ਧੰਨ-ਧੰਨ ਬਾਬਾ ਪੀਰਾਂ ਸਾਹਿਬ ਜੀ ਦਾ ਦੋ ਰੋਜ਼ਾ ਜੋੜ ਮੇਲਾ 20 ਅਗਸਤ ਤੋਂ ਧੰਨ-ਧੰਨ ਬਾਬਾ ਪੀਰਾਂ ਸਾਹਿਬ ਜੀ ਦਾ ਦੋ ਰੋਜ਼ਾ ਸਲਾਨਾ ਜੋੜ ਮੇਲਾ 20 ਤੇ 21 ਅਗਸਤ ਨੂੰ
Publish Date: Thu, 23 Jul 2026 05:42 PM (IST)
Updated Date: Fri, 24 Jul 2026 04:05 AM (IST)
ਕੈਪਸ਼ਨ - ਧੰਨ-ਧੰਨ ਬਾਬਾ ਪੀਰਾਂ ਸਾਹਿਬ ਜੀ ਦਾ ਦੋ ਰੋਜ਼ਾ ਸਲਾਨਾ ਜੋੜ ਮੇਲੇ ਸਬੰਧੀ ਜਾਣਕਾਰੀ ਦਿੰਦੇ ਹੋਏ ਕਮੇਟੀ ਮੈਂਬਰ। ਕੈਪਸ਼ਨ - ਪੀਰਾਂ ਸਾਹਿਬ ਦਰਗਾਹ। * ਤਿਆਰੀਆਂ ਮੁਕੰਮਲ ਕਰਨ ਲਈ ਪ੍ਰਬੰਧਕ ਕਮੇਟੀ ਦੀ ਮੀਟਿੰਗ ਬੱਲੂ ਮਹਿਤਾ, •ਪੰਜਾਬੀ ਜਾਗਰਣ ਪੱਟੀ : ਧੰਨ-ਧੰਨ ਬਾਬਾ ਪੀਰਾਂ ਸਾਹਿਬ ਜੀ ਦੇ ਦੋ ਰੋਜ਼ਾ ਸਾਲਾਨਾ ਜੋੜ ਮੇਲੇ ਨੂੰ ਸ਼ਰਧਾ ਤੇ ਉਤਸ਼ਾਹ ਨਾਲ ਮਨਾਉਣ ਸਬੰਧੀ ਪ੍ਰਬੰਧਕ ਕਮੇਟੀ ਦੀ ਇਕ ਅਹਿਮ ਮੀਟਿੰਗ ਪ੍ਰਧਾਨ ਲਖਵਿੰਦਰ ਸਿੰਘ ਧਨੋਆ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਦੌਰਾਨ ਮੇਲੇ ਦੀਆਂ ਤਿਆਰੀਆਂ, ਧਾਰਮਿਕ ਸਮਾਗਮਾਂ, ਖੇਡ ਮੁਕਾਬਲਿਆਂ ਅਤੇ ਸੰਗਤਾਂ ਦੀ ਸਹੂਲਤ ਲਈ ਕੀਤੇ ਜਾਣ ਵਾਲੇ ਪ੍ਰਬੰਧਾਂ ਬਾਰੇ ਵਿਸਥਾਰ ਨਾਲ ਵਿਚਾਰ-ਵਟਾਂਦਰਾ ਕੀਤਾ ਗਿਆ। ਮੀਟਿੰਗ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਲਖਵਿੰਦਰ ਸਿੰਘ ਧਨੋਆ ਨੇ ਦੱਸਿਆ ਕਿ ਧੰਨ ਧੰਨ ਬਾਬਾ ਪੀਰਾਂ ਸਾਹਿਬ ਜੀ ਦਾ ਦੋ ਰੋਜ਼ਾ ਸਲਾਨਾ ਜੋੜ ਮੇਲਾ 20 ਅਤੇ 21 ਅਗਸਤ ਨੂੰ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ 20 ਅਗਸਤ ਨੂੰ ਚਾਦਰ ਚੜ੍ਹਾਉਣ ਦੀ ਰਸਮ ਅਦਾ ਕੀਤੀ ਜਾਵੇਗੀ, ਜਿਸ ਵਿਚ ਵੱਡੀ ਗਿਣਤੀ ’ਚ ਸੰਗਤਾਂ ਨਤਮਸਤਕ ਹੋ ਕੇ ਬਾਬਾ ਜੀ ਦਾ ਅਸ਼ੀਰਵਾਦ ਪ੍ਰਾਪਤ ਕਰਨਗੀਆਂ। ਇਸ ਉਪਰੰਤ ਦੁਪਹਿਰ ਸਮੇਂ ਪ੍ਰਸਿੱਧ ਲੋਕ ਗਾਇਕ ਮੈਂਡੀ ਕਾਲੜਾ, ਪੰਮਾ ਡੂਮੇਵਾਲੀ ਐਂਡ ਪਾਰਟੀ ਵੱਲੋਂ ਰੰਗਾਰੰਗ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਜਾਵੇਗਾ, ਜਿਸ ਵਿਚ ਪੰਜਾਬੀ ਲੋਕ ਗੀਤਾਂ ਅਤੇ ਧਾਰਮਿਕ ਰਚਨਾਵਾਂ ਰਾਹੀਂ ਸੰਗਤਾਂ ਦਾ ਮਨੋਰੰਜਨ ਕੀਤਾ ਜਾਵੇਗਾ। ਉਨ੍ਹਾਂ ਹੋਰ ਦੱਸਿਆ ਕਿ 21 ਅਗਸਤ ਨੂੰ ਮਾਂ ਖੇਡ ਕਬੱਡੀ ਦੇ ਤਹਿਤ ਲੜਕਿਆਂ ਦੇ ਰੋਮਾਂਚਕ ਮੁਕਾਬਲੇ ਕਰਵਾਏ ਜਾਣਗੇ। ਇਸ ਮੌਕੇ ਪ੍ਰਸਿੱਧ ਗਾਇਕ ਰਾਜਵੀਰ ਰਾਜਾ ਅਤੇ ਅਮਨ ਰੋਜ਼ੀ ਆਪਣੀ ਗਾਇਕੀ ਨਾਲ ਹਾਜਰੀ ਲਗਵਾਉਣਗੇ। ਕਬੱਡੀ ਦਾ ਮੁੱਖ ਮੁਕਾਬਲਾ ਬਾਬਾ ਬਿਸ਼ਨ ਦਾਸ ਕਬੱਡੀ ਕਲੱਬ ਦੋਆਬਾ ਅਤੇ ਐੱਮਡੀ ਲਾਇਨ ਕਲੱਬ ਮਾਲਵਾ-ਦੁਆਬਾ ਕਬੱਡੀ ਕਲੱਬ ਦੀਆਂ ਟੀਮਾਂ ਵਿਚਾਲੇ ਖੇਡਿਆ ਜਾਵੇਗਾ, ਜਿਸ ਨੂੰ ਦੇਖਣ ਲਈ ਇਲਾਕੇ ਭਰ ਤੋਂ ਵੱਡੀ ਗਿਣਤੀ ਵਿਚ ਖੇਡ ਪ੍ਰੇਮੀਆਂ ਦੇ ਪਹੁੰਚਣ ਦੀ ਉਮੀਦ ਹੈ। ਪ੍ਰਬੰਧਕ ਕਮੇਟੀ ਨੇ ਦੱਸਿਆ ਕਿ ਮੇਲੇ ਦੌਰਾਨ ਦੋਵੇਂ ਦਿਨ ਆਉਣ ਵਾਲੀਆਂ ਸਮੂਹ ਸੰਗਤਾਂ ਲਈ ਅਟੁੱਟ ਲੰਗਰ ਭੰਡਾਰੇ ਵਰਤਾਏ ਜਾਣਗੇ। ਇਸ ਤੋਂ ਇਲਾਵਾ ਪੀਣ ਵਾਲੇ ਪਾਣੀ, ਬੈਠਣ ਦੀ ਵਿਵਸਥਾ, ਪਾਰਕਿੰਗ, ਸਫ਼ਾਈ ਅਤੇ ਹੋਰ ਲੋੜੀਂਦੇ ਪ੍ਰਬੰਧਾਂ ਨੂੰ ਵੀ ਯਕੀਨੀ ਬਣਾਇਆ ਜਾਵੇਗਾ, ਤਾਂ ਜੋ ਕਿਸੇ ਵੀ ਸ਼ਰਧਾਲੂ ਨੂੰ ਕੋਈ ਮੁਸ਼ਕਿਲ ਪੇਸ਼ ਨਾ ਆਵੇ। ਮੀਟਿੰਗ ਵਿਚ ਕਮੇਟੀ ਦੇ ਚੇਅਰਮੈਨ ਕਸ਼ਮੀਰ ਸਿੰਘ, ਕੈਸ਼ੀਅਰ ਪ੍ਰਸ਼ੋਤਮ ਲਾਲ ਵਿਪਾਰੀ, ਸੈਕਟਰੀ ਡਾ. ਜਗਤਾਰ ਸਿੰਘ, ਵਿਜੇ ਸ਼ਰਮਾ, ਬਲਬੀਰ ਸਿੰਘ ਕਹੀਆਂ ਵਾਲੇ, ਲਖਵਿੰਦਰ ਸਿੰਘ ਖਹਿਰਾ, ਵਾਈਸ ਪ੍ਰਧਾਨ ਸੁਰਿੰਦਰ ਕੁਮਾਰ ਬੱਬੀ ਪੁਰੀ, ਸੋਬਤ ਸ਼ਰਮਾ, ਗੁਰਜੀਤ ਸਿੰਘ ਖਹਿਰਾ, ਬਚਿੰਤ ਸਿੰਘ, ਭੁਪਿੰਦਰ ਸਿੰਘ ਭਿੰਦਾ, ਹਰਜੀਤ ਸਿੰਘ ਸਮੇਤ ਹੋਰ ਕਮੇਟੀ ਮੈਂਬਰ ਹਾਜਰ ਸਨ। ਸਾਰੇ ਮੈਂਬਰਾਂ ਨੇ ਮੇਲੇ ਨੂੰ ਸ਼ਾਨੋ-ਸ਼ੌਕਤ ਅਤੇ ਧਾਰਮਿਕ ਮਰਿਆਦਾ ਨਾਲ ਨੇਪਰੇ ਚਾੜ੍ਹਨ ਲਈ ਆਪੋ-ਆਪਣੀਆਂ ਜ਼ਿੰਮੇਵਾਰੀਆਂ ਨਿਭਾਉਣ ਦਾ ਭਰੋਸਾ ਦਿੱਤਾ।