- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸਫਾਈ ਸੇਵਕ ਯੂਨੀਅਨ ਤੇ ਸਰਕਾਰ ਵਿਚਾਲੇ ਫਸੇ ਪੇਚ ਨੇ ਲੋਕ ਕੀਤੇ ਤੰਗ

ਸਫ਼ਾਈ ਸੇਵਕਾਂ ਦੀ ਕੰਮ ਛੱਡ ਹੜਤਾਲ ਨੇ ਵਿਗਾੜੀ ਸ਼ਹਿਰਾਂ ਦੀ ਦਸ਼ਾ
ਥਾਂ-ਥਾਂ ਲੱਗੇ ਕੂੜੇ ਦੇ ਢੇਰਾਂ ’ਚੋਂ ਉੱਠ ਰਹੀ ਹੈ ਭਿਆਨਕ ਬਦਬੂ
ਜਸਪਾਲ ਸਿੰਘ ਜੱਸੀ•, ਪੰਜਾਬੀ ਜਾਗਰਣ,
ਤਰਨਤਾਰਨ : ਸਫ਼ਾਈ ਸੇਵਕ ਯੂਨੀਅਨ ਅਤੇ ਸਰਕਾਰ ਦਰਮਿਆਨ ਮੰਗਾਂ ਨੂੰ ਲੈ ਕੇ ਫਸਿਆ ਪੇਚ ਹੁਣ ਸ਼ਹਿਰਾਂ ਵਿਚ ਰਹਿੰਦੇ ਲੋਕਾਂ ਦੇ ਜੀਅ ਦਾ ਜੰਜਾਲ ਬਣਦਾ ਜਾ ਰਿਹਾ ਹੈ। ਕਿਉਂਕਿ ਸਫ਼ਾਈ ਸੇਵਕ ਆਪਣੀਆਂ ਮੰਗਾਂ ਨੂੰ ਲੈ ਕੇ 12 ਦਿਨਾਂ ਤੋਂ ਕੰਮ ਛੱਡ ਹੜਤਾਲ ’ਤੇ ਚਲੇ ਗਏ ਹਨ। ਜਿਸ ਕਰਕੇ ਜ਼ਿਲ੍ਹੇ ’ਚ ਨਗਰ ਕੌਂਸਲਾਂ ਵਾਲੇ ਸ਼ਹਿਰ ਤਰਨਤਾਰਨ ਤੇ ਪੱਟੀ ਵਿਚ ਕੂੜੇ ਦੇ ਥਾਂ-ਥਾਂ ਢੇਰ ਲੱਗ ਚੁੱਕੇ ਹਨ। ਕਈ ਦਿਨਾਂ ਤੋਂ ਇਕੱਤਰ ਹੋ ਰਹੇ ਕੂੜੇ ਵਿੱਚੋਂ ਹੁਣ ਭਿਆਨਕ ਬਦਬੂ ਉੱਠ ਰਹੀ ਹੈ ਅਤੇ ਇਨ੍ਹਾਂ ਢੇਰਾਂ ਦੇ ਆਸ ਪਾਸ ਰਹਿੰਦੇ ਲੋਕਾਂ ਦਾ ਜੀਉਣਾ ਮੁਹਾਲ ਹੁੰਦਾ ਜਾ ਰਿਹਾ ਹੈ। ਦੂਜੇ ਪਾਸੇ ਸਮਾਜ ਸੇਵੀਆਂ ਤੇ ਚਿੰਤਕਾਂ ਨੇ ਸਰਕਾਰ ਨੂੰ ਵੀ ਅਪੀਲ ਕੀਤੀ ਹੈ ਕਿ ਉਹ ਸਫ਼ਾਈ ਕਰਮਚਾਰੀਆਂ ਦੀਆਂ ਮੰਗਾਂ ਸੁਣੇ ਤੇ ਵਾਜ਼ਿਬ ਮੰਗਾਂ ਦਾ ਨਿਪਟਾਰਾ ਕੀਤਾ ਜਾਵੇ, ਤਾਂ ਜੋ ਸ਼ਹਿਰਾਂ ਵਿਚ ਸਫਾਈ ਵਿਵਸਥਾ ਮੁੜ ਸੁਚਾਰੂ ਹੋ ਸਕੇ।
ਤਰਨਤਾਰਨ ਸ਼ਹਿਰ ਦੀ ਗੱਲ ਕਰੀਏ ਤਾਂ 12 ਦਿਨਾਂ ਤੋਂ ਕਿਸੇ ਬਾਜ਼ਾਰ ਜਾਂ ਸੜਕ ’ਤੇ ਸਫ਼ਾਈ ਨਹੀਂ ਹੋ ਸਕੀ। ਡੋ-ਟੂ-ਡੋਰ ਕੂੜੇ ਦੀ ਕੁਲੈਕਸ਼ਨ ਵੀ ਬੰਦ ਕਰ ਦਿੱਤੀ ਗਈ ਹੈ। ਜਿਸ ਕਰਕੇ ਲੋਕ ਆਪਣੇ ਘਰਾਂ ਦਾ ਕੂੜਾ ਬਾਹਰ ਸੁੱਟਣ ਲਈ ਮਜਬੂਰ ਹਨ। ਘਰਾਂ ਦੇ ਸੁੱਟੇ ਗਏ ਕੂੜੇ ਕਾਰਨ ਬਾਜ਼ਾਰਾਂ ਵਿਚ ਕਈ ਥਾਵਾਂ ’ਤੇ ਢੇਰੀਆਂ ਲੱਗ ਚੁੱਕੀਆਂ ਹਨ ਅਤੇ ਸੜਕਾਂ ’ਤੇ ਵੱਡ-ਵੱਡੇ ਢੇਰ। ਲਿਫਾਫਿਆਂ ਵਿਚ ਬੰਦ ਇਹ ਕੂੜਾ ਹੁਣ ਸੜਾਂਦ ਮਾਰ ਰਿਹਾ ਹੈ। ਜਦੋਂਕਿ ਹੁੰਮਸ ਭਰਿਆ ਮੌਸਮ ਹੋਣ ਕਾਰਨ ਇਹ ਬਦਬੂ ਲਗਾਤਾਰ ਵਧਦੀ ਜਾ ਰਹੀ ਹੈ। ਬਾਜ਼ਾਰਾਂ ਵਿਚ ਕੂੜੇ ਦੇ ਢੇਰ ਲੱਗਣ ਕਾਰਨ ਦੁਕਾਨਾਂ ’ਤੇ ਗਾਹਕ ਵੀ ਨਹੀਂ ਜਾ ਪਾ ਰਹੇ। ਜਦੋਂਕਿ ਦੁਕਾਨਦਾਰਾਂ ਦਾ ਵੀ ਦੁਕਾਨਾਂ ’ਤੇ ਬੈਠਣਾ ਮੁਸ਼ਕਿਲ ਹੋ ਚੁੱਕਾ ਹੈ।
ਤਰਨਤਾਰਨ ’ਚ ਸ੍ਰੀ ਦਰਬਾਰ ਸਾਹਿਬ ਦੀ ਸਰਾਂ ਦੇ ਕੋਲ ਕੂੜੇ ਦਾ ਢੇਰ ਲੱਗ ਚੁੱਕਾ ਹੈ। ਜਦੋਂਕਿ ਗੁਰੂ ਘਰ ਵਾਲੇ ਮੁੱਖ ਰਸਤੇ ਝਬਾਲ ਰੋਡ ’ਤੇ ਚੰਦਰ ਕਾਲੋਨੀ ਦੇ ਸਾਹਮਣੇ ਕੂੜੇ ਦਾ ਢੇਰ ਵੱਡਾ ਹੁੰਦਾ ਜਾ ਰਿਹਾ ਹੈ। ਇਸੇ ਤਰ੍ਹਾਂ ਹੀ ਗੁਰੂ ਬਾਜ਼ਾਰ ਵਿਚ ਕਈ ਥਾਵਾਂ ’ਤੇ ਕੂੜੇ ਦੇ ਢੇਰ ਲੱਗੇ ਹੋਏ ਹਨ। ਸ਼ਹਿਰ ਦੀ ਮੁੱਖ ਸੜਕ ਅੰਮ੍ਰਿਤਸਰ ਰੋਡ ’ਤੇ ਵੀ ਥਾਂ-ਥਾਂ ਕੂੜੇ ਦੇ ਢੇਰ ਦਿਖਾਈ ਦੇਣ ਲੱਗੇ ਹਨ। ਨੂਰਦੀ ਅੱਡੇ ਦੇ ਕੋਲ ਦਰਬਾਰ ਸਾਹਿਬ ਵਾਲੇ ਬਾਜ਼ਾਰ ਦੇ ਐਨ ਸਾਹਮਣੇ ਸੜਕ ਕਿਨਾਰੇ ਦੂਰ ਤਕ ਕੂੜਾ ਫੈਲ ਚੁੱਕਾ ਹੈ। ਮਾਨਸੂਨ ਦਾ ਮੌਸਮ ਹੈ ਅਤੇ ਜੇਕਰ ਬਰਸਾਤ ਹੁੰਦੀ ਹੈ, ਤਾਂ ਇਹ ਕੂੜਾ ਸੜਕਾਂ ’ਤੇ ਫੈਲਦਿਆਂ ਸਮਾਂ ਨਹੀਂ ਲੱਗਣਾ। ਉੱਧਰ ਆਵਾਰਾ ਕੁੱਤੇ ਵੀ ਇਨ੍ਹਾਂ ਕੂੜੇ ਦੇ ਢੇਰਾਂ ਨੂੰ ਫਰੋਲਦਿਆਂ ਹੋਰ ਖਿਲਾਰ ਦਿੰਦੇ ਹਨ। ਦੂਜੇ ਪਾਸੇ ਸਫਾਈ ਸੇਵਕ ਯੂਨੀਅਨ ਦੇ ਪ੍ਰਧਾਨ ਬਲਵਿੰਦਰ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਸਫਾਈ ਸੇਵਕਾਂ ਨਾਲ ਮਤਰੇਈ ਮਾਂ ਵਾਲਾ ਸਲੂਕ ਕਰ ਰਹੀ ਹੈ।
ਉਨ੍ਹਾਂ ਕਿਹਾ ਕਿ ਵੱਡੀ ਗਿਣਤੀ ਵਿਚ ਕਰਮਚਾਰੀ ਸਾਲਾਂ ਤੋਂ ਠੇਕਾ ਪ੍ਰਣਾਲੀ ਅਧੀਨ ਘੱਟ ਤਨਖਾਹਾਂ ’ਤੇ ਕੰਮ ਕਰ ਰਹੇ ਹਨ, ਪਰ ਉਨ੍ਹਾਂ ਨੂੰ ਪੱਕਾ ਕਰਨ ਦੇ ਵਾਅਦੇ ਅੱਜ ਤਕ ਪੂਰੇ ਨਹੀਂ ਕੀਤੇ ਗਏ। ਉਨ੍ਹਾਂ ਕਿਹਾ ਕਿ ਪਹਿਲਾਂ ਵੀ ਕਈ ਦਿਨ ਹੜਤਾਲ ਚੱਲੀ ਸੀ ਅਤੇ ਸਰਕਾਰ ਨੇ ਮੰਗਾਂ ਮੰਨੇ ਜਾਣ ਦੀ ਗੱਲ ਕਹੀ ਸੀ। ਪਰ ਕੱਚੇ ਕਰਮਚਾਰੀਆਂ ਨੂੰ ਪੱਕਾ ਕਰਨ, ਠੇਕੇਦਾਰੀ ਪ੍ਰਣਾਲੀ ਖਤਮ ਕਰਨ, ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਨ ਆਦਿ ਵਰਗੀਆਂ ਮੰਗਾਂ ’ਤੇ ਅਜੇ ਤਕ ਕੋਈ ਅਮਲ ਨਹੀਂ ਕੀਤਾ ਗਿਆ। ਜਿਸਦੇ ਚੱਲਦਿਆਂ ਸਫਾਈ ਸੇਵਕਾਂ ਨੂੰ ਮੁੜ ਤੋਂ ਹੜਤਾਲ ਦਾ ਰਾਹ ਚੁਣਨਾ ਪਿਆ ਹੈ।