- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮਹਿੰਦੀਪੁਰ ਦਾ ਸ਼ਾਨਦਾਰ ਕਬੱਡੀ ਕੱਪ ਸ਼ਾਨੋ ਸ਼ੌਕਤ ਨਾਲ ਸਮਾਪਤ

ਪੱਤਰ ਪ੍ਰੇਰਕ, ਪੰਜਾਬੀ ਜਾਗਰਣ ਟੀਮ, ਕੈਰੋਂ/ਵਲਟੋਹਾ : ਬਾਬਾ ਸਾਹਿਬ ਸਿੰਘ ਜੀ ਦੇ ਸਾਲਾਨਾ ਜੋੜ ਮੇਲੇ ਨੂੰ ਸਮਰਪਿਤ ਪਿੰਡ ਮਹਿੰਦੀਪੁਰ ਵਿਖੇ ਨਗਰ ਨਿਵਾਸੀਆਂ ਅਤੇ ਖੇਡ ਪਰਮੋਟਰਾਂ ਦੇ ਸਹਿਯੋਗ ਨਾਲ ਕਰਵਾਏ ਗਏ ਵਿਸ਼ਾਲ ਕਬੱਡੀ ਕੱਪ ਨੇ ਖੇਡ ਪ੍ਰੇਮੀਆਂ ਦਾ ਭਰਪੂਰ ਮਨੋਰੰਜਨ ਕੀਤਾ। ਪੰਜਾਬ ਅਤੇ ਹਰਿਆਣਾ ਦੇ ਨਾਮੀ ਕਬੱਡੀ ਖਿਡਾਰੀਆਂ ਦੀ ਮੌਜੂਦਗੀ ਕਾਰਨ ਮੈਦਾਨ ਦਰਸ਼ਕਾਂ ਨਾਲ ਖਚਾਖਚ ਭਰਿਆ ਰਿਹਾ। ਮੁਕਾਬਲੇ ਦੌਰਾਨ ਮਾਝਾ, ਮਾਲਵਾ, ਦੁਆਬਾ ਅਤੇ ਹਰਿਆਣਾ ਦੀਆਂ ਚਾਰ ਮਜ਼ਬੂਤ ਟੀਮਾਂ ਨੇ ਹਿੱਸਾ ਲਿਆ ਅਤੇ ਹਰ ਮੈਚ ਵਿਚ ਰੋਮਾਂਚ ਆਪਣੇ ਸਿਖਰ 'ਤੇ ਰਿਹਾ।
ਪਹਿਲੇ ਸੈਮੀਫਾਈਨਲ ਵਿਚ ਹਰਿਆਣਾ ਦੀ ਟੀਮ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ 40-25 ਦੇ ਫਰਕ ਨਾਲ ਮਾਲਵਾ ਨੂੰ ਹਰਾ ਕੇ ਫਾਈਨਲ ਵਿਚ ਜਗ੍ਹਾ ਬਣਾਈ। ਇਸ ਮੈਚ ਵਿਚ ਅੰਕਸ਼ ਭੀਖੇਵਾਲਾ ਨੇ 9 ਵਿੱਚੋਂ 9 ਸਫਲ ਰੇਡਾਂ ਕਰਕੇ ਬੈਸਟ ਰੇਡਰ ਦਾ ਸਨਮਾਨ ਹਾਸਲ ਕੀਤਾ, ਜਦਕਿ ਸ਼ੀਲੂ ਬਾਹੂ ਅਕਬਰਪੁਰ ਨੇ 11 ਟੱਚ ਅਤੇ 4 ਜੱਫੇ ਲਗਾ ਕੇ ਬੈਸਟ ਜਾਫੀ ਦਾ ਖਿਤਾਬ ਜਿੱਤਿਆ। ਦੋਵਾਂ ਨੂੰ ਐੱਲਈਡੀ ਇਨਾਮ ਨਾਲ ਸਨਮਾਨਿਤ ਕੀਤਾ ਗਿਆ।
ਦੂਜੇ ਸੈਮੀਫਾਈਨਲ ਵਿਚ ਮਾਝਾ ਨੇ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕਰਦਿਆਂ ਦੁਆਬਾ ਨੂੰ ਹਰਾਕੇ ਫਾਈਨਲ ਵਿਚ ਪ੍ਰਵੇਸ਼ ਕੀਤਾ। ਇਸ ਮੁਕਾਬਲੇ ਵਿਚ ਹਰਸ਼ ਅਮੀਪੁਰ ਨੇ 11 ਵਿੱਚੋਂ 11 ਸਫਲ ਰੇਡਾਂ ਕਰਕੇ ਦਰਸ਼ਕਾਂ ਦਾ ਦਿਲ ਜਿੱਤ ਲਿਆ ਅਤੇ ਬੈਸਟ ਰੇਡਰ ਬਣੇ, ਜਦਕਿ ਪ੍ਰੀਤ ਲੱਧੂ ਨੇ 4 ਸ਼ਾਨਦਾਰ ਜੱਫੇ ਲਗਾ ਕੇ ਬੈਸਟ ਜਾਫੀ ਦਾ ਸਨਮਾਨ ਪ੍ਰਾਪਤ ਕੀਤਾ। ਇਨ੍ਹਾਂ ਨੂੰ ਵੀ ਐੱਲਈਡੀ ਇਨਾਮ ਦਿੱਤਾ ਗਿਆ।
ਫਾਈਨਲ ਮੁਕਾਬਲਾ ਮਾਝਾ ਅਤੇ ਹਰਿਆਣਾ ਦੀਆਂ ਟੀਮਾਂ ਵਿਚਕਾਰ ਬਹੁਤ ਹੀ ਰੋਮਾਂਚਕ ਰਿਹਾ। ਦੋਵਾਂ ਟੀਮਾਂ ਨੇ ਆਖਰੀ ਪਲ ਤਕ ਜਿੱਤ ਲਈ ਪੂਰਾ ਜ਼ੋਰ ਲਾਇਆ। ਆਖਿਰਕਾਰ ਮਾਝਾ ਨੇ 36 ਅੰਕ ਹਾਸਲ ਕਰਕੇ ਹਰਿਆਣਾ ਨੂੰ 33.5 ਅੰਕਾਂ ਨਾਲ ਹਰਾ ਕੇ ਚੈਂਪੀਅਨ ਬਣਨ ਦਾ ਮਾਣ ਹਾਸਲ ਕੀਤਾ। ਜੇਤੂ ਮਾਝਾ ਟੀਮ ਨੂੰ 2 ਲੱਖ ਰੁਪਏ, ਜਦਕਿ ਉਪ ਜੇਤੂ ਹਰਿਆਣਾ ਟੀਮ ਨੂੰ 1 ਲੱਖ 75 ਹਜ਼ਾਰ ਰੁਪਏ ਦਾ ਨਕਦ ਇਨਾਮ ਭੇਟ ਕੀਤਾ ਗਿਆ।
ਫਾਈਨਲ ਵਿਚ ਹਰਸ਼ ਅਮੀਪੁਰ ਨੇ 17 ਰੇਡਾਂ ਦੌਰਾਨ 16 ਅੰਕ ਹਾਸਲ ਕਰਕੇ ਬੈਸਟ ਰੇਡਰ ਦਾ ਖਿਤਾਬ ਆਪਣੇ ਨਾਮ ਕੀਤਾ। ਇਸੇ ਤਰ੍ਹਾਂ ਮਨਿੰਦਰ ਚੱਕੀ ਰਮਦਾਸ ਨੇ 8 ਟੱਚ ਅਤੇ 5 ਸ਼ਾਨਦਾਰ ਜੱਫੇ ਲਗਾ ਕੇ ਬੈਸਟ ਜਾਫੀ ਬਣਨ ਦਾ ਮਾਣ ਹਾਸਲ ਕੀਤਾ। ਫਾਈਨਲ ਦੇ ਦੋਵੇਂ ਸਰਵੋਤਮ ਖਿਡਾਰੀਆਂ ਨੂੰ ਮੋਟਸਾਈਕਲਾਂ ਨਾਲ ਸਨਮਾਨਿਤ ਕੀਤਾ ।
ਜੇਤੂ ਮਾਝੇ ਦੀ ਟੀਮ ਵਿਚ ਅੰਮ੍ਰਿਤ ਔਲਖ, ਸੱਤੂ ਖਡੂਰ ਸਾਹਿਬ, ਪ੍ਰੀਤ ਲੱਧੂ, ਮਨਿੰਦਰ ਚੱਕੀ ਰਮਦਾਸ, ਸੰਨੀ ਡੇਰਾ ਬਾਬਾ ਨਾਨਕ, ਬੱਲਾ ਕਠਿਆਲਾ, ਅਕਾਸ਼ ਸੁਰਸਿੰਘ, ਏਕਮ ਫਤਾਹਪੁਰ, ਜੱਗਾ ਅਲਗੋਂ ਕੋਠੀ, ਸ਼ੀਤਾ ਬੱਲ੍ਹੇਰ, ਕਾਰਜ ਮਸਤਗੜ੍ਹ, ਗੁਰਦਿੱਤ ਖਡੂਰ ਸਾਹਿਬ, ਜੁਗਨੂੰ ਭਾਈ ਲੱਧੂ, ਮੱਖਣ ਸੰਧੂ ਮੱਖੀ, ਅੰਬਾ ਸੁਰਸਿੰਘ, ਭੀਮ ਦੁਬਲੀ, ਹਰਸ਼ ਅਮੀਪੁਰ, ਭੀਮ ਸੁਰਸਿੰਘ, ਗੁਰਲਾਲ ਖਡੂਰ ਸਾਹਿਬ ਸਮੇਤ ਹੋਰ ਖਿਡਾਰੀਆਂ ਨੇ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕੀਤਾ ਅਤੇ ਉਪ ਜੇਤੂ ਹਰਿਆਣਾ ਟੀਮ ਵਿਚ ਸ਼ੀਲੂ ਬਾਹੂ ਅਕਬਰਪੁਰ, ਬੂਟਾ ਅਨਦਾਣਾ, ਅਮਨਾ ਦਿਉਰਾ, ਪ੍ਰਵੀਨ, ਬੂਰੀਆਂ ਸੀਸਰ, ਸੁਨੀਲ ਧਮਤਾਨ ਸਾਹਿਬ, ਢੀਲਾ ਜਾਡਲੀ, ਸਹਿਲ, ਅੰਕਸ਼ ਭੀਖੇਵਾਲਾ ਅਤੇ ਦੀਪਕ ਪਹਿਲਵਾਨ ਨੇ ਆਪਣੀ ਕਾਬਲੀਅਤ ਦਾ ਲੋਹਾ ਮਨਵਾਇਆ।
ਇਸ ਤੋਂ ਇਲਾਵਾ ਦੁਆਬਾ ਟੀਮ ਵੱਲੋਂ ਫਰਿਆਦ ਅਲੀ ਸ਼ਕਰਪੁਰ, ਛੋਟਾ ਸੋਹਣ ਚੱਕਸਾਬੂ, ਕਾਕਾ ਸ਼ਕਰਪੁਰ, ਜੋਧਾ ਡੇਰਾ ਬਾਬਾ ਨਾਨਕ, ਸਾਜ਼ੀ ਸ਼ਕਰਪੁਰ, ਬੁਲਟ ਖੀਰਾਂਵਾਲੀ, ਸੰਦੀਪ ਦੋਦਾ, ਸੋਨੀ ਭਾਦੜਾ ਅਤੇ ਬਲਕਰਨ ਕਲਿਆਣ ਨੇ ਵਧੀਆ ਖੇਡ ਦਿਖਾਈ, ਜਦਕਿ ਮਾਲਵਾ ਟੀਮ ਵੱਲੋਂ ਸੋਨੀ ਫੱਕਰ ਝੰਡਾ, ਗਗਨ ਸੂਰੇਵਾਲ, ਅਰਸ਼ ਬਰਸਾਲਪੁਰ, ਅੰਮ੍ਰਿਤ ਬਰਸਾਲਪੁਰ, ਚਿਰਾਗਦੀਨ ਮਹੀਆਂ ਵਾਲਾ, ਬਬਰਾ ਠੀਕਰੀਵਾਲਾ, ਅਰਸ਼ ਵਰਨਾਲਾ, ਕਰਨ ਦਿਆਲਪੁਰਾ, ਬੁਲਟ ਅਤੇ ਸ਼ੈਟੀ ਘਰਾਚੋਂ ਨੇ ਵੀ ਸ਼ਾਨਦਾਰ ਪ੍ਰਦਰਸ਼ਨ ਕੀਤਾ।
ਮੁਕਾਬਲਿਆਂ ਦਾ ਅੱਖੀਂ ਡਿੱਠਾ ਹਾਲ ਬੂਟਾ ਉਮਰੀਆਣਾ, ਰੁਪਿੰਦਰ ਜਲਾਲ, ਅਮਰੀਕ ਖੋਸਾ ਕੋਟਲਾ, ਵਰਿੰਦਰ ਖੇਮਕਰਨ ਅਤੇ ਬਿੱਕਾ ਲਾਹੌਰੀਆ ਨੇ ਆਪਣੇ ਦਿਲਚਸਪ ਕੁਮੈਂਟਰੀ ਅੰਦਾਜ਼ ਨਾਲ ਪੇਸ਼ ਕਰਕੇ ਦਰਸ਼ਕਾਂ ਦਾ ਭਰਪੂਰ ਮਨੋਰੰਜਨ ਕੀਤਾ। ਜਦਕਿ ਪਰਮਜੀਤ ਟਿੱਬਾ, ਅਮਨ ਮਲਸੀਆਂ, ਅਮਨ ਦੁੱਗਾ ਅਤੇ ਲਵ ਕਾਲੇਕੇ ਨੇ ਰੈਫਰੀ ਵਜੋਂ ਆਪਣੀਆਂ ਸੇਵਾਵਾਂ ਨਿਭਾਈਆਂ।
ਸਮਾਪਤੀ ਸਮਾਗਮ ਦੌਰਾਨ ਪ੍ਰਬੰਧਕਾਂ ਨੇ ਸਾਰੀਆਂ ਟੀਮਾਂ, ਖਿਡਾਰੀਆਂ, ਪ੍ਰਬੰਧਕ ਕਮੇਟੀ, ਰੈਫਰੀਆਂ, ਕੁਮੈਂਟੇਟਰਾਂ ਅਤੇ ਵੱਡੀ ਗਿਣਤੀ ਵਿਚ ਪਹੁੰਚੇ ਦਰਸ਼ਕਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਬਾਬਾ ਸਾਹਿਬ ਸਿੰਘ ਜੀ ਦੇ ਜੋੜ ਮੇਲੇ ਮੌਕੇ ਕਰਵਾਇਆ ਜਾਣ ਵਾਲਾ ਇਹ ਕਬੱਡੀ ਕੱਪ ਹਰ ਸਾਲ ਇਸੇ ਜੋਸ਼ ਅਤੇ ਉਤਸ਼ਾਹ ਨਾਲ ਕਰਵਾਇਆ ਜਾਂਦਾ ਰਹੇਗਾ, ਤਾਂ ਜੋ ਪੰਜਾਬ ਦੀ ਮਾਂ-ਖੇਡ ਕਬੱਡੀ ਨੂੰ ਹੋਰ ਪ੍ਰਫੁੱਲਿਤ ਕੀਤਾ ਜਾ ਸਕੇ