਜਣੇ ਕੀਤੇ ਕਾਬੂ, ਕਈਆਂ ਨੂੰ ਪੁੱਛਗਿੱਛ ਲਈ ਹਿਰਾਸਤ ’ਚ ਲਿਆ
ਜਸਪਾਲ ਸਿੰਘ ਜੱਸੀ, •ਪੰਜਾਬੀ ਜਾਗਰਣ
ਤਰਨਤਾਰਨ : ਨਸ਼ੇ, ਸੰਗਠਨ ਅਪਰਾਧ ਤੇ ਗੈਂਗਸਟਰ ਨੈੱਟਵਰਕਾਂ ਵਿਰੁੱਧ ਪੁਲਿਸ ਵੱਲੋਂ ਆਰੰਭੇ ਗਏ ਆਪ੍ਰੇਸ਼ਨ ਪ੍ਰਹਾਰ ਦੇ ਤਹਿਤ ਤਰਨਤਾਰਨ ਜ਼ਿਲ੍ਹੇ ਦੀ ਪੁਲਿਸ ਨੇ ਸੋਮਵਾਰ ਨੂੰ ਵੱਡੀ ਕਾਰਵਾਈ ਕੀਤੀ ਹੈ। ਐੱਸਐੱਸਪੀ ਸੁਰੇਂਦਰ ਲਾਂਬਾ ਸਮੇਤ 26 ਅਧਿਕਾਰੀਆਂ ਦੀ ਅਗਵਾਈ ਹੇਠ ਤਿਆਰ ਕੀਤੀਆਂ 110 ਟੀਮਾਂ ਦੇ 1200 ਤੋਂ ਵੱਧ ਕਰਮਚਾਰੀਆਂ ਨੇ ਇਕੋ ਵੇਲੇ ਜ਼ਿਲ੍ਹੇ ਵਿਚ ਵੱਖ-ਵੱਖ ਥਾਵਾਂ ’ਤੇ ਦਬਿਸ਼ ਦਿੱਤੀ। ਐੱਸਐੱਸਪੀ ਨੇ ਦੱਸਿਆ ਕਿ ਨਸ਼ਾ ਤਸਕਰਾਂ, ਸਰਹੱਦਪਾਰ ਤਸਕਰਾਂ, ਗੈਂਗਸਟਰਾਂ, ਭਗੌੜੇ ਲਜ਼ਮਾਂ ਅਤੇ ਉਨ੍ਹਾਂ ਦੇ ਸਾਥੀਆਂ ਵਿਰੁੱਧ ਇੱਕੋ ਸਮੇਂ ਵਿਆਪਕ ਕਾਰਵਾਈ ਕੀਤੀ ਜਾ ਰਹੀ ਹੈ ਤੇ ਇਸ ਮੁਹਿੰਮ ਦਾ ਮੁੱਖ ਉਦੇਸ਼ ਨਸ਼ਾ ਤਸਕਰੀ ਅਤੇ ਸੰਗਠਤ ਅਪਰਾਧ ਨੂੰ ਸਹਾਰਾ ਦੇਣ ਵਾਲੇ ਪੂਰੇ ਨੈੱਟਵਰਕ ਨੂੰ ਤੋੜਨਾ ਹੈ।
ਐੱਸਐੱਸਪੀ ਸੁਰੇਂਦਰ ਲਾਂਬਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਆਪ੍ਰੇਸ਼ਨ ਦੌਰਾਨ 148 ਵਿਅਕਤੀ ਜਿਨ੍ਹਾਂ ਵਿਚ ਹਾਰਡ-ਕੋਰ ਅਪਰਾਧੀ, ਲੋੜੀਂਦੇ ਅਪਰਾਧੀ, ਡਰੱਗ ਸਮੱਗਲਰ ਗ੍ਰਿਫਤਾਰ ਅਤੇ ਰਾਊਂਡ ਅੱਪ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਕਾਬੂ ਕੀਤੇ ਲੋਕਾਂ ਵਿਚ 59 ਲੋਕ ਪੁਰਾਣੇ ਕੇਸਾਂ ਵਿਚ ਲੋੜੀਂਦੇ ਸਨ। ਜਦੋਂਕਿ 52 ਜਣੇ ਨਸ਼ੀਲੇ ਪਦਾਰਥਾਂ ਸਮੇਤ ਕਾਬੂ ਕਰਨ ਦੇ ਨਾਲ ਨਾਲ 35 ਜਣੇ ਅਪਰਾਧ ਰੋਕੂ ਕਾਰਵਾਈ ਅਧੀਨ ਹਿਰਾਸਤ ਵਿਚ ਲੈਣ ਦੇ ਨਾਲ ਨਾਲ ਦੋ ਜਣਿਆਂ ਨੂੰ ਹੋਰ ਧਾਰਾਵਾਂ ਤਹਿਤ ਗ੍ਰਿਫਤਾਰ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਭਾਰਤ-ਪਾਕਿਸਤਾਨ ਅੰਤਰਰਾਸ਼ਟਰੀ ਸਰਹੱਦ ਦੀ ਸੰਵੇਦਨਸ਼ੀਲਤਾ ਨੂੰ ਧਿਆਨ ਵਿਚ ਰੱਖਦਿਆਂ ਸਰਹੱਦੀ ਪਿੰਡਾਂ ਅਤੇ ਨਸ਼ਾ ਪ੍ਰਭਾਵਿਤ ਹਾਟਸਪਾਟ ਇਲਾਕਿਆਂ ਵਿਚ ਵਿਸ਼ੇਸ਼ ਤਲਾਸ਼ੀ ਤੇ ਨਿਗਰਾਨੀ ਮੁਹਿੰਮ ਚਲਾਈ ਗਈ। ਪੁਲਿਸ ਟੀਮਾਂ ਨੇ ਡ੍ਰੋਨ ਰਾਹੀਂ ਹੋਣ ਵਾਲੀ ਤਸਕਰੀ ਨੂੰ ਰੋਕਣ, ਨਸ਼ੀਲੇ ਪਦਾਰਥਾਂ ਦੀ ਖੇਪ ਨੂੰ ਕਾਬੂ ਕਰਨ ਅਤੇ ਸਰਹੱਦੀ ਖੇਤਰਾਂ ਵਿਚ ਸਰਗਰਮ ਨਸ਼ਾ ਤਸਕਰਾਂ ਨੂੰ ਗ੍ਰਿਫ਼ਤਾਰ ਕਰਨ ਲਈ ਸਖ਼ਤ ਚੌਕਸੀ ਬਰਕਰਾਰ ਰੱਖੀ।
ਇਸੇ ਦੌਰਾਨ ਹੋਟਲਾਂ, ਗੈਸਟ ਹਾਊਸਾਂ, ਬੱਸ ਅੱਡਿਆਂ, ਰੇਲਵੇ ਸਟੇਸ਼ਨਾਂ ਅਤੇ ਹੋਰ ਸੰਵੇਦਨਸ਼ੀਲ ਜਨਤਕ ਥਾਵਾਂ ’ਤੇ ਵਿਸ਼ੇਸ਼ ਚੈਕਿੰਗ ਅਤੇ ਸ਼ਨਖਾਤ ਮੁਹਿੰਮ ਚਲਾਈ ਗਈ। ਸ਼ੱਕੀ ਵਿਅਕਤੀਆਂ, ਵਾਹਨਾਂ ਅਤੇ ਅਦਾਰਿਆਂ ਦੀ ਜਾਂਚ ਕਰਕੇ ਜ਼ਿਲ੍ਹੇ ਵਿਚ ਅਪਰਾਧਿਕ ਗਤੀਵਿਧੀਆਂ ਨੂੰ ਰੋਕਣ ਲਈ ਸੁਰੱਖਿਆ ਪ੍ਰਬੰਧ ਹੋਰ ਮਜ਼ਬੂਤ ਕੀਤੇ ਗਏ। ਉਨ੍ਹਾਂ ਨੇ ਗੈਂਗਸਟਰਾਂ ਅਤੇ ਨਸ਼ਾ ਤਸਕਰਾਂ ਨੂੰ ਚੇਤਾਵਨੀ ਦਿੱਤੀ ਕਿ ਉਹ ਬਿਨ੍ਹਾਂ ਕਿਸੇ ਦੇਰੀ ਦੇ ਆਪਣੀ ਮਰਜ਼ੀ ਨਾਲ ਸਰੈਂਡਰ ਕਰ ਦੇਣ, ਜਿਸ ਨਾਲ ਕਾਨੂੰਨ ਦੀਆਂ ਵਿਵਸਥਾਵਾਂ ਅਨੁਸਾਰ ਬਣਦੀ ਨਰਮੀ ਵਰਤੀ ਜਾਵੇਗੀ। ਪਰ ਜੇਕਰ ਕੋਈ ਕਾਨੂੰਨ ਤੋਂ ਬਚਣ ਜਾਂ ਪੁਲਿਸ ਤੋਂ ਫਰਾਰ ਹੋਣ ਦੀ ਕੋਸ਼ਿਸ਼ ਕਰੇਗਾ ਤਾਂ ਪੰਜਾਬ ਪੁਲਿਸ ਉਸ ਨੂੰ ਹਰ ਹਾਲ ਵਿਚ ਗ੍ਰਿਫ਼ਤਾਰ ਕਰੇਗੀ ਅਤੇ ਉਸ ਖਿਲਾਫ਼ ਸਖ਼ਤ ਤੋਂ ਸਖ਼ਤ ਕਾਨੂੰਨੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।
-----------
ਗੈਂਗਸਟਰਾਂ ਨੂੰ ਪੰਜਾਬ ਵਿਚ ਸੁਰੱਖਿਅਤ ਪਨਾਂਹ ਨਹੀਂ ਲੈਣ ਦਿੱਤੀ ਜਾਵੇਗੀ- ਡੀਆਈਜੀ
ਡੀਆਈਜੀ ਫਿਰੋਜ਼ਪੁਰ ਰੇਂਜ ਸਨੇਹਦੀਪ ਸ਼ਰਮਾ ਨੇ ਵੀ ਸਪੱਸ਼ਟ ਸੰਦੇਸ਼ ਦਿੰਦਿਆਂ ਕਿਹਾ ਕਿ ਬਾਰਡਰ ਰੇਂਜ ਦੀ ਪੁਲਿਸ ਨਸ਼ਾ ਤਸਕਰਾਂ, ਸਰਹੱਦਪਾਰ ਸਮੱਗਲਰਾਂ, ਗੈਂਗਸਟਰਾਂ ਤੇ ਉਨ੍ਹਾਂ ਦੇ ਸਾਥੀਆਂ ਨੂੰ ਪੰਜਾਬ ਵਿਚ ਕਿਸੇ ਵੀ ਹਾਲਤ ’ਚ ਸੁਰੱਖਿਅਤ ਪਨਾਹ ਨਹੀਂ ਲੈਣ ਦੇਵੇਗੀ। ਨਸ਼ਿਆਂ ਦੀ ਤਸਕਰੀ ਅਤੇ ਸੰਗਠਤ ਅਪਰਾਧ ਨੂੰ ਸਹਾਰਾ ਦੇਣ ਵਾਲੇ ਹਰ ਨੈੱਟਵਰਕ ਦੀ ਪਛਾਣ ਕਰਕੇ ਉਸ ਨੂੰ ਤੋੜਿਆ ਜਾਵੇਗਾ ਅਤੇ ਕਾਨੂੰਨ ਦੇ ਘੇਰੇ ਵਿਚ ਲਿਆਂਦਾ ਜਾਵੇਗਾ। ਉਨ੍ਹਾਂ ਕਿਹਾ ਕਿ ਆਪ੍ਰੇਸ਼ਨ ਪ੍ਰਹਾਰ 4.0 ਖੁਫ਼ੀਆ ਜਾਣਕਾਰੀ ਆਧਾਰਿਤ ਕਾਰਵਾਈਆਂ ਅਤੇ ਕਾਨੂੰਨ ਦੀ ਸਖ਼ਤ ਲਾਗੂ ਕਰਨ ਰਾਹੀਂ ਪੂਰੀ ਦ੍ਰਿੜਤਾ, ਵਚਨਬੱਧਤਾ ਅਤੇ ਪ੍ਰਭਾਵਸ਼ਾਲੀ ਢੰਗ ਨਾਲ ਲਗਾਤਾਰ ਜਾਰੀ ਰਹੇਗਾ,ਤਾਂ ਜੋ ਨਸ਼ਾ-ਮੁਕਤ,ਅਪਰਾਧ-ਮੁਕਤ ਅਤੇ ਸੁਰੱਖਿਅਤ ਪੰਜਾਬ ਦੇ ਸੁਪਨੇ ਨੂੰ ਸਾਕਾਰ ਕੀਤਾ ਜਾ ਸਕੇ।
--------
ਆਪ੍ਰੇਸ਼ਨ ਦੌਰਾਨ ਹੋਈ ਇਹ ਬਰਾਮਦਗੀ
ਪਿਸਤੌਲ : 1
ਹੈਰੋਇਨ : 237 ਗ੍ਰਾਮ ਹੈਰੋਇਨ
ਨਾਜਾਇਜ਼ ਸ਼ਰਾਬ : 6750 ਮਿਲੀ ਲੀਟਰ।
ਡਰੱਗ ਮਨੀ : 400 ਰੁਪਏ
ਮੋਟਰਸਾਈਕਲ : 1