- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸਰਹਾਲੀ-ਚੋਹਲਾ ਸਾਹਿਬ ਸੜਕ ਦੀ ਖਸਤਾ ਹਾਲਤ ਕਾਰਨ ਸ਼ਰਧਾਲੂਆਂ ਤੇ ਰਾਹਗੀਰਾਂ ਦੀ ਵਧੀ ਪ੍ਰੇਸ਼ਾਨੀ

ਇਤਿਹਾਸਕ ਤੇ ਧਾਰਮਿਕ ਮਹੱਤਤਾ ਵਾਲੇ ਚੋਹਲਾ ਸਾਹਿਬ ਨੂੰ ਜਾਂਦੀ ਸੜਕ ’ਤੇ ਡੂੰਘੇ ਖੱਡੇ ਬਣੇ ਹਾਦਸਿਆਂ ਦਾ ਕਾਰਨ
ਲੋਕਾਂ ਨੇ ਪੰਜਾਬ ਸਰਕਾਰ, ਸਬੰਧਤ ਵਿਭਾਗ ਅਤੇ ਵਿਧਾਇਕ ਕੋਲੋਂ ਤੁਰੰਤ ਸੜਕ ਦੀ ਮੁਰੰਮਤ ਕਰਵਾਉਣ ਦੀ ਕੀਤੀ ਮੰਗ
ਰਾਕੇਸ਼ ਨਈਅਰ, •ਪੰਜਾਬੀ ਜਾਗਰਣ,
ਚੋਹਲਾ ਸਾਹਿਬ : ਵਿਧਾਨ ਸਭਾ ਹਲਕਾ ਖਡੂਰ ਸਾਹਿਬ ਦਾ ਇਤਿਹਾਸਕ ਅਤੇ ਧਾਰਮਿਕ ਮਹੱਤਤਾ ਵਾਲਾ ਕਸਬਾ ਚੋਹਲਾ ਸਾਹਿਬ ਅੱਜ ਵੀ ਲੱਖਾਂ ਸੰਗਤਾਂ ਦੀ ਅਟੁੱਟ ਆਸਥਾ ਦਾ ਕੇਂਦਰ ਹੈ। ਹਰ ਰੋਜ਼ ਵੱਡੀ ਗਿਣਤੀ ਵਿਚ ਸ਼ਰਧਾਲੂ ਇਥੇ ਸਥਿਤ ਇਤਿਹਾਸਕ ਗੁਰਦੁਆਰਾ ਸਾਹਿਬ ਵਿਖੇ ਨਤਮਸਤਕ ਹੋ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਦੇ ਹਨ ਅਤੇ ਪਵਿੱਤਰ ਸਰੋਵਰ ਸਾਹਿਬ ਵਿਚ ਇਸ਼ਨਾਨ ਕਰਦੇ ਹਨ। ਸ੍ਰੀ ਗੁਰੂ ਅਰਜਨ ਦੇਵ ਜੀ ਦੀ ਚਰਨ ਛੋਹ ਪ੍ਰਾਪਤ ਇਸ ਪਾਵਨ ਧਰਤੀ 'ਤੇ ਗੁਰੂ ਸਾਹਿਬ ਆਪਣੇ ਪਰਿਵਾਰ ਸਮੇਤ ਦੋ ਸਾਲ, ਪੰਜ ਮਹੀਨੇ ਅਤੇ ਤੇਰ੍ਹਾਂ ਦਿਨ ਰਹੇ ਸਨ। ਇਤਿਹਾਸ ਅਨੁਸਾਰ ਇਸ ਨਗਰ ਦਾ ਨਾਮਕਰਨ ਵੀ ਸ੍ਰੀ ਗੁਰੂ ਅਰਜਨ ਦੇਵ ਜੀ ਵੱਲੋਂ ਹੀ ਕੀਤਾ ਗਿਆ ਸੀ।
ਪਰ ਇਤਿਹਾਸਕ ਨਗਰ ਨੂੰ ਸਰਹਾਲੀ ਨਾਲ ਜੋੜਨ ਵਾਲੀ ਮੁੱਖ ਸੜਕ ਦੀ ਮੌਜੂਦਾ ਹਾਲਤ ਸ਼ਰਧਾਲੂਆਂ ਅਤੇ ਰਾਹਗੀਰਾਂ ਲਈ ਗੰਭੀਰ ਸਮੱਸਿਆ ਬਣੀ ਹੋਈ ਹੈ। ਸੜਕ ’ਤੇ ਥਾਂ-ਥਾਂ ਪਏ ਡੂੰਘੇ ਖੱਡੇ ਅਤੇ ਉਨ੍ਹਾਂ ਵਿਚ ਖੜ੍ਹਾ ਗੰਦਾ ਪਾਣੀ ਨਾ ਸਿਰਫ਼ ਰੋਜ਼ਾਨਾ ਆਵਾਜਾਈ ਨੂੰ ਪ੍ਰਭਾਵਿਤ ਕਰ ਰਿਹਾ ਹੈ, ਸਗੋਂ ਹਾਦਸਿਆਂ ਦੇ ਖ਼ਤਰੇ ਨੂੰ ਵੀ ਵਧਾ ਰਿਹਾ ਹੈ।
ਸਰਹਾਲੀ ਤੋਂ ਚੋਹਲਾ ਸਾਹਿਬ ਵੱਲ ਆਉਂਦੇ ਹੀ ਪੁਲ ਹੇਠਾਂ ਖੜ੍ਹਾ ਰਹਿੰਦਾ ਡੂੰਘਾ ਗੰਦਾ ਪਾਣੀ, ਪਿੰਡ ਬਿੱਲਿਆਂਵਾਲਾ ਬੱਸ ਸਟਾਪ ਨੇੜੇ ਥਾਂ-ਥਾਂ ਤੋਂ ਟੁੱਟੀ ਸੜਕ ਅਤੇ ਚੋਹਲਾ ਸਾਹਿਬ ਦਾਖਲ ਹੁੰਦਿਆਂ ਪੈਟਰੋਲ ਪੰਪ ਅਤੇ ਘੋੜੇ ਵਾਲਾ ਚੌਂਕ ਦੇ ਕੋਲ ਪਾਣੀ ਨਾਲ ਭਰੇ ਵੱਡੇ ਖੱਡੇ ਸਰਕਾਰ ਅਤੇ ਸਬੰਧਤ ਵਿਭਾਗ ਦੀ ਕਾਰਗੁਜ਼ਾਰੀ ’ਤੇ ਸਵਾਲ ਖੜ੍ਹੇ ਕਰ ਰਹੇ ਹਨ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਕਈ ਵਾਰ ਦੋ ਪਹੀਆ ਵਾਹਨ ਚਾਲਕ ਇਨ੍ਹਾਂ ਖੱਡਿਆਂ ਕਾਰਨ ਸੰਤੁਲਨ ਗੁਆ ਬੈਠਦੇ ਹਨ, ਜਿਸ ਨਾਲ ਹਾਦਸਿਆਂ ਦਾ ਡਰ ਹਰ ਸਮੇਂ ਬਣਿਆ ਰਹਿੰਦਾ ਹੈ।
ਇਲਾਕਾ ਨਿਵਾਸੀਆਂ ਅਨੁਸਾਰ ਸੜਕ ਵਿਚ ਖੜ੍ਹਾ ਗੰਦਾ ਪਾਣੀ ਬਿਮਾਰੀਆਂ ਫੈਲਣ ਦਾ ਵੀ ਕਾਰਨ ਬਣ ਸਕਦਾ ਹੈ। ਇਸ ਤੋਂ ਇਲਾਵਾ ਟੁੱਟੀਆਂ ਸੜਕਾਂ ਅਤੇ ਗੰਦਗੀ ਕਾਰਨ ਇਤਿਹਾਸਕ ਨਗਰ ਦਾ ਪ੍ਰਭਾਵ ਵੀ ਖਰਾਬ ਹੋ ਰਿਹਾ ਹੈ, ਜਿਸ ਦਾ ਅਸਰ ਸਥਾਨਕ ਵਪਾਰ ’ਤੇ ਵੀ ਪੈ ਰਿਹਾ ਹੈ।ਇਸ ਸਬੰਧੀ ਦੁਕਾਨਦਾਰ ਚਰਨਜੀਤ ਸਿੰਘ ਮਿਸਤਰੀ, ਸੁਖਦੀਪ ਸਿੰਘ ਹਲਵਾਈ, ਸੁਨੀਲ ਕੁਮਾਰ ਸ਼ੀਲੂ, ਗੁਰਵਿੰਦਰ ਸਿੰਘ ਖਾਰੇ ਵਾਲੇ, ਸਰਬਜੀਤ ਸਿੰਘ ਰਾਜਾ ਖਾਦ ਵਾਲੇ, ਬਲਜੀਤ ਸਿੰਘ ਸੰਧੂ, ਪ੍ਰਗਟ ਸਿੰਘ, ਲਾਲੀ ਸੇਵਾਦਾਰ, ਲਵਪ੍ਰੀਤ ਸਿੰਘ ਸਾਗਰ ਹਸਪਤਾਲ ਵਾਲੇ ਅਤੇ ਸੁਖਚੈਨ ਸਿੰਘ ਰੰਧਾਵਾ ਕਰਮੂੰਵਾਲਾ ਸਮੇਤ ਹੋਰ ਇਲਾਕਾ ਨਿਵਾਸੀਆਂ ਨੇ ਕਿਹਾ ਕਿ ਚੋਹਲਾ ਸਾਹਿਬ ਦੀ ਇਤਿਹਾਸਕ ਅਤੇ ਧਾਰਮਿਕ ਮਹੱਤਤਾ ਨੂੰ ਧਿਆਨ ਵਿਚ ਰੱਖਦਿਆਂ ਇਥੇ ਸਫਾਈ, ਸੜਕਾਂ ਅਤੇ ਹੋਰ ਬੁਨਿਆਦੀ ਸਹੂਲਤਾਂ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਣਾ ਚਾਹੀਦਾ ਹੈ।
ਉਨ੍ਹਾਂ ਪੰਜਾਬ ਸਰਕਾਰ, ਸਬੰਧਤ ਵਿਭਾਗ ਅਤੇ ਹਲਕਾ ਵਿਧਾਇਕ ਨੂੰ ਅਪੀਲ ਕੀਤੀ ਕਿ ਸਰਹਾਲੀ ਤੋਂ ਚੋਹਲਾ ਸਾਹਿਬ ਤਕ ਦੀ ਸੜਕ ਦਾ ਨਿਰਮਾਣ ਕਿਸੇ ਯੋਗ ਅਤੇ ਇਮਾਨਦਾਰ ਠੇਕੇਦਾਰ ਰਾਹੀਂ ਜਲਦ ਕਰਵਾਇਆ ਜਾਵੇ, ਤਾਂ ਜੋ ਰਾਹਗੀਰਾਂ ਅਤੇ ਸ਼ਰਧਾਲੂਆਂ ਨੂੰ ਆ ਰਹੀਆਂ ਮੁਸ਼ਕਿਲਾਂ ਤੋਂ ਰਾਹਤ ਮਿਲ ਸਕੇ।
--------
ਵਿਧਾਇਕ ਨਾਲ ਨਹੀਂ ਹੋ ਸਕਿਆ ਸੰਪਰਕ, ਮੀਡੀਆ ਇੰਚਾਰਜ ਨੇ ਦਿੱਤਾ ਭਰੋਸਾ
ਸਰਹਾਲੀ-ਚੋਹਲਾ ਸਾਹਿਬ ਸੜਕ ਦੀ ਮਾੜੀ ਹਾਲਤ ਸਬੰਧੀ ਪੱਖ ਜਾਣਨ ਲਈ ਹਲਕਾ ਖਡੂਰ ਸਾਹਿਬ ਦੇ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਨਾਲ ਉਨ੍ਹਾਂ ਦੇ ਮੋਬਾਇਲ ਨੰਬਰ ’ਤੇ ਵਾਰ-ਵਾਰ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ, ਪਰ ਉਨ੍ਹਾਂ ਵੱਲੋਂ ਫੋਨ ਰਿਸੀਵ ਨਹੀਂ ਕੀਤਾ ਗਿਆ। ਇਸ ਸਬੰਧੀ ਵਿਧਾਇਕ ਦੇ ਮੀਡੀਆ ਇੰਚਾਰਜ ਗੁਰਇਕਬਾਲ ਸਿੰਘ ਨਾਲ ਗੱਲਬਾਤ ਕਰਨ ’ਤੇ ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਪੰਜਾਬ ਭਰ ਵਿਚ ਸੜਕਾਂ ਦੀ ਮੁਰੰਮਤ ਅਤੇ ਨਵੀਨੀਕਰਨ ਦਾ ਕੰਮ ਪੜਾਅ ਵਾਰ ਢੰਗ ਨਾਲ ਕਰਵਾਇਆ ਜਾ ਰਿਹਾ ਹੈ।
ਉਨ੍ਹਾਂ ਦੱਸਿਆ ਕਿ ਸਰਹਾਲੀ ਤੋਂ ਚੋਹਲਾ ਸਾਹਿਬ ਤਕ ਦੀ ਇਸ ਸੜਕ ਦੀ ਮਾੜੀ ਹਾਲਤ ਬਾਰੇ ਵੀ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਪੂਰੀ ਤਰ੍ਹਾਂ ਜਾਣੂੰ ਹਨ। ਉਨ੍ਹਾਂ ਭਰੋਸਾ ਦਿਵਾਇਆ ਕਿ ਸਬੰਧਤ ਸੜਕ ਦੀ ਮੁਰੰਮਤ ਦਾ ਕੰਮ ਜਲਦ ਸ਼ੁਰੂ ਕਰਵਾ ਕੇ ਸ਼ਰਧਾਲੂਆਂ ਅਤੇ ਰੋਜ਼ਾਨਾ ਆਵਾਜਾਈ ਕਰਨ ਵਾਲੇ ਰਾਹਗੀਰਾਂ ਨੂੰ ਆ ਰਹੀਆਂ ਮੁਸ਼ਕਿਲਾਂ ਤੋਂ ਨਿਜਾਤ ਦਿਵਾਈ ਜਾਵੇਗੀ।