- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਕਾਮਰੇਡ ਸੋਹਲ ਤੇ ਹੋਰ ਸ਼ਹੀਦਾਂ ਦੀ ਬਰਸੀ ਮਨਾਈ

ਹਰੇਕ ਕਿਸਮ ਦੇ ਜ਼ੁਲਮ ਵਿਰੁੱਧ ਲੜਨਾ ਹੀ ਕਮਿਊਨਿਸਟਾਂ ਦਾ ਫਰਜ਼ : ਹਰਭਜਨ ਸਿੰਘ
ਕਮਿਊਨਿਸਟ ਸ਼ਹੀਦਾਂ ਦੇ ਸੁਪਨਿਆਂ ਦੀ ਪੂਰਤੀ ਲਈ ਲੜਦੇ ਰਹਾਂਗੇ : ਦਵਿੰਦਰ ਸੋਹਲ
ਤੇਜਿੰਦਰ ਸਿੰਘ ਬੱਬੂ•, ਪੰਜਾਬੀ ਜਾਗਰਣ,
ਝਬਾਲ : ਭਾਰਤੀ ਕਮਿਊਨਿਸਟ ਪਾਰਟੀ ਬਲਾਕ ਗੰਡੀਵਿੰਡ ਝਬਾਲ ਵੱਲੋਂ ਸ਼ਹੀਦ ਕਾਮਰੇਡ ਸਵਰਨ ਸਿੰਘ ਸੋਹਲ ਤੇ ਪਰਿਵਾਰਕ ਮੈਂਬਰ ਹੀਰਾ ਸਿੰਘ ਸੋਹਲ, ਕਾਮਰੇਡ ਇੰਦਰਜੀਤ ਸਰਾਂ, ਕਸ਼ਮੀਰ ਸਿੰਘ ਸੋਹਲ ਨੂੰ ਯਾਦ ਕਰਨ ਸਥਾਨਕ ਮਾਈ ਭਾਗੋਂ ਲਾਇਬ੍ਰੇਰੀ ਵਿਚ ਸ਼ਹੀਦੀ ਸਮਾਗਮ ਕਾਮਰੇਡ ਤਰਸੇਮ ਸਿੰਘ ਸੋਹਲ ਤੇ ਬਲਵਿੰਦਰ ਸਿੰਘ ਮੂਸੇ ਦੀ ਪ੍ਰਧਾਨਗੀ ਹੇਠ ਕੀਤਾ। ਇਸ ਮੌਕੇ ਬਜ਼ੁਰਗ ਕਮਿਊਨਿਸਟ ਆਗੂ ਕਾਮਰੇਡ ਹਰਭਜਨ ਸਿੰਘ ਨੇ ਕਿਹਾ ਕਿ ਹਾਕਮ ਸਰਮਾਏਦਾਰ ਜਮਾਤ ਲੋਕਾਂ ਨੂੰ ਆਪਸ ਵਿਚ ਲੜਾ ਕੇ ਆਪਣੇ ਮੁਨਾਫੇ ਵਧਾਉਂਦੀ ਹੈ। ਦੁਨੀਆ ’ਤੇ ਜਿੱਥੇ ਵੀ ਅੱਤਵਾਦ ਵੱਖਵਾਦ ਤੇ ਫਿਰਕਾਪ੍ਰਸਤੀ ਦਾ ਬੋਲਬਾਲਾ ਵਧਿਆ, ਉਸ ਪਿੱਛੇ ਲੁਕਵੇਂ ਤੇ ਸਾਜਸ਼ੀ ਢੰਗ ਨਾਲ ਸਰਮਾਏਦਾਰੀ ਪ੍ਰਬੰਧ ਨੂੰ ਪੱਕਾ ਕਰਨ ਲਈ ਅਮਰੀਕਾ ਸਾਮਰਾਜ ਦਾ ਰੋਲ ਕੰਮ ਕਰਦਾ ਹੈ।
ਪੰਜਾਬ ਦੇ ਕਾਲੇ ਦੌਰ ਵਿਚ ਵੀ ਹਿੰਦੂ ਸਿੱਖਾਂ ਨੂੰ ਲੜਾਉਣ ਲਈ ਪਾਕਿਸਤਾਨ ਰਾਹੀਂ ਵੱਡੀ ਮਾਤਰਾ ਵਿਚ ਹਥਿਆਰ ਭੇਜ ਕੇ ਆਪਣਿਆਂ ਹੱਥੋਂ ਆਪਣਿਆਂ ਨੂੰ ਮਰਵਾਇਆ। ਭਾਰਤੀ ਕਮਿਊਨਿਸਟ ਪਾਰਟੀ ਦੇ ਜਾਂਬਾਜ਼ ਵਰਕਰਾਂ ਤੇ ਆਗੂਆਂ ਨੇ ਇਸ ਬੇਲੋੜੀ ਭਰਾ ਮਾਰੂ ਜੰਗ ਨੂੰ ਰੋਕਣ ਲਈ ਆਪਣੇ ਪ੍ਰਾਣਾਂ ਦੀ ਆਹੂਤੀ ਦਿੱਤੀ। ਕਾਮਰੇਡ ਸਵਰਨ ਸਿੰਘ ਸੋਹਲ ਤੇ ਉਨ੍ਹਾਂ ਦੇ ਪਰਿਵਾਰ ਦੇ ਤਿੰਨ ਹੋਰ ਮੈਂਬਰ ਸਹਾਇਕ ਹੀਰਾ ਸਿੰਘ ਸੋਹਲ, ਇਸ ਇਲਾਕੇ ਦੇ ਬੁੱਧੀਮਾਨ ਤੇ ਕਵੀ ਕਾਮਰੇਡ ਇੰਦਰਜੀਤ ਸਰਾਂ ਤੇ ਕਸ਼ਮੀਰ ਸਿੰਘ ਸੋਹਲ ਨੇ ਆਪਣੀ ਸ਼ਹਾਦਤ ਦੇ ਕੇ ਪੰਜਾਬ ਦੇ ਅਮਨ ਨੂੰ ਕਾਇਮ ਰੱਖਣ ਦੀ ਕੋਸ਼ਿਸ਼ ਕੀਤੀ।
ਇਸ ਮੌਕੇ ਸੂਬਾਈ ਆਗੂ ਕਾਮਰੇਡ ਸੁਖਚੈਨ ਸਿੰਘ ਤੇ ਜ਼ਿਲ੍ਹਾ ਸਕੱਤਰ ਕਾਮਰੇਡ ਦਵਿੰਦਰ ਸੋਹਲ ਨੇ ਕਿਹਾ ਕਿ ਕਮਿਊਨਿਸਟ ਪਾਰਟੀ ਮਿਹਨਤਕਸ਼ ਲੋਕਾਂ ਦੇ ਹੱਕਾਂ ਲਈ ਲੜਨ ਵਾਲੀ ਪਾਰਟੀ ਹੈ, ਜੋ ਫਿਰਕੂ ਸਦਭਾਵਨਾ ਕਾਇਮ ਰੱਖਦਿਆਂ ਮਿਹਨਤਕਸ਼ ਜਨਤਾ ਹੱਥ ਸੱਤਾ ਪਰਿਵਰਤਨ ਲਿਆਉਣਾ ਚਾਹੁੰਦੀ। ਕਿਉਂਕਿ ਇਸ ਧਰਤੀ ਦੀ ਸਾਰੀ ਦੌਲਤ ਦੇ ਅਸਲ ਵਾਰਿਸ ਮਜ਼ਦੂਰ ਕਿਸਾਨ ਤੇ ਹੋਰ ਮਿਹਨਤਕਸ਼ ਲੋਕ ਹਨ। ਪਰ ਇਸ ਦੌਲਤ ’ਤੇ ਕਬਜ਼ਾ ਕਾਰਪੋਰੇਟ ਘਰਾਣਿਆਂ ਦਾ ਹੋ ਗਿਆ ਹੈ।
ਇਸ ਮੌਕੇ ਬਲਕਾਰ ਸਿੰਘ ਵਲਟੋਹਾ, ਬਿੱਲਾ ਖੂਹ ਵਾਲਾ, ਹਰਬਿੰਦਰ ਸਿੰਘ ਕਸੇਲ, ਪਲਵਿੰਦਰ ਸਿੰਘ ਬੂਰਾ, ਬਲਬੀਰ ਸਿੰਘ ਲਹਿਰੀ, ਬਲਵਿੰਦਰ ਸਿੰਘ ਮੂਸੇ, ਜਗਤਾਰ ਸਿੰਘ ਜੱਗਾ ਸਮੇਤ ਕਈ ਆਗੂ ਤੇ ਵਰਕਰ ਹਾਜ਼ਰ ਸਨ।