- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਫਤਿਆਬਾਦ ਵਿਚ ਫਿਰੌਤੀ ਦੀਆਂ ਘਟਨਾਵਾਂ ਚਿੰਤਾਜਨਕ, ਸਰਕਾਰ ਵਪਾਰੀਆਂ ਦੀ ਸੁਰੱਖਿਆ ਯਕੀਨੀ ਬਣਾਏ : ਰਮਨਦੀਪ ਸਿੰਘ ਭਰੋਵਾਲ

ਗੁਰਬਰਿੰਦਰ ਸਿੰਘ, •ਪੰਜਾਬੀ ਜਾਗਰਣ
ਸ੍ਰੀ ਗੋਇੰਦਵਾਲ ਸਾਹਿਬ : ਭਾਰਤੀ ਜਨਤਾ ਪਾਰਟੀ ਦੇ ਖਡੂਰ ਸਾਹਿਬ ਵਿਧਾਨ ਸਭਾ ਹਲਕੇ ਦੇ ਸੀਨੀਅਰ ਆਗੂ ਰਮਨਦੀਪ ਸਿੰਘ ਭਰੋਵਾਲ ਨੇ ਫਤਿਆਬਾਦ ਕਸਬੇ ਵਿਚ ਨਵਦੀਪ ਸਿੰਘ ਦੇ ਖੁਰਾਣਾ ਫੈਸ਼ਨ ਸ਼ੋਅਰੂਮ ’ਤੇ ਕਥਿਤ ਫਿਰੌਤੀ ਦੀ ਮੰਗ ਨੂੰ ਲੈ ਕੇ ਦਿਨ-ਦਿਹਾੜੇ ਹੋਈ ਗੋਲੀਬਾਰੀ ਦੀ ਘਟਨਾ ਨੂੰ ਬੇਹੱਦ ਚਿੰਤਾਜਨਕ ਕਰਾਰ ਦਿੱਤਾ ਹੈ। ਉਨ੍ਹਾਂ ਪ੍ਰੈੱਸ ਕਾਨਫਰੰਸ ਦੌਰਾਨ ਪੰਜਾਬ ਸਰਕਾਰ ਤੋਂ ਵਪਾਰੀਆਂ ਅਤੇ ਦੁਕਾਨਦਾਰਾਂ ਦੀ ਜਾਨ-ਮਾਲ ਦੀ ਸੁਰੱਖਿਆ ਯਕੀਨੀ ਬਣਾਉਣ ਦੀ ਮੰਗ ਕੀਤੀ।
ਭਰੋਵਾਲ ਨੇ ਕਿਹਾ ਕਿ ਤਰਨਤਾਰਨ ਜ਼ਿਲ੍ਹਾ, ਖ਼ਾਸ ਕਰਕੇ ਖਡੂਰ ਸਾਹਿਬ ਵਿਧਾਨ ਸਭਾ ਹਲਕੇ ਦੇ ਫਤਿਆਬਾਦ ਅਤੇ ਚੋਹਲਾ ਸਾਹਿਬ ਖੇਤਰ ਵਿਚ ਵਪਾਰੀਆਂ ਨੂੰ ਆਏ ਦਿਨ ਕਥਿਤ ਫਿਰੌਤੀ ਦੀਆਂ ਧਮਕੀਆਂ ਮਿਲ ਰਹੀਆਂ ਹਨ। ਇਸ ਕਾਰਨ ਵਪਾਰੀਆਂ ਵਿਚ ਡਰ ਅਤੇ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਲੋਕ ਸਾਲਾਂ ਦੀ ਮਿਹਨਤ ਨਾਲ ਆਪਣਾ ਕਾਰੋਬਾਰ ਖੜ੍ਹਾ ਕਰਦੇ ਹਨ, ਨਾ ਕਿ ਗੈਂਗਸਟਰਾਂ ਅਤੇ ਲੁਟੇਰਿਆਂ ਅੱਗੇ ਝੁਕਣ ਲਈ।
ਉਨ੍ਹਾਂ ਕਿਹਾ ਕਿ ਸਰਕਾਰ ਦਾ ਸਭ ਤੋਂ ਪਹਿਲਾ ਫਰਜ਼ ਆਪਣੇ ਨਾਗਰਿਕਾਂ ਦੀ ਸੁਰੱਖਿਆ ਕਰਨਾ ਹੈ। ਖ਼ਾਸ ਕਰਕੇ ਉਹ ਲੋਕ, ਜੋ ਟੈਕਸ ਅਦਾ ਕਰਕੇ ਦੇਸ਼ ਅਤੇ ਸੂਬੇ ਦੀ ਆਰਥਿਕਤਾ ਵਿਚ ਯੋਗਦਾਨ ਪਾਉਂਦੇ ਹਨ, ਉਨ੍ਹਾਂ ਦੀ ਸੁਰੱਖਿਆ ਕਰਨਾ ਹੋਰ ਵੀ ਜ਼ਰੂਰੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਸਰਕਾਰ ਇਸ ਜ਼ਿੰਮੇਵਾਰੀ ਨੂੰ ਨਿਭਾਉਣ ਵਿਚ ਅਸਫਲ ਰਹੀ ਹੈ।
ਭਰੋਵਾਲ ਨੇ ਕਿਹਾ ਕਿ ਪੰਜਾਬ ਪੁਲਿਸ ਇਕ ਸਮੱਰਥ ਫੋਰਸ ਹੈ, ਪਰ ਇਸ ਸਮੇਂ ਕਈ ਥਾਣਿਆਂ ਵਿਚ ਪੁਲਿਸ ਮੁਲਾਜ਼ਮਾਂ ਦੀ ਭਾਰੀ ਘਾਟ ਹੈ। ਉਨ੍ਹਾਂ ਦਾਅਵਾ ਕੀਤਾ ਕਿ ਗੋਇੰਦਵਾਲ ਸਾਹਿਬ ਥਾਣੇ ਵਿਚ ਲੋੜ ਮੁਤਾਬਿਕ ਕਰੀਬ 40 ਮੁਲਾਜ਼ਮ ਹੋਣੇ ਚਾਹੀਦੇ ਹਨ, ਜਦਕਿ ਮੌਜੂਦਾ ਸਮੇਂ ਵਿਚ ਸਿਰਫ਼ 12–13 ਮੁਲਾਜ਼ਮ ਹੀ ਤਾਇਨਾਤ ਹਨ। ਇਸੇ ਤਰ੍ਹਾਂ ਚੋਹਲਾ ਸਾਹਿਬ ਅਤੇ ਹੋਰ ਥਾਣਿਆਂ ਦੀ ਵੀ ਇਹੋ ਜਿਹੀ ਸਥਿਤੀ ਹੈ। ਉਨ੍ਹਾਂ ਕਿਹਾ ਕਿ ਜਦੋਂ ਪੁਲਿਸ ਕੋਲ ਲੋੜੀਂਦੀ ਨਫ਼ਰੀ ਹੀ ਨਹੀਂ ਹੋਵੇਗੀ, ਤਾਂ ਗੈਂਗਸਟਰਾਂ ਖ਼ਿਲਾਫ਼ ਪ੍ਰਭਾਵਸ਼ਾਲੀ ਕਾਰਵਾਈ ਕਿਵੇਂ ਹੋ ਸਕੇਗੀ।
ਉਨ੍ਹਾਂ ਦੋਸ਼ ਲਾਇਆ ਕਿ ਪੁਲਿਸ ਮੁਲਾਜ਼ਮਾਂ ਦੀ ਘਾਟ ਅਤੇ ਸਰਕਾਰ ਦੀ ਕਥਿਤ ਅਣਗਹਿਲੀ ਕਾਰਨ ਸੂਬੇ ਵਿਚ ਗੈਂਗਸਟਰਵਾਦ ਵਧ ਰਿਹਾ ਹੈ। ਉਨ੍ਹਾਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ, ਜੋ ਗ੍ਰਹਿ ਵਿਭਾਗ ਵੀ ਸੰਭਾਲ ਰਹੇ ਹਨ, ਨੂੰ ਅਪੀਲ ਕੀਤੀ ਕਿ ਗੈਂਗਸਟਰਵਾਦ ’ਤੇ ਸਖ਼ਤੀ ਨਾਲ ਨੱਥ ਪਾਈ ਜਾਵੇ, ਪੁਲਿਸ ਦੀ ਨਫ਼ਰੀ ਵਿਚ ਵਾਧਾ ਕੀਤਾ ਜਾਵੇ ਅਤੇ ਲਾਪਰਵਾਹੀ ਕਰਨ ਵਾਲੇ ਅਧਿਕਾਰੀਆਂ ਖ਼ਿਲਾਫ਼ ਸਖ਼ਤ ਵਿਭਾਗੀ ਕਾਰਵਾਈ ਕੀਤੀ ਜਾਵੇ।
ਭਰੋਵਾਲ ਨੇ ਕਿਹਾ ਕਿ ਸਰਕਾਰ ਨੂੰ ਵਪਾਰੀਆਂ ਅਤੇ ਦੁਕਾਨਦਾਰਾਂ ਦੀ ਜਾਨ-ਮਾਲ ਦੀ ਸੁਰੱਖਿਆ ਹਰ ਹਾਲਤ ਵਿਚ ਯਕੀਨੀ ਬਣਾਉਣੀ ਚਾਹੀਦੀ ਹੈ, ਤਾਂ ਜੋ ਉਹ ਬਿਨ੍ਹਾਂ ਕਿਸੇ ਡਰ ਦੇ ਆਪਣਾ ਕਾਰੋਬਾਰ ਕਰ ਸਕਣ। ਇਸ ਮੌਕੇ ਭੁਪਿੰਦਰ ਸਿੰਘ ਟੀਟੂ, ਤਰਸੇਮ ਸਿੰਘ ਛਾਪੜੀ, ਠੇਕੇਦਾਰ ਸੁਖਜਿੰਦਰ ਸਿੰਘ, ਦਲਬੀਰ ਸਿੰਘ ਖੁਆਸਪੁਰ ਅਤੇ ਹੋਰ ਆਗੂ ਹਾਜ਼ਰ ਸਨ।