ਕੱਲ੍ਹ ਸ਼ਾਮ ਤਰਨਤਾਰਨ ਪੁੱਜਣ ’ਤੇ ਮੀਰੀ-ਪੀਰੀ ਖ਼ਾਲਸਾ ਮਾਰਚ ਦਾ ਹੋਵੇਗਾ ਨਿੱਘਾ ਸਵਾਗਤ 25 ਦੀ ਸ਼ਾਮ ਤਰਨਤਾਰਨ ਪੁੱਜਣ ’ਤੇ ਮੀਰੀ-ਪੀਰੀ ਖਾਲਸਾ ਮਾਰਚ ਦਾ ਹੋਵੇਗਾ ਨਿੱਘਾ ਸਵਾਗਤ
Publish Date: Thu, 23 Jul 2026 06:04 PM (IST)
Updated Date: Fri, 24 Jul 2026 04:07 AM (IST)
ਕੈਪਸ਼ਨ - ਤਰਨਤਾਰਨ ਵਿਖੇ ਖਾਲਸਾ ਮਾਰਚ ਦੇ ਠਹਿਰਾਅ ਲਈ ਸ਼ਮਿਆਨਾ ਲਗਵਾਉਣ ਵਾਲਿਆਂ ਨਾਲ ਗੱਲਬਾਤ ਕਰਦੇ ਹੋਏ ਮੈਨੇਜਰ ਹਰਜਿੰਦਰ ਸਿੰਘ ਪੱਟੀ ਨਾਲ ਹਨ ਹੋਰ ਕਰਮਚਾਰੀ। * ਰਾਤ ਵਿਸ਼ਰਾਮ ਉਪਰੰਤ 26 ਨੂੰ ਸਵੇਰੇ 9 ਵਜੇ ਅਗਲੇ ਪੜਾਅ ਲਈ ਹੋਵੇਗਾ ਰਵਾਨਾ * ਵਾਹਨਾਂ ਦੇ ਠਹਿਰਾਅ ਲਈ ਮੈਨੇਜਰ ਹਰਜਿੰਦਰ ਸਿੰਘ ਨੇ ਤਿਆਰੀਆਂ ਆਰੰਭੀਆਂ ਪੱਤਰ ਪ੍ਰੇਰਕ•, ਪੰਜਾਬੀ ਜਾਗਰਣ, ਤਰਨਤਾਰਨ : ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਮੀਰੀ-ਪੀਰੀ ਦਿਵਸ ਨੂੰ ਸਮਰਪਿਤ ਸ੍ਰੀ ਅਕਾਲ ਤਖਤ ਸਾਹਿਬ ਤੋਂ ਅੱਜ ਆਰੰਭ ਹੋਣ ਵਾਲਾ ‘ਮੀਰੀ-ਪੀਰੀ ਖਾਲਸਾ ਮਾਰਚ’ 25 ਜੁਲਾਈ ਦੀ ਸ਼ਾਮ ਨੂੰ ਸ੍ਰੀ ਦਰਬਾਰ ਸਾਹਿਬ ਤਰਨਤਾਰਨ ਪੁੱਜੇਗਾ। ਜਿਥੇ ਰਾਤ ਵਿਸ਼ਰਾਮ ਉਪਰੰਤ ਇਹ ਖ਼ਾਲਸਾ ਮਾਰਚ ਅਗਲੇ ਦਿਨ ਸਵੇਰੇ 9 ਵਜੇ ਸ਼ਰਧਾ ਤੇ ਉਤਸ਼ਾਹ ਨਾਲ ਅਗਲੇ ਪੜਾਅ ਲਈ ਰਵਾਨਾ ਹੋਵੇਗਾ। ਦੱਸ ਦੇਈਏ ਕਿ ਇਹ ਮਾਰਚ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਆਰੰਭ ਹੋ ਕੇ ਤਖ਼ਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਬਠਿੰਡਾ ਵਿਖੇ ਸੰਪੰਨ ਹੋਵੇਗਾ। ਸ੍ਰੀ ਦਰਬਾਰ ਸਾਹਿਬ ਦੀ ਪਾਰਕਿੰਗ ਕੋਲ ਖਾਲਸਾ ਮਾਰਚ ’ਚ ਸ਼ਾਮਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਵਾਰੀ ਲਈ ਤਿਆਰ ਪਾਲਕੀ ਸਾਹਿਬ ਵਾਲੇ ਵਾਹਨ ਸਮੇਤ ਹੋਰ ਵਾਹਨਾਂ ਦੇ ਰੁਕਣ ਅਤੇ ਸੰਗਤ ਦੇ ਠਹਿਰਾਅ ਲਈ ਤਿਆਰੀਆਂ ਆਰੰਭ ਕਰਵਾਉਣ ਮੌਕੇ ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਹਰਜਿੰਦਰ ਸਿੰਘ ਪੱਟੀ ਨੇ ਦੱਸਿਆ ਕਿ ਇਸ ਧਾਰਮਿਕ ਯਾਤਰਾ ਦਾ ਉਦੇਸ਼ ਸਿੱਖ ਪੰਥ ਦੀ ਮੀਰੀ-ਪੀਰੀ ਦੀ ਮਹਾਨ ਪਰੰਪਰਾ, ਗੁਰੂ ਸਾਹਿਬਾਨ ਦੇ ਉੱਚੇ ਆਦਰਸ਼ਾਂ ਅਤੇ ਖਾਲਸਾਈ ਵਿਰਾਸਤ ਨੂੰ ਸੰਗਤ ਤਕ ਪਹੁੰਚਾਉਣਾ ਹੈ। ਇਸ ਮਾਰਚ ਦੌਰਾਨ ਗੁਰੂ ਘਰ ਦੀਆਂ ਸਿੱਖਿਆਵਾਂ, ਪੰਥਕ ਏਕਤਾ, ਸੇਵਾ, ਸਿਮਰਨ ਅਤੇ ਗੁਰਮਤਿ ਜੀਵਨ ਸ਼ੈਲੀ ਦਾ ਸੰਦੇਸ਼ ਦਿੱਤਾ ਜਾਵੇਗਾ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਦੇਸ਼-ਵਿਦੇਸ਼ ਦੀ ਸਮੂਹ ਸੰਗਤ ਨੂੰ ਇਸ ਇਤਿਹਾਸਕ ਮਾਰਚ ਵਿਚ ਵੱਧ ਚੜ੍ਹ ਕੇ ਸ਼ਮੂਲੀਅਤ ਕਰਨ ਦੀ ਅਪੀਲ ਕੀਤੀ ਗਈ ਹੈ। ਉਨ੍ਹਾਂ ਨੇ ਕਿਹਾ ਕਿ ਗੁਰੂ-ਪਿਆਰ ਵਾਲੀਆਂ ਸੰਗਤਾਂ ਦੀ ਭਰਪੂਰ ਹਾਜਰੀ ਨਾਲ ਇਹ ਖਾਲਸਾ ਮਾਰਚ ਹੋਰ ਵੀ ਯਾਦਗਾਰੀ ਬਣੇਗਾ ਅਤੇ ਨੌਜਵਾਨ ਪੀੜ੍ਹੀ ਨੂੰ ਸਿੱਖ ਇਤਿਹਾਸ ਅਤੇ ਗੁਰੂ ਸਾਹਿਬਾਨ ਦੀਆਂ ਮਹਾਨ ਕੁਰਬਾਨੀਆਂ ਤੋਂ ਪ੍ਰੇਰਨਾ ਮਿਲੇਗੀ। ਉਨ੍ਹਾਂ ਨੇ ਦੱਸਿਆ ਕਿ 25 ਜੁਲਾਈ ਦੀ ਸ਼ਾਮ ਨੂੰ ਇਹ ਮੀਰੀ-ਪੀਰੀ ਖਾਲਸਾ ਮਾਰਚ ਤਰਨਤਾਰਨ ਪੁੱਜੇਗਾ, ਜਿਸ ਦਾ ਸੰਗਤ ਵੱਲੋਂ ਨਿੱਘਾ ਸਵਾਗਤ ਕੀਤਾ ਜਾਵੇਗਾ। ਉਨ੍ਹਾਂ ਨੇ ਸੰਗਤ ਨੂੰ ਅਨੁਸ਼ਾਸਨ, ਮਰਿਆਦਾ ਅਤੇ ਸੇਵਾ ਭਾਵਨਾ ਨਾਲ ਮਾਰਚ ਵਿਚ ਸ਼ਮੂਲੀਅਤ ਕਰਨ ਦੀ ਅਪੀਲ ਕਰਦਿਆਂ ਕਿਹਾ ਕਿ ਗੁਰੂ-ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਨ ਅਤੇ ਮੀਰੀ-ਪੀਰੀ ਦੇ ਮਹਾਨ ਸੰਦੇਸ਼ ਨੂੰ ਲੋਕਾਂ ਤਕ ਪਹੁੰਚਾਉਣ ਲਈ ਵੱਧ ਤੋਂ ਵੱਧ ਗਿਣਤੀ ਵਿਚ ਹਾਜਰੀ ਯਕੀਨੀ ਬਣਾਈ ਜਾਵੇ। ਉਨ੍ਹਾਂ ਦੱਸਿਆ ਕਿ 26 ਜੁਲਾਈ ਦੀ ਸਵੇਰੇ 9 ਵਜੇ ਇਸ ਨਗਰ ਕੀਰਤਨ ਨੂੰ ਸ਼ਰਧਾ ਭਾਵਨਾ ਨਾਲ ਅਗਲੇ ਪੜਾਅ ਲਈ ਰਵਾਨਾ ਕੀਤਾ ਜਾਵੇਗਾ।