- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਬਿਮਾਰੀਆਂ ਦਾ ਕਾਰਨ ਬਣ ਸਕਦਾ ਕਸੂਰ ਨਾਲਾ, ਗੰਦੇ ਪਾਣੀ ਤੋਂ ਉੱਠਦੀ ਬਦਬੂ ਤੋਂ ਲੋਕ ਤੰਗ

ਸਮਾਜ ਸੇਵੀਆਂ ਵੱਲੋਂ ਚੁੱਕੀ ਜਾਂਦੀ ਰਹੀ ਹੈ ਆਵਾਜ਼, ਵਿਧਾਨ ਸਭਾ ’ਚ ਵੀ ਉੱਠਿਆ ਸੀ ਮੁੱਦਾ
ਤਰਨਤਾਰਨ ਇਲਾਕੇ ’ਚ ਕਈ ਵਾਰ ਹੜ੍ਹਾਂ ਦਾ ਕਾਰਨ ਬਣ ਚੁੱਕਾ ਹੈ, ਇਹ ਬਰਸਾਤੀ ਨਾਲਾ
ਸਟਾਫ਼ ਰਿਪੋਰਟਰ•, ਪੰਜਾਬੀ ਜਾਗਰਣ, ਤਰਨਤਾਰਨ : ਤਰਨਤਾਰਨ ਸ਼ਹਿਰ ਦੇ ਵਿੱਚੋਂ ਵਿਚ ਲੰਘਦਾ ਕਸੂਰ ਨਾਲਾ ਜਿਸ ਨੂੰ ਰੋਹੀ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ, ਲੰਮੇ ਸਮੇਂ ਤੋਂ ਲੋਕਾਂ ਲਈ ਸਿਰਦਰਦੀ ਬਣਿਆ ਹੋਇਆ ਹੈ। ਇਸ ਦੀ ਕਈ ਚਿਰਾਂ ਤੋਂ ਸਾਫ਼ ਸਫਾਈ ਨਾ ਹੋਣ ਕਾਰਨ ਕਸੂਰ ਨਾਲੇ ਦੇ ਕਿਨਾਰੇ ਰਹਿਣ ਵਾਲੇ ਲੋਕਾਂ ਨੂੰ ਜਿਥੇ ਵੱਡੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਉਥੇ ਇਸ ਵਿਚ ਪਈ ਗੰਦਗੀ ਅਤੇ ਕਲਾਲੀ ਬੂਟੀ ਕਾਰਨ ਲੋਕ ਭਿਆਨਕ ਬਿਮਾਰੀਆਂ ਦਾ ਸ਼ਿਕਾਰ ਵੀ ਹੋ ਸਕਦੇ ਹਨ।
ਪਰ ਇਸ ਦੀ ਸਾਫ ਸਫਾਈ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ। ਉਕਤ ਨਾਲੇ ਦੀ ਸਫ਼ਾਈ ਦਾ ਮੁੱਦਾ ਤਰਨਤਾਰਨ ਸ਼ਹਿਰ ਦੀਆਂ ਸੜਕਾਂ ਤੋਂ ਲੈ ਕੇ ਵਿਧਾਨ ਸਭਾ ਵਿਚ ਵੀ ਉੱਠ ਚੁੱਕਾ ਹੈ। ਕਿਉਂਕਿ ਸਫ਼ਾਈ ਨਾ ਹੋਣ ਕਰਕੇ ਇਹ ਨਾਲਾ ਕਈ ਵਾਰ ਤਰਨਤਾਰਨ ਸ਼ਹਿਰ ਅਤੇ ਇਸਦੇ ਆਸ ਪਾਸ ਦੇ ਇਲਾਕਿਆਂ ਵਿਚ ਹੜ੍ਹਾਂ ਦਾ ਕਾਰਨ ਬਣ ਚੁੱਕਾ ਹੈ ਅਤੇ ਹੁਣ ਬਰਸਾਤਾਂ ਦਾ ਮੌਸਮ ਸ਼ੁਰੂ ਹੋਣ ਦੇ ਚੱਲਦਿਆਂ ਲੋਕਾਂ ਅੰਦਰ ਇਕ ਵਾਰ ਫਿਰ ਚਿੰਤਾ ਬਣ ਗਈ ਹੈ।
ਦੱਸ ਦਈਏ ਕਿ ਇਹ ਕਸੂਰ ਨਾਲਾ ਗੁਰਦਾਸਪੁਰ ਜ਼ਿਲ੍ਹੇ ਤੋਂ ਸ਼ੁਰੂ ਹੋ ਕੇ ਬਟਾਲਾ ਅਤੇ ਅੰਮ੍ਰਿਤਸਰ ਜ਼ਿਲ੍ਹੇ ਦੇ ਕਈ ਪਿੰਡਾਂ ਵਿੱਚੋਂ ਹੁੰਦਾ ਹੋਇਆ ਤਰਨਤਾਰਨ ਜ਼ਿਲ੍ਹੇ ਵਿੱਚੋਂ ਲੰਘ ਕੇ ਪਾਕਿਸਤਾਨ ਦੇ ਸ਼ਹਿਰ ਕਸੂਰ ਵੱਲ ਜਾਂਦਾ ਹੈ। ਜਿਸਦੇ ਚੱਲਦਿਆਂ ਇਸ ਨੂੰ ਕਸੂਰ ਨਾਲੇ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਜਦੋਂ ਪੰਜਾਬ ਵਿਚ ਭਾਰੀ ਬਾਰਿਸ਼ ਹੁੰਦੀ ਹੈ ਅਤੇ ਦਰਿਆ ਆਪੇ ਤੋਂ ਬਾਹਰ ਹੋ ਜਾਂਦੇ ਹਨ, ਤਾਂ ਇਹ ਬਰਸਾਤੀ ਨਾਲਾ ਵੀ ਉਫਾਨ ’ਤੇ ਪਹੁੰਚ ਜਾਂਦਾ ਹੈ ਅਤੇ ਸਫ਼ਾਈ ਦੀ ਘਾਟ ਪਾਣੀ ਦੇ ਰਸਤੇ ਵਿਚ ਰੁਕਾਵਟ ਬਣਨ ਕਾਰਨ ਇਸੇ ਕਿਨਾਰੇ ਕਈ ਥਾਵਾਂ ਤੋਂ ਟੁੱਟ ਜਾਂਦੇ ਹਨ। ਜਿਸ ਕਰਕੇ ਨਾਲੇ ਦੇ ਨਾਲ ਲੱਗਦੀਆਂ ਜ਼ਮੀਨਾਂ ਵਿਚ ਪਾਣੀ ਆ ਜਾਣ ਕਾਰਨ ਹਰ ਸਾਲ ਫਸਲਾਂ ਦਾ ਵੱਡਾ ਨੁਕਸਾਨ ਹੋ ਜਾਂਦਾ ਹੈ।
ਇਕ ਪਾਸੇ ਜਿਥੇ ਇਹ ਨਾਲਾ ਕਈ ਪਿੰਡਾਂ ਵਿਚ ਸਿਰਦਰਦੀ ਬਣਦਾ ਹੈ। ਉਥੇ ਹੀ ਤਰਨਤਾਰਨ ਸ਼ਹਿਰ ਵਿੱਚੋਂ ਲੰਘਦੇ ਇਸ ਨਾਲੇ ਦੇ ਕਿਨਾਰਿਆਂ ’ਤੇ ਅੱਧਾ ਦਰਜਨ ਦੇ ਕਰੀਬ ਵਾਰਡਾਂ ਦੇ ਹਜਾਰਾਂ ਲੋਕ ਵਸਦੇ ਹਨ। ਇਸ ਨਾਲੇ ਦੇ ਕੰਢੇ ਹੀ ਜ਼ਿਲ੍ਹੇ ਦਾ ਸਰਕਾਰੀ ਹਸਪਤਾਲ, ਪ੍ਰਾਈਵੇਟ ਕਲੀਨਿਕ, ਸਰਕਾਰੀ ਤੇ ਨਿੱਜੀ ਸਕੂਲਾਂ ਤੋਂ ਇਲਾਵਾ ਧਾਰਮਿਕ ਅਸਥਾਨ ਅਤੇ ਦੁਕਾਨਾਂ ਆਦਿ ਵੀ ਮੌਜੂਦ ਹਨ।
ਸ੍ਰੀ ਦਰਬਾਰ ਸਾਹਿਬ ਦੀ ਪਾਰਕਿੰਗ ਦਾ ਰਸਤਾ ਵੀ ਇਸ ਕਸੂਰ ਨਾਲੇ ਦੇ ਨਾਲ ਲੱਗਦਾ ਹੈ ਅਤੇ ਰੋਜ਼ਾਨਾ ਵੱਡੀ ਗਿਣਤੀ ਵਿਚ ਸੰਗਤ ਸ੍ਰੀ ਦਰਬਾਰ ਸਾਹਿਬ ਤਰਨਤਾਰਨ ਨਤਮਸਤਕ ਹੋਣ ਲਈ ਆਉਂਦੀ ਹੈ। ਪਰ ਕਸੂਰ ਨਾਲੇ ਵਿਚ ਪਈ ਗੰਦਗੀ ਕਾਰਨ ਸੰਗਤਾਂ ਦੇ ਮਨਾਂ ਨੂੰ ਵੀ ਭਾਰੀ ਠੇਸ ਪਹੁੰਚਦੀ ਹੈ। ਪਹਾੜੀ ਤੇ ਮੈਦਾਨੀ ਖੇਤਰ ਵਿਚ ਹੋ ਰਹੀਆਂ ਭਾਰੀ ਬਰਸਾਤਾਂ ਦੇ ਚੱਲਦਿਆਂ ਜੇਕਰ ਇਸ ਵਿਚ ਪਾਣੀ ਦਾ ਪੱਧਰ ਵੱਧਦਾ ਹੈ, ਤਾਂ ਕਿਸੇ ਵੇਲੇ ਵੀ ਨੁਕਸਾਨਦਾਇਕ ਸਾਬਿਤ ਹੋ ਸਕਦਾ ਹੈ।
ਕਸੂਰ ਨਾਲੇ ਦੇ ਕੰਢਿਆਂ ’ਤੇ ਸੁੱਟਿਆ ਗਿਆ ਵੱਡੀ ਮਾਤਰਾ ਵਿਚ ਕੂੜਾ ਇਸ ਦੇ ਕੰਢੇ ’ਤੇ ਰੇਹੜੀ ਮਾਰਕੀਟ ਬਣਾਉਣ ਦੇ ਸੁਪਨੇ ਨੂੰ ਵੀ ਗ੍ਰਹਿਣ ਲਗਾ ਰਿਹਾ ਹੈ। ਇਥੇ ਦੱਸ ਦਈਏ ਕਿ ਤਰਨਤਾਰਨ ਦੇ ਮਰਹੂਮ ਵਿਧਾਇਕ ਡਾ. ਕਸ਼ਮੀਰ ਸਿੰਘ ਸੋਹਲ ਵੱਲੋਂ ਵਿਧਾਨ ਸਭਾ ਸ਼ੈਸ਼ਨ ਦੌਰਾਨ ਇਸ ਕਸੂਰ ਨਾਲੇ ਨੂੰ ਪੱਕਾ ਕਰਨ ਅਤੇ ਇਸ ਦੀ ਸਫ਼ਾਈ ਲਈ ਮੁੱਦਿਆ ਚੁੱਕਿਆ ਸੀ। ਪਰ ਪੰਜਾਬ ਸਰਕਾਰ ਅਤੇ ਪ੍ਰਸ਼ਾਸਨ ਵੱਲੋਂ ਇਸ ਵੱਲ ਧਿਆਨ ਨਹੀਂ ਦਿੱਤਾ ਜਾ ਰਿਹਾ।
------
ਲੋਕਾਂ ਲਈ ਮੁਸੀਬਤ ਨਾ ਬਣੇ, ਇਸ ਤੋਂ ਪਹਿਲਾਂ ਹੋਵੇ ਸਫ਼ਾਈ : ਸਾਹਿਲ
ਐਂਟੀ ਕੁਰੱਪਸ਼ਨ ਸੁਸਾਇਟੀ ਦੇ ਪ੍ਰਧਾਨ ਬੀਐੱਸ ਸਾਹਿਲ ਦਾ ਕਹਿਣਾ ਹੈ ਕਿ ਕਸੂਰ ਨਾਲੇ ਕੰਢੇ ਕਈ ਵਾਰਡਾਂ ਦੇ ਹਜ਼ਾਰਾਂ ਲੋਕ ਵਸਦੇ ਹਨ। ਇਸ ਵਿਚ ਲੱਗੀ ਗੰਦੇ ਪਾਣੀ ਦੀ ਡਾਫ ਕਾਰਨ ਉੱਠਦੀ ਭਾਰੀ ਬਦਬੂ ਇਨ੍ਹਾਂ ਲੋਕਾਂ ਨੂੰ ਪ੍ਰੇਸ਼ਾਨ ਕਰਦੀ ਹੈ। ਬਰਸਾਤਾਂ ਵਿਚ ਪਾਣੀ ਦਾ ਪੱਧਰ ਕੰਢਿਆਂ ਤਕ ਆ ਜਾਂਦਾ ਹੈ। ਇਸ ਲਈ ਸਮਾਂ ਰਹਿੰਦਿਆਂ ਇਸ ਦੀ ਸਫ਼ਾਈ ਕਰਨੀ ਬਣਦੀ ਸੀ। ਉਨ੍ਹਾਂ ਕਿਹਾ ਕਿ ਹੁਣ ਬਰਸਾਤੀ ਮੌਸਮ ਸ਼ੁਰੂ ਹੈ ਅਤੇ ਇਹ ਨਾਲਾ ਆਸ ਪਾਸ ਰਹਿੰਦੇ ਲੋਕਾਂ ਲਈ ਮੁਸੀਬਤ ਨਾ ਬਣ ਜਾਵੇ, ਇਸ ਤੋਂ ਪਹਿਲਾਂ ਪ੍ਰਬੰਧ ਜ਼ਰੂਰੀ ਹਨ।
------
ਲੋਕਾਂ ਦੀ ਸਿਹਤ ਨੂੰ ਧਿਆਨ ਵਿਚ ਰੱਖਦਿਆਂ ਸਰਕਾਰ ਚੁੱਕੇ ਕਦਮ : ਦਿਨੇਸ਼ ਜੋਸ਼ੀ
ਭਾਜਪਾ ਦੇ ਜ਼ਿਲ੍ਹਾ ਜਨਰਲ ਸਕੱਤਰ ਹਰਪ੍ਰੀਤ ਸਿੰਘ ਸਿੰਦਬਾਦ ਨੇ ਕਿਹਾ ਕਿ ਕਸੂਰ ਨਾਲੇ ਦੇ ਆਸ ਪਾਸ ਵੱਡੀ ਆਬਾਦੀ ਵਸਦੀ ਹੈ। ਲੋਕਾਂ ਦੀ ਸਿਹਤ ਨੂੰ ਧਿਅਨ ਵਿਚ ਰੱਖਦਿਆਂ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਜਲਦ ਇਸ ਦੀ ਸਫਾਈ ਦਾ ਪ੍ਰਬੰਧ ਕਰੇ। ਉਨ੍ਹਾਂ ਨੇ ਕਿਹਾ ਕਿ ਨਾਲੇ ਵਿਚ ਸ਼ਹਿਰ ਦੇ ਸੀਵਰੇਜ ਦਾ ਪਾਣੀ ਵੀ ਡਿੱਗਦਾ ਹੈ ਅਤੇ ਕੁਝ ਥਾਵਾਂ ’ਤੇ ਕੂੜਾ ਵੀ ਸੁੱਟਿਆ ਜਾ ਰਿਹਾ ਹੈ। ਜਿਸ ਨਾਲ ਪਾਣੀ ਹੋਰ ਪ੍ਰਦੂਸ਼ਿਤ ਹੋ ਜਾਂਦਾ ਹੈ ਅਤੇ ਇਸ ਵਿੱਚੋਂ ਉੱਠਦੀ ਬਦਬੂ ਲੋਕਾਂ ਲਈ ਮੁਸੀਬਤ ਬਣ ਜਾਂਦੀ ਹੈ। ਉਨ੍ਹਾਂ ਨੇ ਕਿਹਾ ਕਿ ਲੋਕ ਨਾਲੇ ਦੇ ਆਸ ਪਾਸ ਸਫ਼ਾਈ ਰੱਖਣ ਅਤੇ ਸਰਕਾਰ ਵੀ ਇਸ ਵੱਲ ਧਿਆਨ ਦੇਵੇ।