- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਤਰਨਤਾਰਨ ਜ਼ਿਲ੍ਹੇ ਦੇ ਸਾਰੇ ਪੋਲਿੰਗ ਬੂਥਾਂ ’ਤੇ ਅੱਜ ਲੱਗਣਗੇ ਵਿਸ਼ੇਸ਼ ਕੈਂਪ

ਜਸਪਾਲ ਸਿੰਘ ਜੱਸੀ•, ਪੰਜਾਬੀ ਜਾਗਰਣ,
ਤਰਨਤਾਰਨ : ਵੋਟਰ ਸੂਚੀ ਦੀ ਵਿਸ਼ੇਸ਼ ਗਹਿਰੀ ਸੁਧਾਈ ਐੱਸਆਈਆਰ 2026 ਤਹਿਤ ਜ਼ਿਲ੍ਹਾ ਤਰਨਤਾਰਨ ਦੇ ਸਾਰੇ ਪੋਲਿੰਗ ਬੂਥਾਂ ’ਤੇ 19 ਜੁਲਾਈ ਨੂੰ ਵਿਸ਼ੇਸ਼ ਕੈਂਪ ਲਗਾਏ ਜਾ ਰਹੇ ਹਨ। ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਰਾਹੁਲ ਨੇ ਇਸ ਸਬੰਧੀ ਦੱਸਿਆ ਕਿ ਇਹ ਵਿਸ਼ੇਸ਼ ਕੈਂਪ ਸਵੇਰੇ 8 ਤੋਂ ਦੁਪਹਿਰ 2 ਵਜੇ ਤਕ ਲਗਾਏ ਜਾਣਗੇ, ਜਿਥੇ ਸਮੂਹ ਬੂਥ ਲੈਵਲ ਅਫ਼ਸਰ ਬੀਐੱਲਓ ਆਪਣੇ ਸਬੰਧਤ ਪੋਲਿੰਗ ਬੂਥਾਂ ’ਤੇ ਨਿੱਜੀ ਤੌਰ ’ਤੇ ਮੌਜੂਦ ਰਹਿਣਗੇ ਅਤੇ ਵੋਟਰਾਂ ਨੂੰ ਗਣਨਾ ਐਨਿਊਮੀਰੇਸ਼ਨ ਫਾਰਮ ਭਰਨ ’ਤੇ ਜਮ੍ਹਾਂ ਕਰਨ ਵਿਚ ਸਹਾਇਤਾ ਪ੍ਰਦਾਨ ਕਰਨਗੇ।
ਉਨ੍ਹਾਂ ਨੇ ਹਦਾਇਤਾਂ ਜਾਰੀ ਕਰਦਿਆਂ ਕਿਹਾ ਕਿ ਜਿਨ੍ਹਾਂ ਬੀਐੱਲਓਜ਼ ਨੇ ਗਣਨਾ ਫਾਰਮ ਦੀ ਡਿਜੀਟਾਈਜ਼ੇਸ਼ਨ ਦਾ ਕੰਮ ਮੁਕੰਮਲ ਕਰ ਲਿਆ ਹੈ, ਉਹ ਬੀਐੱਲਏਜ਼ ਨਾਲ ਮੀਟਿੰਗਾਂ ਅਤੇ ਤਰੁੱਟੀਆਂ ਨੂੰ ਦੂਰ ਕਰਨ ’ਤੇ ਧਿਆਨ ਦੇਣਗੇ। ਜਿਨ੍ਹਾਂ ਬੂਥਾਂ ’ਤੇ ਫਾਰਮਾਂ ਦੀ ਡਿਜੀਟਾਈਜ਼ੇਸ਼ਨ ਦਾ ਕੰਮ ਅਜੇ ਬਾਕੀ ਹੈ, ਉਥੇ ਡਿਜੀਟਾਈਜ਼ੇਸ਼ਨ ਵਿਚ ਤੇਜ਼ੀ ਲਿਆਉਣ ਦੇ ਨਾਲ-ਨਾਲ ਬਾਕੀ ਰਹਿੰਦੇ ਫਾਰਮ ਵੀ ਇਕੱਤਰ ਕੀਤੇ ਜਾਣ। ਜਿਹੜੇ ਬੂਥਾਂ ’ਤੇ ਫਾਰਮਾਂ ਦੀ ਪ੍ਰਾਪਤੀ ਅਜੇ ਬਾਕੀ ਹੈ, ਉਥੇ ਫਾਰਮ ਇਕੱਤਰ ਕਰਨ ਅਤੇ ਡਿਜੀਟਾਈਜ਼ੇਸ਼ਨ ਦੋਵੇਂ ਕੰਮ ਸਾਮਾਨ ਤਰਜੀਹ ਨਾਲ ਨੇਪਰੇ ਚਾੜ੍ਹੇ ਜਾਣ।
ਜ਼ਿਲ੍ਹਾ ਚੋਣ ਅਫ਼ਸਰ ਨੇ ਅਪੀਲ ਕਰਦਿਆਂ ਕਿਹਾ ਕਿ ਜਿਨ੍ਹਾਂ ਯੋਗ ਵੋਟਰਾਂ ਨੇ ਅਜੇ ਤਕ ਆਪਣੇ ਗਣਨਾ ਫਾਰਮ ਜਮ੍ਹਾਂ ਨਹੀਂ ਕਰਵਾਏ, ਉਹ 19 ਜੁਲਾਈ ਨੂੰ ਪੋਲਿੰਗ ਸਟੇਸ਼ਨ ’ਤੇ ਪਹੁੰਚ ਕੇ ਗਣਨਾ ਫਾਰਮ ਜਮ੍ਹਾਂ ਕਰਵਾਉਣ ਅਤੇ ਇਸ ਅਹਿਮ ਪ੍ਰਕਿਰਿਆ ਨੂੰ ਸਫ਼ਲ ਬਣਾਉਣ ਵਿਚ ਸਹਿਯੋਗ ਦੇਣ। ਇਸ ਦੇ ਨਾਲ ਹੀ ਉਨ੍ਹਾਂ ਸਮੂਹ ਰਾਜਨੀਤਿਕ ਪਾਰਟੀਆਂ ਅਤੇ ਬੂਥ ਲੈਵਲ ਏਜੰਟਾਂ ਨੂੰ ਵੀ ਅਪੀਲ ਕੀਤੀ ਕਿ ਵੱਧ ਤੋਂ ਵੱਧ ਯੋਗ ਵੋਟਰਾਂ ਨੂੰ ਇਸ ਵਿਸ਼ੇਸ਼ ਕੈਂਪ ਵਿਚ ਸ਼ਾਮਿਲ ਹੋਣ ਲਈ ਪ੍ਰੇਰਿਤ ਕੀਤਾ ਜਾਵੇ।
------
ਚੋਣਕਾਰ ਰਜਿਸਟ੍ਰੇਸ਼ਨ ਅਫ਼ਸਰਾਂ ਵੱਲੋਂ ਤਿਆਰੀਆਂ ਮੁਕੰਮਲ
ਇਨ੍ਹਾਂ ਵਿਸ਼ੇਸ਼ ਕੈਂਪਾਂ ਸਬੰਧੀ ਜ਼ਿਲ੍ਹੇ ਦੇ ਸਮੂਹ ਚੋਣਕਾਰ ਰਜਿਸਟ੍ਰੇਸ਼ਨ ਅਫ਼ਸਰਾਂ ਵੱਲੋਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਇਸ ਸਬੰਧੀ ਚੋਣਕਾਰ ਰਜਿਸਟ੍ਰੇਸ਼ਨ ਅਫ਼ਸਰ ਤਰਨਤਾਰਨ ਡਾ. ਕਰਨਵੀਰ ਸਿੰਘ, ਚੋਣਕਾਰ ਰਜਿਸਟ੍ਰੇਸ਼ਨ ਅਫ਼ਸਰ ਖਡੂਰ ਸਾਹਿਬ ਸੰਜੀਵ ਸ਼ਰਮਾ, ਚੋਣਕਾਰ ਰਜਿਸਟ੍ਰੇਸ਼ਨ ਅਫ਼ਸਰ ਖੇਮਕਰਨ ਜਗਦੀਪ ਸਿੰਘ ਅਤੇ ਚੋਣਕਾਰ ਰਜਿਸਟ੍ਰੇਸ਼ਨ ਅਫ਼ਸਰ ਪੱਟੀ ਅਮਨਦੀਪ ਨੇ ਆਪਣੇ-ਆਪਣੇ ਚੋਣ ਹਲਕਿਆਂ ਦੇ ਏਈਆਰਓਜ਼, ਸੈਕਟਰ ਅਫ਼ਸਰਾਂ, ਬੀਐੱਲਓਜ਼ ਅਤੇ ਹੋਰਨਾਂ ਸਬੰਧਤ ਅਧਿਕਾਰੀਆਂ ਨੂੰ ਇਸ ਮਹੱਤਵਪੂਰਨ ਕਾਰਜ ਨੂੰ ਪੂਰੀ ਮਿਹਨਤ ਅਤੇ ਪ੍ਰਤੀਬੱਧਤਾ ਨਾਲ ਨੇਪਰੇ ਚਾੜ੍ਹਨ ਦੀ ਹਦਾਇਤ ਕੀਤੀ ਹੈ।