ਹੜਤਾਲ ਦੇ 16ਵੇਂ ਦਿਨ ਸਫ਼ਾਈ ਸੇਵਕਾਂ ਨੇ ਕੀਤਾ ਪ੍ਰਦਰਸ਼ਨ, ਪੁਤਲਾ ਫੂਕਿਆ ਹੜਤਾਲ ਦੇ 16ਵੇਂ ਦਿਨ ਸਫਾਈ ਸੇਵਕਾਂ ਨੇ ਕੀਤਾ ਪ੍ਰਦਰਸ਼ਨ, ਪੁਤਲਾ ਫੂਕਿਆ
Publish Date: Thu, 23 Jul 2026 07:34 PM (IST)
Updated Date: Fri, 24 Jul 2026 04:11 AM (IST)
ਕੈਪਸ਼ਨ- ਤਰਨਤਾਰਨ ਦੇ ਬੋਹੜੀ ਵਾਲਾ ਚੌਂਕ ਵਿਚ ਸਰਕਾਰ ਦਾ ਪੁਤਲਾ ਫੂਕ ਕੇ ਪ੍ਰਦਰਸ਼ਨ ਕਰਦੇ ਸਫਾਈ ਕਰਮਚਾਰੀ। ਕੈਪਸ਼ਨ- ਸ਼ਹਿਰ ਦੀ ਇਕ ਸੜਕ ’ਤੇ ਦੂਰ ਤਕ ਫੈਲਿਆ ਕੂੜਾ ਜੋ ਬਰਸਾਤ ਦੇ ਕਾਰਨ ਸੜਾਂਦ ਮਾਰ ਰਿਹਾ ਹੈ। ਕੈਪਸ਼ਨ- ਸ੍ਰੀ ਦਰਬਾਰ ਸਾਹਿਬ ਵੱਲ ਜਾਂਦੇ ਰਸਤੇ ’ਤੇ ਲੱਗਾ ਕੂੜੇ ਦਾ ਢੇਰ। * ਬਰਨਾਲਾ ’ਚ ਸਫ਼ਾਈ ਕਰਮਚਾਰੀਆਂ ’ਤੇ ਲਾਠੀਚਾਰਜ ਦੀ ਕੀਤੀ ਨਿਖੇਧੀ ਪੱਤਰ ਪ੍ਰੇਰਕ, •ਪੰਜਾਬੀ ਜਾਗਰਣ, ਤਰਨਤਾਰਨ : ਪੰਜਾਬ ਸਫਾਈ ਸੇਵਕ ਯੂਨੀਅਨ ਦੇ ਸੱਦੇ ’ਤੇ ਆਰੰਭ ਹੋਈ ਕੰਮ ਛੱਡ ਹੜਤਾਲ 16ਵੇਂ ਦਿਨ ਵੀ ਜਾਰੀ ਰਹੀ। ਸਫਾਈ ਸੇਵਕਾਂ ਤੇ ਸੀਵਰਮੈਨਾਂ ਨੇ ਵੀਰਵਾਰ ਨੂੰ ਨਗਰ ਕੌਂਸਲ ਦਫਤਰ ਅੱਗੇ ਧਰਨਾ ਲਗਾ ਕੇ ਜਿਥੇ ਪ੍ਰਦਰਸ਼ਨ ਕੀਤਾ। ਉਥੇ ਹੀ ਵਰ੍ਹਦੇ ਮੀਂਹ ਵਿਚ ਰੋਸ ਮਾਰਚ ਕਰ ਕੇ ਸਰਕਾਰ ਦਾ ਪੁਤਲਾ ਫੂਕ ਕੇ ਪ੍ਰਦਰਸ਼ਨ ਕਰਦਿਆਂ ਬਰਨਾਲਾ ਵਿਖੇ ਸਫ਼ਾਈ ਕਰਮਚਾਰੀਆਂ ’ਤੇ ਹੋਏ ਲਾਠੀਚਾਰਜ ਦੀ ਸਖ਼ਤ ਸ਼ਬਦਾਂ ’ਚ ਨਿਖੇਧੀ ਕਰਦਿਆਂ ਦੱਸਿਆ ਕਿ ਇਸ ਪੁਲਿਸ ਕਾਰਵਾਈ ਦੇ ਵਿਰੋਧ ’ਚ ਪੰਜਾਬ ਭਰ ’ਚ ਸਰਕਾਰ ਦੇ ਪੁਤਲੇ ਫੂਕੇ ਗਏ ਹਨ। ਯੂਨੀਅਨ ਦੇ ਸਥਾਨਕ ਪ੍ਰਧਾਨ ਬਲਵਿੰਦਰ ਸਿੰਘ ਨੇ ਦੱਸਿਆ ਕਿ ਸਰਕਾਰ ਨੇ ਇਕ ਮਹੀਨੇ ਦਾ ਸਮਾਂ ਲੈ ਕੇ ਪਹਿਲੀ ਹੜਤਾਲ ਮੁਲਤਵੀਂ ਕਰਵਾਈ ਸੀ। ਪੰਜਾਬ ਐਕਸ਼ਨ ਯੂਨੀਅਨ ਨਾਲ ਸਮਝੌਤਾ ਕਰਕੇ ਸਰਕਾਰ ਨੇ ਮੁਲਾਜ਼ਮਾਂ ਦੀਆਂ ਹੱਕੀ ਮੰਗਾਂ ਇਕ ਮਹੀਨੇ ਵਿਚ ਪੂਰਾ ਕਰਨ ਦਾ ਵਾਅਦਾ ਵੀ ਕੀਤਾ। ਪਰ ਅਜੇ ਤਕ ਕੋਈ ਵੀ ਮਸਲਾ ਹੱਲ ਨਹੀਂ ਕੀਤਾ ਗਿਆ। ਜਿਸ ਕਾਰਨ ਯੂਨੀਅਨ ਨੇ ਦੁਬਾਰਾ ਹੜਤਾਲ ’ਤੇ ਜਾਣ ਦਾ ਫੈਸਲਾ ਕੀਤਾ ਤੇ 8 ਜੁਲਾਈ ਤੋਂ ਕੰਮ ਛੱਡ ਹੜਤਾਲ ਲਗਾਤਾਰ ਚੱਲ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਸਰਕਾਰ ਮੁਲਾਜ਼ਮਾਂ ਦੀਆਂ ਮੰਗਾਂ ਮੰਨਣ ਦੀ ਬਜਾਏ ਪੁਲਿਸ ਕੋਲੋਂ ਤਸ਼ੱਦਦ ਕਰਵਾ ਰਹੀ ਹੈ, ਜਿਸ ਦੇ ਵਿਰੋਧ ’ਚ ਬੋਹੜੀ ਵਾਲਾ ਚੌਂਕ ’ਚ ਸਰਕਾਰ ਦਾ ਪੁਤਲਾ ਫੂਕਿਆ ਗਿਆ ਹੈ। ਇਸ ਮੌਕੇ ਜਮਹੂਰੀ ਕਿਸਾਨ ਸਭਾ ਦੇ ਮੀਤ ਪ੍ਰਧਾਨ ਕਾਮਰੇਡ ਪ੍ਰਗਟ ਸਿੰਘ ਜਾਮਾਰਾਏ, ਸਰਬਜੀਤ ਸਿੰਘ ਸੂਬਾ ਕਮੇਟੀ ਆਗੂ ਸਰਵਿਸ ਫੈਡਰੇਸ਼ਨ, ਸੀਟੀਯੂ ਸੂਬਾ ਕਮੇਟੀ ਧਰਮ ਸਿੰਘ ਪੱਟੀ ਨੇ ਜਿਥੇ ਸ਼ਮੂਲੀਅਤ ਕੀਤੀ। ਉਥੇ ਹੀ ਮੰਗ ਕੀਤੀ ਕਿ ਕੱਚੇ ਮੁਲਾਜਮਾਂ ਨੂੰ ਪੱਕਾ ਕੀਤਾ ਜਾਵੇ, ਠੇਕੇਦਾਰੀ ਸਿਸਟਮ ਬੰਦ ਕੀਤਾ ਜਾਵੇ, 17 ਜੁਲਾਈ 2020 ਵਾਲਾ ਨੋਟੀਫਿਕੇਸ਼ਨ ਰੱਦ ਕੀਤਾ ਜਾਵੇ, ਡੀਏ ਦੀਆਂ ਕਿਸ਼ਤਾਂ ਦਿੱਤੀਆਂ ਜਾਣ, ਪੁਰਾਣੀ ਪੈਨਸ਼ਨ ਬਹਾਲ ਕੀਤੀ ਜਾਵੇ। ਇਸ ਮੌਕੇ ਤਿਲਕ ਰਾਜ, ਜੱਜਪਾਲ, ਰਾਜ ਕੁਮਾਰ, ਆਸ਼ੂ, ਕ੍ਰਿਸ਼ਨ ਲਾਲ, ਸਤਿਨਾਮ ਸਿੰਘ, ਸਾਹਿਲ ਸਿੰਘ, ਪ੍ਰਦੀਪ ਕੁਮਾਰ, ਸੁਨੀਲ, ਮਨਦੀਪ, ਬਖਸੀਸ਼, ਸਲਮਾ, ਰਾਜ ਰਾਣੀ, ਸੰਤੋਸ਼, ਬਬਲੀ, ਭੋਲੀ, ਸੋਨੀਆ, ਰੇਨੂੰ, ਬੀਰੋ, ਮਿੰਦੋ, ਮਨਜੀਤ, ਬਲਜੀਤ ਆਦਿ ਵੀ ਹਾਜਰ ਸਨ। ਬਰਸਾਤ ਤੇ ਹੁੰਮਸ ਕਾਰਨ ਕੂੜੇ ਦੇ ਢੇਰਾਂ ਤੋਂ ਉੱਠਣ ਲੱਗੀ ਬਦਬੂ ਸਫਾਈ ਕਰਮਚਾਰੀਆਂ ਦੀ ਕੰਮ ਛੱਡ ਹੜਤਾਲ ਨੂੰ ਦੋ ਹਫਤੇ ਤੋਂ ਵੱਧ ਸਮਾਂ ਬੀਤ ਗਿਆ ਹੈ। ਇਸ ਦੌਰਾਨ ਨਾ ਤਾਂ ਮੁਹੱਲਿਆਂ ਦੀ ਸਫਾਈ ਹੋਈ ਹੈ ਅਤੇ ਨਾ ਹੀ ਕੂੜਾ ਹੀ ਚੁੱਕਿਆ ਗਿਆ ਹੈ। ਜਿਸ ਕਰਕੇ ਥਾਂ-ਥਾਂ ਕੂੜੇ ਦੇ ਵੱਡੇ ਵੱਡੇ ਢੇਰ ਲੱਗ ਚੁੱਕੇ ਹਨ। ਡੋਰ ਟੂ ਡੋਰ ਕੁਲੈਕਸ਼ਨ ਬੰਦ ਹੋਣ ਕਰਕੇ ਲੋਕ ਆਪਣੇ ਘਰਾਂ ਦਾ ਕੂੜਾ ਬਾਹਰ ਸੁੱਟਣ ਲਈ ਮਜ਼ਬੂਰ ਹਨ। ਜਿਸ ਦੇ ਚੱਲਦਿਆਂ ਕੂੜੇ ਦੇ ਢੇਰ ਵੱਡੇ ਹੁੰਦੇ ਜਾ ਰਹੇ ਹਨ। ਦੂਜੀ ਸਮੱਸਿਆ ਬਰਸਾਤ ਨੇ ਖੜੀ ਕਰ ਦਿੱਤੀ ਹੈ। ਤਰਨਤਾਰਨ ’ਚ ਦੋ ਦਿਨਾਂ ਤੋਂ ਲਗਾਤਾਰ ਪੈ ਰਹੇ ਮੀਂਹ ਦੇ ਕਾਰਨ ਕੂੜੇ ਵਿੱਚੋਂ ਭਾਰੀ ਬਦਬੂ ਉੱਠਣ ਲੱਗੀ ਹੈ ਅਤੇ ਦੂਰ ਤਕ ਫੈਲ ਵੀ ਰਹੀ ਹੈ। ਜਿਸ ਕਰਕੇ ਕੂੜੇ ਦੇ ਢੇਰਾਂ ਕੋਲ ਰਹਿੰਦੇ ਲੋਕ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਹੇ ਹਨ।