ਪਾਵਰਕਾਮ ਮੁਲਾਜ਼ਮਾਂ ਦੀ ਹੜਤਾਲ ਨੇ ਕੀਤਾ ਹਰ ਵਰਗ ਨੂੰ ਪਰੇਸ਼ਾਨ ਪਾਵਰਕਾਮ ਮੁਲਾਜ਼ਮਾਂ ਦੀ ਹੜਤਾਲ ਨੇ ਕੀਤਾ ਹਰ ਵਰਗ ਨੂੰ ਪ੍ਰੇਸ਼ਾਨ
Publish Date: Thu, 23 Jul 2026 07:19 PM (IST)
Updated Date: Fri, 24 Jul 2026 04:11 AM (IST)
ਕੈਪਸ਼ਨ- ਕਿਸਾਨ ਆਗੂਆਂ ਤੇ ਖਪਤਕਾਰਾਂ ਨਾਲ ਗੱਲਬਾਤ ਕਰਦੇ ਹੋਏ ਪਾਵਰਕਾਮ ਉੱਚ ਅਧਿਕਾਰੀ। ਕੈਪਸ਼ਨ- ਪਾਵਰਕਾਮ ਸਬ ਡਵੀਜ਼ਨ ਫ਼ਤਿਆਬਾਦ ਵਿਖੇ ਬਿਜਲੀ ਸਪਲਾਈ ਦੀ ਮੰਗ ਨੂੰ ਲੈ ਕੇ ਰੋਸ ਪ੍ਰਦਰਸ਼ਨ ਕਰਦੇ ਕਿਸਾਨ ਜਥੇਬੰਦੀਆਂ ਦੇ ਆਗੂ। ਕੈਪਸ਼ਨ- ਪਾਵਰਕਾਮ ਦਫ਼ਤਰ ਦੀ ਸੁਰੱਖਿਆ ਲਈ ਤਾਇਨਾਤ ਪੁਲਿਸ ਗੱਡੀ। ਕੈਪਸ਼ਨ- ਪਾਵਰਕਾਮ ਅਧਿਕਾਰੀਆਂ ਦੇ ਆਉਣ ਤੋਂ ਪਹਿਲਾਂ ਖਾਲੀ ਪਿਆ ਸਬ ਡਵੀਜ਼ਨ ਫਤਿਆਬਾਦ ਦਾ ਬਿਜਲੀ ਘਰ। * ਕਈ ਪਿੰਡਾਂ ਦੀ ਬਿਜਲੀ ਸਪਲਾਈ ਤਿੰਨ ਦਿਨਾਂ ਤੋਂ ਬੁਰੀ ਤਰ੍ਹਾਂ ਪ੍ਰਭਾਵਿਤ * ਤੰਗ ਖ਼ਪਤਕਾਰਾਂ ਨੇ ਫ਼ਤਿਆਬਾਦ ਪਾਵਰਕਾਮ ਦੇ ਦਫ਼ਤਰ ਅੱਗੇ ਕੀਤਾ ਪ੍ਰਦਰਸ਼ਨ * ਕਿਸਾਨ ਜਥੇਬੰਦੀਆਂ ਨੇ 48 ਘੰਟਿਆਂ ਤੋਂ ਬੰਦ ਸਪਲਾਈ ਬਹਾਲ ਕਰਨ ਦੀ ਕੀਤੀ ਮੰਗ ਗੁਰਬਰਿੰਦਰ ਸਿੰਘ•, ਪੰਜਾਬੀ ਜਾਗਰਣ ਸ੍ਰੀ ਗੋਇੰਦਵਾਲ ਸਾਹਿਬ : ਪਾਵਰਕਾਮ ਮੁਲਾਜ਼ਮਾਂ ਦੀ ਚੱਲ ਰਹੀ ਹੜਤਾਲ ਕਾਰਨ ਫਤਿਆਬਾਦ ਤੇ ਨੇੜਲੇ ਕਈ ਪਿੰਡਾਂ ’ਚ ਬਿਜਲੀ ਸਪਲਾਈ ਪਿਛਲੇ ਤਿੰਨ ਦਿਨਾਂ ਤੋਂ ਪ੍ਰਭਾਵਿਤ ਹੋਣ ਨਾਲ ਲੋਕਾਂ ਦਾ ਜਨ-ਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ। ਘਰੇਲੂ ਖਪਤਕਾਰਾਂ, ਦੁਕਾਨਦਾਰਾਂ, ਛੋਟੇ ਕਾਰੋਬਾਰੀਆਂ ਤੇ ਕਿਸਾਨਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਬਿਜਲੀ ਸਪਲਾਈ ਤੋਂ ਪਰੇਸ਼ਾਨ ਵੱਡੀ ਗਿਣਤੀ ’ਚ ਖਪਤਕਾਰਾਂ ਨੇ ਫਤਿਆਬਾਦ ਸਥਿਤ ਪਾਵਰਕਾਮ ਸਬ-ਡਵੀਜ਼ਨ ਦਫ਼ਤਰ ਅੱਗੇ ਰੋਸ ਪ੍ਰਦਰਸ਼ਨ ਕਰਦਿਆਂ ਨਾਅਰੇਬਾਜ਼ੀ ਕੀਤੀ। ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਲਗਾਤਾਰ ਬਿਜਲੀ ਨਾ ਮਿਲਣ ਕਾਰਨ ਘਰਾਂ ਦੇ ਨਾਲ-ਨਾਲ ਵਪਾਰਕ ਅਦਾਰੇ ਅਤੇ ਰੋਜ਼ਾਨਾ ਦੇ ਕੰਮਕਾਜ ਵੀ ਪ੍ਰਭਾਵਿਤ ਹੋ ਰਹੇ ਹਨ। ਉਨ੍ਹਾਂ ਸਰਕਾਰ ਅਤੇ ਪਾਵਰਕਾਮ ਪ੍ਰਬੰਧਨ ਤੋਂ ਤੁਰੰਤ ਬਿਜਲੀ ਸਪਲਾਈ ਬਹਾਲ ਕਰਨ ਦੀ ਮੰਗ ਕੀਤੀ। ਇਸ ਦੌਰਾਨ ਵੱਖ-ਵੱਖ ਕਿਸਾਨ ਜਥੇਬੰਦੀਆਂ ਦੇ ਆਗੂਆਂ ਜਿਨ੍ਹਾਂ ਵਿਚ ਅਮਨਦੀਪ ਸਿੰਘ ਭੈਲ, ਅਜੀਤ ਸਿੰਘ, ਰਜਿੰਦਰ ਸਿੰਘ ਜੱਜ, ਅਮ੍ਰਿਤਪਾਲ ਸਿੰਘ, ਕੁਲਵੰਤ ਸਿੰਘ ਭੈਲ ਆਦਿ ਨੇ ਕਿਹਾ ਕਿ ਪਿਛਲੇ 48 ਘੰਟਿਆਂ ਤੋਂ ਬਿਜਲੀ ਸਪਲਾਈ ਬੰਦ ਹੋਣ ਕਾਰਨ ਝੋਨੇ ਸਮੇਤ ਹੋਰ ਫਸਲਾਂ ਦੀ ਸਿੰਚਾਈ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਜੇਕਰ ਜਲਦੀ ਸਪਲਾਈ ਬਹਾਲ ਨਾ ਹੋਈ ਤਾਂ ਕਿਸਾਨਾਂ ਨੂੰ ਭਾਰੀ ਆਰਥਿਕ ਨੁਕਸਾਨ ਝੱਲਣਾ ਪਵੇਗਾ। ਅਧਿਕਾਰੀ ’ਤੇ ਹਮਲੇ ਨਾਲ ਬਣਿਆ ਤਣਾਅ ਦਾ ਮਾਹੌਲ ਬੀਤੀ ਰਾਤ ਪਾਵਰਕਾਮ ਸਬ-ਡਵੀਜ਼ਨ ਫਤਿਆਬਾਦ ਦੇ ਐੱਸਡੀਓ ਸਤਨਾਮ ਸਿੰਘ ’ਤੇ ਵਿਸ਼ੇਸ਼ ਡਿਊਟੀ ਦੌਰਾਨ ਅਣਪਛਾਤੇ ਵਿਅਕਤੀਆਂ ਵੱਲੋਂ ਹਮਲਾ ਕੀਤੇ ਜਾਣ ਦੀ ਘਟਨਾ ਤੋਂ ਬਾਅਦ ਮੁਲਾਜ਼ਮਾਂ ਵਿਚ ਰੋਸ ਅਤੇ ਚਿੰਤਾ ਦਾ ਮਾਹੌਲ ਬਣ ਗਿਆ ਹੈ ਅਤੇ ਅਧਿਕਾਰੀ ਆਪਣੇ ਆਪ ਨੂੰ ਅਸੁਰੱਖਿਅਤ ਸਮਝ ਕੇ ਡਿਊਟੀ ਤੋਂ ਕਿਨਾਰਾ ਕਰ ਰਹੇ ਹਨ। ਜਿਸਦੇ ਚੱਲਦਿਆਂ ਸਪਲਾਈ ਦਾ ਕੰਮ ਹੋਰ ਪ੍ਰਭਾਵਿਤ ਹੋ ਰਿਹਾ ਹੈ। ਉੱਚ ਅਧਿਕਾਰੀਆਂ ਨੇ ਸੰਭਾਲਿਆ ਮੋਰਚਾ ਪਾਵਰਕਾਮ ਦੇ ਉੱਚ ਅਧਿਕਾਰੀ ਫਤਿਆਬਾਦ ਸਬ-ਡਵੀਜ਼ਨ ਪਹੁੰਚੇ। ਐੱਸਸੀਪੀ ਅਤੇ ਐੱਮ ਅੰਮ੍ਰਿਤਸਰ ਪਰਉਪਕਾਰ ਸਿੰਘ, ਐਕਸੀਅਨ ਸੁਖਪ੍ਰੀਤ ਸਿੰਘ, ਐੱਸਡੀਓ ਜਗਦੀਪ ਸਿੰਘ ਅਤੇ ਹੋਰ ਅਧਿਕਾਰੀਆਂ ਨੇ ਮੌਕੇ ’ਤੇ ਪਹੁੰਚ ਕੇ ਹਾਲਾਤ ਦਾ ਜਾਇਜ਼ਾ ਲਿਆ ਅਤੇ ਪ੍ਰਭਾਵਿਤ ਖੇਤਰਾਂ ਵਿਚ ਬਿਜਲੀ ਸਪਲਾਈ ਬਹਾਲ ਕਰਨ ਲਈ ਕੀਤੇ ਜਾ ਰਹੇ, ਪ੍ਰਬੰਧਾਂ ਦੀ ਸਮੀਖਿਆ ਕੀਤੀ। ਅਧਿਕਾਰੀਆਂ ਨੇ ਕਿਹਾ ਕਿ ਮੁਲਾਜ਼ਮਾਂ ਦੀ ਹੜਤਾਲ ਦੇ ਬਾਵਜੂਦ ਖਪਤਕਾਰਾਂ ਨੂੰ ਬਿਜਲੀ ਸਪਲਾਈ ਦੇਣ ਲਈ ਪਾਵਰਕਾਮ ਵੱਲੋਂ ਹਰ ਸੰਭਵ ਯਤਨ ਕੀਤੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਅਧਿਕਾਰੀਆਂ ਦੀਆਂ ਟੀਮਾਂ ਲਗਾਤਾਰ ਫੀਲਡ ਵਿਚ ਕੰਮ ਕਰ ਰਹੀਆਂ ਹਨ ਅਤੇ ਜਿਥੇ ਵੀ ਤਕਨੀਕੀ ਖਰਾਬੀ ਜਾਂ ਸਪਲਾਈ ਵਿਚ ਰੁਕਾਵਟ ਹੈ, ਉਸ ਨੂੰ ਜਲਦ ਤੋਂ ਜਲਦ ਦੂਰ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਅਧਿਕਾਰੀਆਂ ਨੇ ਖਪਤਕਾਰਾਂ ਨੂੰ ਸਹਿਯੋਗ ਦੀ ਅਪੀਲ ਕਰਦਿਆਂ ਭਰੋਸਾ ਦਿੱਤਾ ਕਿ ਹਾਲਾਤ ਨੂੰ ਆਮ ਬਣਾਉਣ ਅਤੇ ਪ੍ਰਭਾਵਿਤ ਪਿੰਡਾਂ ਵਿਚ ਬਿਜਲੀ ਸਪਲਾਈ ਬਹਾਲ ਕਰਨ ਲਈ ਪੂਰੀ ਤਨਦੇਹੀ ਨਾਲ ਕੰਮ ਕੀਤਾ ਜਾ ਰਿਹਾ ਹੈ। ਕਿਸਾਨ ਆਗੂਆਂ ਨੇ ਪਰੇਸ਼ਾਨੀ ਦਾ ਹੱਲ ਕੱਢਣ ਦੀ ਕੀਤੀ ਮੰਗ ਰੋਸ ਪ੍ਰਦਰਸ਼ਨ ਦੌਰਾਨ ਅਜ਼ਾਦ ਕਿਸਾਨ ਸੰਘਰਸ਼ ਕਮੇਟੀ ਦੇ ਸੂਬਾ ਆਗੂ ਅਮਨਦੀਪ ਸਿੰਘ ਭੈਲ, ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਪ੍ਰਧਾਨ ਅਜੀਤ ਸਿੰਘ ਭੈਲ, ਕੁਲਵੰਤ ਸਿੰਘ ਭੈਲ, ਰਛਪਾਲ ਸਿੰਘ, ਸੁਖਦੇਵ ਸਿੰਘ ਭੈਲ, ਤਜਿੰਦਰ ਸਿੰਘ ਵੇਂਈਪੂੰਈ, ਗਗਨਦੀਪ ਸਿੰਘ ਭਰੋਵਾਲ, ਬਲਵਿੰਦਰ ਸਿੰਘ ਜੌਹਲ, ਅਮ੍ਰਿਤਪਾਲ ਸਿੰਘ ਜੌਹਲ, ਸ਼ਮਸ਼ੇਰ ਸਿੰਘ ਜੌਹਲ, ਅਮਨਦੀਪ ਸਿੰਘ ਕਲੇਰ, ਜਤਿੰਦਰ ਸਿੰਘ ਵੇਂਈਪੂੰਈ, ਪ੍ਰਮਜੀਤ ਸਿੰਘ ਸਰਪੰਚ, ਰਜਿੰਦਰ ਸਿੰਘ ਜੱਜ ਸੇਠ, ਸਤਨਾਮ ਸਿੰਘ ਵੇਂਈਪੂੰਈ, ਸਰਵਣ ਸਿੰਘ ਭਰੋਵਾਲ, ਕੁਲਦੀਪ ਸਿੰਘ ਭਰੋਵਾਲ, ਰਣਜੀਤ ਸਿੰਘ ਭਰੋਵਾਲ ਅਤੇ ਪ੍ਰਦੀਪ ਕੁਮਾਰ ਭਰੋਵਾਲ ਸਮੇਤ ਵੱਡੀ ਗਿਣਤੀ ਵਿਚ ਕਿਸਾਨ, ਬਿਜਲੀ ਖਪਤਕਾਰ ਅਤੇ ਪਿੰਡਾਂ ਦੇ ਵਸਨੀਕ ਮੌਜੂਦ ਸਨ। ਆਗੂਆਂ ਨੇ ਇਕਸੁਰ ਹੋ ਕੇ ਸਰਕਾਰ ਅਤੇ ਪਾਵਰਕਾਮ ਪ੍ਰਬੰਧਨ ਤੋਂ ਮੰਗ ਕੀਤੀ ਕਿ ਸਰਕਾਰ ਪਾਵਰਕਾਮ ਮੁਲਾਜ਼ਮਾਂ ਦੀਆਂ ਜਾਇਜ਼ ਮੰਗਾਂ ਨੂੰ ਮੰਨ ਹੜਤਾਲ ਖਤਮ ਕਰਵਾ ਕੇ ਬਿਜਲੀ ਸਪਲਾਈ ਨੂੰ ਤੁਰੰਤ ਬਹਾਲ ਕਰਵਾਏ, ਤਾਂ ਜੋ ਲੋਕਾਂ ਨੂੰ ਹੋ ਰਹੀ ਪ੍ਰੇਸ਼ਾਨੀ ਤੋਂ ਰਾਹਤ ਮਿਲ ਸਕੇ। ਦਫ਼ਤਰਾਂ ਦੀ ਹੋਵੇਗੀ ਸੁਰੱਖਿਆ : ਡੀਐੱਸਪੀ ਡੀਐੱਸਪੀ ਗੋਇੰਦਵਾਲ ਸਾਹਿਬ ਹਰਿੰਦਰ ਸਿੰਘ ਨੇ ਪਾਵਰਕਾਮ ਸਬ-ਡਵੀਜ਼ਨ ਫਤਿਆਬਾਦ ਦਾ ਦੌਰਾ ਕਰਕੇ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲਿਆ। ਇਸ ਮੌਕੇ ਉਨ੍ਹਾਂ ਨੇ ਕਿਹਾ ਕਿ ਪਾਵਰਕਾਮ ਦੇ ਦਫ਼ਤਰਾਂ ਅਤੇ ਅਧਿਕਾਰੀਆਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਪ੍ਰਭਾਵਸ਼ਾਲੀ ਕਦਮ ਚੁੱਕੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਇਲਾਕੇ ਵਿਚ ਦਿਨ-ਰਾਤ ਪੁਲਿਸ ਗਸ਼ਤ ਵਧਾ ਦਿੱਤੀ ਗਈ ਹੈ, ਤਾਂ ਜੋ ਕਿਸੇ ਵੀ ਅਣਸੁਖਾਵੀਂ ਘਟਨਾ ਨੂੰ ਰੋਕਿਆ ਜਾ ਸਕੇ ਅਤੇ ਮੁਲਾਜ਼ਮਾਂ ਵਿਚ ਸੁਰੱਖਿਆ ਦੀ ਭਾਵਨਾ ਬਣੀ ਰਹੇ।