- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਫਤਿਆਬਾਦ ਦੇ ਮੁੱਖ ਬਾਜ਼ਾਰ 'ਚ ਦਿਨ ਦਿਹਾੜੇ ਗੋਲੀ ਚੱਲਣ ਨਾਲ ਦਹਿਸ਼ਤ

ਖੁਰਾਨਾ ਫੈਸ਼ਨ ਹਾਊਸ ਨੂੰ ਬਣਾਇਆ ਨਿਸ਼ਾਨਾ, ਜਾਨੀ ਨੁਕਸਾਨ ਤੋਂ ਬਚਾਅ, ਪੁਲਿਸ ਜਾਂਚ ’ਚ ਜੁਟੀ
ਗੁਰਬਰਿੰਦਰ ਸਿੰਘ, •ਪੰਜਾਬੀ ਜਾਗਰਣ,
ਸ੍ਰੀ ਗੋਇੰਦਵਾਲ ਸਾਹਿਬ : ਜ਼ਿਲ੍ਹਾ ਤਰਨਤਾਰਨ ਦੇ ਕਸਬਾ ਫਤਿਆਬਾਦ ਦੇ ਮੁੱਖ ਬਾਜ਼ਾਰ ਵਿਚ ਉਸ ਵੇਲੇ ਦਹਿਸ਼ਤ ਦਾ ਮਾਹੌਲ ਬਣ ਗਿਆ ਜਦੋਂ ਅਣਪਛਾਤੇ ਵਿਅਕਤੀਆਂ ਵੱਲੋਂ ਖੁਰਾਨਾ ਫੈਸ਼ਨ ਹਾਊਸ ਦੇ ਸ਼ੋਅਰੂਮ ’ਤੇ ਗੋਲ਼ੀ ਚਲਾ ਦਿੱਤੀ ਗਈ। ਗਨੀਮਤ ਰਹੀ ਕਿ ਇਸ ਘਟਨਾ ਵਿਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ, ਪਰ ਵਾਪਰੀ ਘਟਨਾ ਨਾਲ ਦੁਕਾਨਦਾਰਾਂ ਤੇ ਵਪਾਰੀਆਂ ਵਿਚ ਸਹਿਮ ਦਾ ਮਾਹੌਲ ਹੈ। ਡੀਐੱਸਪੀ ਗੋਇੰਦਵਾਲ ਹਰਿੰਦਰ ਸਿੰਘ ਅਤੇ ਸਥਾਨਕ ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ।
ਰਣਜੀਤ ਸਿੰਘ ਮਨੀ ਨੇ ਦੱਸਿਆ ਕਿ ਉਸ ਦੇ ਭਰਾ ਨਵਦੀਪ ਸਿੰਘ ਹਨੀ ਪੁੱਤਰ ਮਹਿੰਦਰ ਸਿੰਘ ਦਾ ਖੁਰਾਨਾ ਫੈਸ਼ਨ ਹਾਊਸ ਚੱਕ ਵਾਲਿਆਂ ਦਾ ਸ਼ੋਅ ਰੂਮ ਫਤਿਆਬਾਦ ਦੇ ਮੁੱਖ ਬਾਜ਼ਾਰ ਵਿਚ ਸਥਿਤ ਹੈ ਤੇ ਨਵਦੀਪ ਸਿੰਘ ਹਨੀ ਨੂੰ 3 ਜੁਲਾਈ ਨੂੰ ਵਿਦੇਸ਼ੀ ਨੰਬਰ ਤੋਂ ਇਕ ਵੈੱਟਅਸਪ ਕਾਲ ਰਾਹੀਂ ਵਿਦੇਸ਼ ਰਹਿੰਦੇ ਵਿਅਕਤੀ ਨੇ 50 ਲੱਖ ਰੁਪਏ ਦੀ ਫਿਰੌਤੀ ਦੀ ਮੰਗ ਕੀਤੀ ਸੀ। ਉਨ੍ਹਾਂ ਦੱਸਿਆ ਕਿ ਪਰਿਵਾਰ ਵੱਲੋਂ ਇਸ ਸਬੰਧੀ ਪੁਲਿਸ ਨੂੰ ਵੀ ਜਾਣੂੰ ਕਰਵਾਇਆ ਗਿਆ ਸੀ।
ਹੁਣ ਦਿਨ ਦਿਹਾੜੇ ਸ਼ੋਅ ਰੂਮ ’ਤੇ ਗੋਲ਼ੀ ਚੱਲਣ ਦੀ ਘਟਨਾ ਤੋਂ ਬਾਅਦ ਫਿਰੌਤੀ ਵਾਲੀ ਧਮਕੀ ਅਤੇ ਫਾਇਰਿੰਗ ਨੂੰ ਜੋੜ ਕੇ ਦੇਖਿਆ ਜਾ ਰਿਹਾ ਹੈ। ਮੌਕੇ ’ਤੇ ਪੁੱਜੇ ਡੀਐੱਸਪੀ ਗੋਇੰਦਵਾਲ ਸਾਹਿਬ ਹਰਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਵੱਲੋਂ ਘਟਨਾ ਸਥਾਨ ਤੋਂ ਸਬੂਤ ਇਕੱਠੇ ਕੀਤੇ ਜਾ ਰਹੇ ਹਨ ਅਤੇ ਆਸ-ਪਾਸ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਵੀ ਖੰਗਾਲੀ ਜਾ ਰਹੀ ਹੈ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਮਾਮਲੇ ਦੇ ਹਰ ਪੱਖ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ। ਫਿਰੌਤੀ ਦੀ ਕਾਲ ਅਤੇ ਗੋਲੀਬਾਰੀ ਦੀ ਘਟਨਾ ਵਿਚਕਾਰ ਸਬੰਧ ਦੀ ਵੀ ਤਫ਼ਤੀਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਦੋਸ਼ੀਆਂ ਦੀ ਪਛਾਣ ਕਰਨ ਅਤੇ ਜਲਦ ਗ੍ਰਿਫ਼ਤਾਰੀ ਲਈ ਟੀਮਾਂ ਤਾਇਨਾਤ ਕਰ ਦਿੱਤੀਆਂ ਗਈਆਂ ਹਨ।
ਉੱਧਰ ਦਿਨ-ਦਿਹਾੜੇ ਵਾਪਰੀ ਘਟਨਾ ਤੋਂ ਬਾਅਦ ਫਤਿਆਬਾਦ ਦੇ ਵਪਾਰੀਆਂ ਵਿਚ ਡਰ ਦਾ ਮਾਹੌਲ ਹੈ। ਪ੍ਰਮੁੱਖ ਵਪਾਰੀਆਂ ਜਿਨ੍ਹਾਂ ਵਿਚ ਦੀਪਕ ਚੋਪੜਾ, ਸੋਨੂੰ ਸ਼ਰਮਾ, ਆਦੇਸ਼ ਵੀਰ, ਗੁਰਬੀਰ ਬਸਰਾ, ਰਣਜੀਤ ਸਿੰਘ ਮਨੀ, ਕਰਿਆਨਾ ਯੂਨੀਅਨ ਦੇ ਪ੍ਰਧਾਨ ਬਲਦੇਵ ਸਿੰਘ, ਆਦਿ ਨੇ ਪੁਲਿਸ ਪ੍ਰਸ਼ਾਸਨ ਤੋਂ ਦੋਸ਼ੀਆਂ ਨੂੰ ਜਲਦ ਗ੍ਰਿਫ਼ਤਾਰ ਕਰਨ ਅਤੇ ਬਾਜ਼ਾਰਾਂ ਵਿਚ ਸੁਰੱਖਿਆ ਪ੍ਰਬੰਧ ਤੇ ਪੁਲਿਸ ਗਸ਼ਤ ਵਧਾਉਣ ਦੀ ਮੰਗ ਕੀਤੀ। ਵਪਾਰੀਆਂ ਨੇ ਕਿਹਾ ਕਿ ਜੇਕਰ ਪ੍ਰਸ਼ਾਸਨ ਨੇ ਅਜਿਹੀਆਂ ਘਟਨਾਵਾਂ ’ਤੇ ਸਮੇਂ ਸਿਰ ਨਕੇਲ ਨਾ ਕਸੀ ਗਈ ਤਾਂ ਲੋਕਾਂ ਵਿਚ ਡਰ ਦੇ ਮਾਹੌਲ ਕਾਰਨ ਵਪਾਰ ਵੱਡੇ ਪੱਧਰ ’ਤੇ ਪ੍ਰਭਾਵਿਤ ਹੋ ਸਕਦਾ ਹੈ।