- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਐੱਸਕੇਐੱਮ ਨੇ ਭੱਗੂਪੁਰ ਟੋਲ ਪਲਾਜ਼ਾ ਤਿੰਨ ਘੰਟੇ ਲਈ ਕੀਤਾ ਪਰਚੀ ਮੁਕਤ

-ਕਿਸਾਨ ਆਗੂਆਂ ਨੇ ਕਿਹਾ, ਭਾਰਤ-ਅਮਰੀਕਾ ਵਪਾਰ ਸੰਧੀ ਲਾਗੂ ਨਾ ਕਰੇ ਕੇਂਦਰ ਸਰਕਾਰ
ਬੱਲੂ ਮਹਿਤਾ, ਪੰਜਾਬੀ ਜਾਗਰਣ, ਪੱਟੀ : ਸੰਯੁਕਤ ਕਿਸਾਨ ਮੋਰਚਾ ਐੱਸਕੇਐੱਮ ਦੇ ਸੱਦੇ ’ਤੇ ਮੰਗਲਵਾਰ ਨੂੰ ਪੱਟੀ ਨੇੜੇ ਭੱਗੂਪੁਰ ਟੋਲ ਪਲਾਜ਼ਾ ਵਿਖੇ ਵੱਡੀ ਗਿਣਤੀ ਵਿਚ ਕਿਸਾਨ ਇਕੱਠੇ ਹੋਏ ਅਤੇ ਭਾਰਤ-ਅਮਰੀਕਾ ਵਪਾਰ ਸੰਧੀ ਦੇ ਵਿਰੋਧ ਵਿਚ ਰੋਸ ਪ੍ਰਦਰਸ਼ਨ ਕੀਤਾ। ਇਸ ਦੌਰਾਨ ਕਿਸਾਨਾਂ ਨੇ ਟੋਲ ਪਲਾਜ਼ਾ ਨੂੰ ਤਿੰਨ ਘੰਟਿਆਂ ਲਈ ਪਰਚੀ ਮੁਕਤ ਕਰਕੇ ਵਾਹਨਾਂ ਨੂੰ ਬਿਨ੍ਹਾਂ ਟੋਲ ਟੈਕਸ ਲੰਘਣ ਦਿੱਤਾ।
ਕਿਸਾਨ ਆਗੂਆਂ ਨੇ ਕਿਹਾ ਕਿ ਜੇਕਰ ਕੇਂਦਰ ਦੀ ਮੋਦੀ ਸਰਕਾਰ ਨੇ ਅਮਰੀਕਾ ਨਾਲ ਵਪਾਰਕ ਸੰਧੀ ਨੂੰ ਲਾਗੂ ਕੀਤਾ, ਤਾਂ ਇਸ ਦਾ ਸਭ ਤੋਂ ਵੱਧ ਨੁਕਸਾਨ ਦੇਸ਼ ਦੇ ਕਿਸਾਨਾਂ, ਛੋਟੇ ਵਪਾਰੀਆਂ ਅਤੇ ਸਥਾਨਕ ਉਦਯੋਗਾਂ ਨੂੰ ਹੋਵੇਗਾ। ਉਨ੍ਹਾਂ ਕਿਹਾ ਕਿ ਇਸ ਸਮਝੌਤੇ ਨਾਲ ਖੇਤੀਬਾੜੀ ਖੇਤਰ ਹੀ ਨਹੀਂ, ਸਗੋਂ ਹੋਰ ਕਾਰੋਬਾਰ ਵੀ ਪ੍ਰਭਾਵਿਤ ਹੋਣਗੇ। ਉਨ੍ਹਾਂ ਸਰਕਾਰ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਕਿਸਾਨ ਇਸ ਤਰ੍ਹਾਂ ਦੀ ਕਿਸੇ ਵੀ ਨੀਤੀ ਦਾ ਡਟ ਕੇ ਵਿਰੋਧ ਕਰਨਗੇ।
ਇਸ ਮੌਕੇ ਕਿਸਾਨ ਆਗੂ ਦਲਜੀਤ ਸਿੰਘ ਦਿਆਲਪੁਰਾ, ਮਹਾਂਬੀਰ ਸਿੰਘ ਗਿੱਲ, ਸੋਹਣ ਸਿੰਘ ਸਭਰਾ, ਮੇਜਰ ਸਿੰਘ ਭਿੱਖੀਵਿੰਡ, ਗੁਰਸਾਹਿਬ ਸਿੰਘ ਡੱਲ, ਦਿਲਬਾਗ ਸਿੰਘ, ਮਨਪ੍ਰੀਤ ਸਿੰਘ ਪੰਨੂੰ, ਪ੍ਰਗਟ ਸਿੰਘ ਮਹਿਦੀਪੁਰ, ਕਰਮਜੀਤ ਸਿੰਘ ਗਦਾਈਕੇ ਅਤੇ ਗੁਰਸਾਹਿਬ ਸਿੰਘ ਸੈਦੋਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਕੇਂਦਰ ਸਰਕਾਰ ਅਮਰੀਕੀ ਦਬਾਅ ਹੇਠ ਕੰਮ ਕਰ ਰਹੀ ਹੈ ਅਤੇ ਦੇਸ਼ ਦੇ ਕਿਸਾਨਾਂ ਦੇ ਹਿੱਤਾਂ ਨੂੰ ਨਜ਼ਰਅੰਦਾਜ਼ ਕੀਤਾ ਜਾ ਰਿਹਾ ਹੈ।
ਕਿਸਾਨ ਆਗੂਆਂ ਨੇ ਦਿੱਲੀ ਵਿਚ ਵਿਦਿਆਰਥੀਆਂ ਨਾਲ ਹੋਈਆਂ ਘਟਨਾਵਾਂ ਦੀ ਨਿੰਦਾ ਕਰਦਿਆਂ ਕਿਹਾ ਕਿ ਦੇਸ਼ ਦਾ ਨੌਜਵਾਨ ਅਤੇ ਵਿਦਿਆਰਥੀ ਵਰਗ ਵੀ ਆਪਣੇ ਹੱਕਾਂ ਲਈ ਆਵਾਜ਼ ਬੁਲੰਦ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਲੋਕਤੰਤਰਿਕ ਅਧਿਕਾਰਾਂ ਦਾ ਸਤਿਕਾਰ ਕਰਨਾ ਚਾਹੀਦਾ ਹੈ। ਆਗੂਆਂ ਨੇ ਖੰਡ ਮਿੱਲ ਸ਼ੇਰੋਂ ਦਾ ਮੁੱਦਾ ਵੀ ਚੁੱਕਦਿਆਂ ਮੰਗ ਕੀਤੀ ਕਿ ਮਿੱਲ ਦੀ ਮਲਕੀਅਤ ਮੁੜ ਖੰਡ ਮਿੱਲ ਦੇ ਨਾਮ ਕੀਤੀ ਜਾਵੇ ਅਤੇ ਇਸ ਨੂੰ ਦੁਬਾਰਾ ਚਾਲੂ ਕੀਤਾ ਜਾਵੇ, ਤਾਂ ਜੋ ਇਲਾਕੇ ਦੇ ਗੰਨਾ ਕਾਸ਼ਤਕਾਰਾਂ ਨੂੰ ਰਾਹਤ ਮਿਲ ਸਕੇ।
ਇਸ ਮੌਕੇ ਮਾਸਟਰ ਹਰਭਜਨ ਸਿੰਘ, ਰਣਜੀਤ ਸਿੰਘ ਬਹਾਦਰ ਨਗਰ, ਦਲੇਰ ਸਿੰਘ ਰਾਜੋਕੇ, ਕੁਲਦੀਪ ਸਿੰਘ ਗਿੱਲ, ਕੇਵਲ ਸਿੰਘ ਕੰਬੋਕੇ, ਪੂਰਨ ਸਿੰਘ ਮਾੜੀਮੇਘਾ, ਚਾਨਣ ਸਿੰਘ, ਕੁਲਦੀਪ ਸਿੰਘ ਚੂਸਲੇਵੜ੍ਹ ਅਤੇ ਕਾਰਜ ਸਿੰਘ ਕੈਰੋਂ ਸਮੇਤ ਵੱਡੀ ਗਿਣਤੀ ਵਿਚ ਕਿਸਾਨ ਹਾਜ਼ਰ ਸਨ।