- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਨਿਰਮਲ ਸਿੰਘ ਦੀ ਅਗਵਾਈ ’ਚ ਕਿਸਾਨੀ ਲਹਿਰ ਨੂੰ ਮਿਲੀ ਨਵੀਂ ਤਾਕਤ, ਬੂਹ ਹਵੇਲੀਆਂ ’ਚ ਜਥੇਬੰਦੀ ਦਾ ਪੁਨਰਗਠਨ

ਕਿਰਪਾਲ ਸਿੰਘ ਰੰਧਾਵਾl•ਪੰਜਾਬੀ ਜਾਗਰਣ,
ਹਰੀਕੇ ਪੱਤਣ : ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਜ਼ੋਨ ਭਾਈ ਸੁੱਖਾ ਸਿੰਘ ਮਹਿਤਾਬ ਸਿੰਘ ਹਰੀਕੇ ਪੱਤਣ ਵੱਲੋਂ ਜਥੇਬੰਦੀ ਨੂੰ ਪਿੰਡ ਪੱਧਰ ’ਤੇ ਹੋਰ ਮਜ਼ਬੂਤ ਕਰਨ ਲਈ ਬੂਹ ਹਵੇਲੀਆਂ ਵਿਖੇ ਜ਼ੋਨ ਆਗੂ ਨਿਰਮਲ ਸਿੰਘ ਬੱਬਣ ਦੀ ਸਰਪ੍ਰਸਤੀ ਹੇਠ ਮੀਟਿੰਗ ਕੀਤੀ ਗਈ। ਇਸ ਦੌਰਾਨ ਜਥੇਬੰਦੀ ਦਾ ਪੁਨਰਗਠਨ ਕਰਦਿਆਂ ਨਵੇਂ ਮੈਂਬਰਾਂ ਨੂੰ ਜਥੇਬੰਦੀ ਨਾਲ ਜੋੜਿਆ ਗਿਆ ਅਤੇ ਸਮੂਹ ਪਿੰਡ ਵਾਸੀਆਂ ਦੀ ਸਹਿਮਤੀ ਨਾਲ ਜਥੇਬੰਧਕ ਢਾਂਚੇ ਦੀ ਚੋਣ ਕੀਤੀ ਗਈ। ਵੱਡੀ ਗਿਣਤੀ ਵਿਚ ਹਾਜ਼ਰ ਕਿਸਾਨਾਂ, ਮਜ਼ਦੂਰਾਂ ਅਤੇ ਨੌਜਵਾਨਾਂ ਦੇ ਜਥੇਬੰਦੀ ਨਾਲ ਜੁੜਨ ਨੂੰ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਪਰਿਵਾਰ ਵਿਚ ਵੱਡਾ ਵਾਧਾ ਕਰਾਰ ਦਿੱਤਾ ਗਿਆ।
ਇਸ ਮੌਕੇ ਸੰਬੋਧਨ ਕਰਦਿਆਂ ਜ਼ੋਨ ਪ੍ਰਧਾਨ ਜੁਗਰਾਜ ਸਿੰਘ ਸਭਰਾਂ ਅਤੇ ਜਨਰਲ ਸਕੱਤਰ ਸਵਰਨ ਸਿੰਘ ਖਹਿਰਾ ਨੇ ਕਿਹਾ ਕਿ ਕਿਸਾਨਾਂ, ਮਜ਼ਦੂਰਾਂ ਅਤੇ ਆਮ ਲੋਕਾਂ ਦੇ ਹੱਕਾਂ ਲਈ ਜਥੇਬੰਦੀ ਵੱਲੋਂ ਲੰਮੇ ਸਮੇਂ ਤੋਂ ਸੰਘਰਸ਼ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਲੋਕ ਮਸਲਿਆਂ ਨੂੰ ਲੈ ਕੇ ਆਉਣ ਵਾਲੇ ਸਮੇਂ ਵਿਚ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ ਅਤੇ ਪਿੰਡ-ਪਿੰਡ ਜਥੇਬੰਦੀ ਨੂੰ ਮਜ਼ਬੂਤ ਕਰਕੇ ਲੋਕਾਂ ਨੂੰ ਸੰਘਰਸ਼ਾਂ ਨਾਲ ਜੋੜਿਆ ਜਾਵੇਗਾ। ਉਨ੍ਹਾਂ ਸਮੂਹ ਕਿਸਾਨਾਂ, ਮਜ਼ਦੂਰਾਂ ਅਤੇ ਜਥੇਬੰਦੀ ਦੇ ਵਰਕਰਾਂ ਨੂੰ ਸੱਦਾ ਦਿੱਤਾ ਕਿ ਆਪਣੇ ਹੱਕਾਂ ਦੀ ਲੜਾਈ ਦੇ ਪਿੜ ਵਿਚ ਵੱਧ ਤੋਂ ਵੱਧ ਸ਼ਮੂਲੀਅਤ ਕਰਕੇ ਏਕਤਾ ਦਾ ਪ੍ਰਗਟਾਵਾ ਕਰਨ। ਸਮੁੱਚੇ ਪਿੰਡ ਦੀ ਸਹਿਮਤੀ ਨਾਲ ਦਇਆ ਸਿੰਘ ਨੂੰ ਇਕਾਈ ਦੇ ਪ੍ਰਧਾਨ ਵਜੋ ਨੁਮਾਇੰਦਗੀ ਦਿੱਤੀ ਗਈ। ਜਦੋ ਕਿ ਪ੍ਰਤਾਪ ਸਿੰਘ ਜਨਰਲ ਸਕੱਤਰ, ਸੀਨੀਅਰ ਮੀਤ ਪ੍ਰਧਾਨ ਅਜੈਬੀਰ ਸਿੰਘ ਅਤੇ ਚਰਨਜੀਤ ਸਿੰਘ ਨੂੰ ਲੇਖਾਕਾਰ ਦੇ ਅਹੁਦੇ ਨਾਲ ਨਿਵਾਜਿਆ। ਇਸ ਦੇ ਨਾਲ ਹੀ ਸੇਵਾ ਸਿੰਘ ਨੂੰ ਪ੍ਰੈਸ ਸਕੱਤਰ, ਬਲਕਾਰ ਸਿੰਘ ਸੰਗਠਨ ਸਕੱਤਰ, ਸੁਖਚੈਨ ਸਿੰਘ ਜਥੇਬੰਧਕ ਸਕੱਤਰ, ਸੁਰਜੀਤ ਸਿੰਘ ਪ੍ਰਚਾਰ ਸਕੱਤਰ, ਦਿਲਬਾਗ ਸਿੰਘ ਸਲਾਹਕਾਰ, ਗੁਰਲਾਲ ਸਿੰਘ ਮੀਤ ਪ੍ਰਧਾਨ, ਦਲਬੀਰ ਸਿੰਘ ਮੀਤ ਖਜ਼ਾਨਚੀ, ਸਹਾਇਕ ਸਲਾਹਕਾਰ ਬਿੰਦਰ ਸਿੰਘ ਅਤੇ ਹਰਜੀਤ ਸਿੰਘ ਦੇ ਨਾਵਾਂ ’ਤੇ ਮੋਹਰ ਲੱਗੀ। ਇਸ ਮੌਕੇ ਆਗੂਆਂ ਨੇ ਨਵੇਂ ਸ਼ਾਮਿਲ ਹੋਏ ਮੈਂਬਰਾਂ ਦਾ ਸਵਾਗਤ ਕਰਦਿਆਂ ਉਨ੍ਹਾਂ ਨੂੰ ਜਥੇਬੰਦੀ ਦੀਆਂ ਗਤੀਵਿਧੀਆਂ ਵਿਚ ਸਰਗਰਮ ਭੂਮਿਕਾ ਨਿਭਾਉਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ’ਤੇ ਜੋਨ ਕੋਰ ਕਮੇਟੀ ਮੈਬਰ ਹਾਜਰ ਸਨ।