- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਬਾਬਾ ਤੇਜਾ ਸਿੰਘ ਸਮੁੰਦਰੀ ਜੀ ਦੀ 100ਵੀਂ ਸ਼ਹੀਦੀ ਸ਼ਤਾਬਦੀ ਸ਼ਰਧਾ ਤੇ ਸਤਿਕਾਰ ਨਾਲ ਮਨਾਈ

ਬੀਬਾ ਸਿਮਰਤ ਕੌਰ ਸੰਧੂ ਨੇ ਸਮਾਗਮ ਵਿਚ ਪਹੁੰਚੀਆਂ ਸੰਗਤਾਂ, ਸੰਤ-ਮਹਾਪੁਰਖਾਂ, ਧਾਰਮਿਕ ਆਗੂਆਂ, ਰਾਜਨੀਤਿਕ ਸ਼ਖਸੀਅਤਾਂ ਦਾ ਕੀਤਾ ਧੰਨਵਾਦ
ਬੱਲੂ ਮਹਿਤਾ•, ਪੰਜਾਬੀ ਜਾਗਰਣ,
ਪੱਟੀ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੋਢੀ ਆਗੂਆਂ ਵਿੱਚੋਂ ਇਕ, ਗੁਰਦੁਆਰਾ ਸੁਧਾਰ ਲਹਿਰ ਦੇ ਮਹਾਨ ਯੋਧੇ ਅਤੇ ਕੌਮ ਦੇ ਮਹਾਨ ਸ਼ਹੀਦ ਬਾਬਾ ਤੇਜਾ ਸਿੰਘ ਸਮੁੰਦਰੀ ਦੀ 100ਵੀਂ ਸ਼ਹੀਦੀ ਸ਼ਤਾਬਦੀ ਬੜੀ ਸ਼ਰਧਾ, ਸਤਿਕਾਰ ਅਤੇ ਧਾਰਮਿਕ ਉਤਸ਼ਾਹ ਨਾਲ ਮਨਾਈ ਗਈ। ਇਸ ਪਾਵਨ ਮੌਕੇ ’ਤੇ ਸਮੁੰਦਰੀ ਪਰਿਵਾਰ ਅਤੇ ਪਿੰਡ ਬੁਰਜ ਰਾਏ ਕੇ ਰਾਏਪੁਰ ਬਲੀਮ ਦੀ ਸਮੂਹ ਸੰਗਤ ਵੱਲੋਂ ਇਤਿਹਾਸਕ ਗੁਰਦੁਆਰਾ ਬਾਬਾ ਸ਼ਹੀਦਾਂ ਸਾਹਿਬ, ਪਿੰਡ ਬੁਰਜ ਰਾਏ ਕੇ ਵਿਖੇ ਵਿਸ਼ਾਲ ਧਾਰਮਿਕ ਸਮਾਗਮ ਕਰਵਾਇਆ ਗਿਆ, ਜਿਸ ਵਿਚ ਵੱਡੀ ਗਿਣਤੀ ’ਚ ਸੰਗਤਾਂ ਨੇ ਸ਼ਮੂਲੀਅਤ ਕਰਕੇ ਮਹਾਨ ਸ਼ਹੀਦ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ।
ਸਮਾਗਮ ਦੀ ਸ਼ੁਰੂਆਤ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਉਣ ਨਾਲ ਹੋਈ। ਇਸ ਉਪਰੰਤ ਹਜ਼ੂਰੀ ਕੀਰਤਨੀ ਜਥਿਆਂ ਵੱਲੋਂ ਗੁਰਬਾਣੀ ਕੀਰਤਨ ਰਾਹੀਂ ਸੰਗਤਾਂ ਨੂੰ ਗੁਰੂ ਚਰਨਾਂ ਨਾਲ ਜੋੜਿਆ ਗਿਆ। ਇਸ ਮੌਕੇ ਵੱਖ-ਵੱਖ ਧਾਰਮਿਕ, ਸਮਾਜਿਕ ਅਤੇ ਰਾਜਨੀਤਿਕ ਆਗੂਆਂ ਨੇ ਸੰਬੋਧਨ ਕਰਦਿਆਂ ਬਾਬਾ ਤੇਜਾ ਸਿੰਘ ਸਮੁੰਦਰੀ ਜੀ ਦੇ ਜੀਵਨ, ਉਨ੍ਹਾਂ ਦੇ ਸੰਘਰਸ਼ ਅਤੇ ਸਿੱਖ ਕੌਮ ਲਈ ਦਿੱਤੀਆਂ ਕੁਰਬਾਨੀਆਂ ਬਾਰੇ ਵਿਸਥਾਰ ਨਾਲ ਜਾਣਕਾਰੀ ਸਾਂਝੀ ਕੀਤੀ।
ਜਗਤਾਰ ਸਿੰਘ ਬੁਰਜ ਸਾਬਕਾ ਚੇਅਰਮੈਨ ਨੇ ਕਿਹਾ ਕਿ ਬਾਬਾ ਤੇਜਾ ਸਿੰਘ ਸਮੁੰਦਰੀ ਉਹ ਮਹਾਨ ਸਖਸ਼ੀਅਤ ਸਨ, ਜਿਨ੍ਹਾਂ ਨੇ ਗੁਰਦੁਆਰਾ ਸੁਧਾਰ ਲਹਿਰ ਵਿਚ ਅਹਿਮ ਭੂਮਿਕਾ ਨਿਭਾਉਂਦਿਆਂ ਸਿੱਖ ਕੌਮ ਨੂੰ ਇਕਜੁੱਟ ਕਰਨ ਅਤੇ ਗੁਰਧਾਮਾਂ ਨੂੰ ਮਹੰਤਾਂ ਦੇ ਕਬਜ਼ੇ ਤੋਂ ਆਜ਼ਾਦ ਕਰਵਾਉਣ ਲਈ ਆਪਣਾ ਅਮੁੱਲਾ ਯੋਗਦਾਨ ਪਾਇਆ। ਉਨ੍ਹਾਂ ਦੀ ਸ਼ਹਾਦਤ ਸਿੱਖ ਇਤਿਹਾਸ ਦਾ ਇਕ ਸੁਨਹਿਰੀ ਅਧਿਆਇ ਹੈ, ਜੋ ਆਉਣ ਵਾਲੀਆਂ ਪੀੜ੍ਹੀਆਂ ਨੂੰ ਸਦਾ ਪ੍ਰੇਰਿਤ ਕਰਦੀ ਰਹੇਗੀ।
ਸਮਾਗਮ ਨੂੰ ਸੰਬੋਧਨ ਕਰਦਿਆਂ ਬਾਬਾ ਸੁਰਜੀਤ ਸਿੰਘ ਝਾੜ ਸਾਹਿਬ ਕੈਰੋਂ ਵਾਲਿਆਂ ਨੇ ਕਿਹਾ ਕਿ ਬਾਬਾ ਤੇਜਾ ਸਿੰਘ ਸਮੁੰਦਰੀ ਜੀ ਦਾ ਜੀਵਨ ਸਿੱਖ ਕੌਮ ਲਈ ਇਕ ਰੋਸ਼ਨ ਮਾਰਗ ਹੈ। ਉਨ੍ਹਾਂ ਕਿਹਾ ਕਿ ਗੁਰੂ ਸਾਹਿਬਾਨਾਂ ਵੱਲੋਂ ਦਰਸਾਏ ਸੱਚ, ਸੇਵਾ ਅਤੇ ਕੁਰਬਾਨੀ ਦੇ ਮਾਰਗ ’ਤੇ ਚੱਲਣ ਵਾਲੇ ਮਹਾਨ ਗੁਰਸਿੱਖਾਂ ਨੇ ਹੀ ਕੌਮ ਨੂੰ ਉੱਚੇ ਮਕਾਮ ’ਤੇ ਪਹੁੰਚਾਇਆ ਹੈ। ਉਨ੍ਹਾਂ ਕਿਹਾ ਕਿ ਅੱਜ ਦੀ ਨੌਜਵਾਨ ਪੀੜ੍ਹੀ ਨੂੰ ਬਾਬਾ ਤੇਜਾ ਸਿੰਘ ਸਮੁੰਦਰੀ ਜੀ ਦੇ ਜੀਵਨ ਤੋਂ ਪ੍ਰੇਰਣਾ ਲੈ ਕੇ ਧਾਰਮਿਕ, ਸਮਾਜਿਕ ਅਤੇ ਕੌਮੀ ਜ਼ਿੰਮੇਵਾਰੀਆਂ ਨੂੰ ਸਮਝਣਾ ਚਾਹੀਦਾ ਹੈ।
ਇਸ ਮੌਕੇ ਗੁਰਮਹਾਂਵੀਰ ਸਿੰਘ ਸੰਧੂ ਸਰਹਾਲੀ, ਸਾਬਕਾ ਚੇਅਰਮੈਨ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਬਾਬਾ ਤੇਜਾ ਸਿੰਘ ਸਮੁੰਦਰੀ ਜੀ ਦੀ ਸ਼ਹਾਦਤ ਸਿਰਫ਼ ਇਕ ਵਿਅਕਤੀ ਦੀ ਕੁਰਬਾਨੀ ਨਹੀਂ, ਸਗੋਂ ਸਮੁੱਚੀ ਸਿੱਖ ਕੌਮ ਦੀ ਆਜ਼ਾਦੀ, ਸਵੈਮਾਣ ਅਤੇ ਧਾਰਮਿਕ ਅਸੂਲਾਂ ਦੀ ਰੱਖਿਆ ਲਈ ਦਿੱਤੀ ਗਈ ਮਹਾਨ ਕੁਰਬਾਨੀ ਸੀ। ਉਨ੍ਹਾਂ ਕਿਹਾ ਕਿ ਅਜਿਹੇ ਮਹਾਨ ਸ਼ਹੀਦਾਂ ਦੀ ਯਾਦ ਨੂੰ ਸਾਂਭਣਾ ਅਤੇ ਉਨ੍ਹਾਂ ਦੇ ਵਿਚਾਰਾਂ ਨੂੰ ਨਵੀਂ ਪੀੜ੍ਹੀ ਤਕ ਪਹੁੰਚਾਉਣਾ ਸਾਡਾ ਸਾਂਝਾ ਫਰਜ਼ ਹੈ।
ਬਲਬੀਰ ਸਿੰਘ ਠੱਟਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਬਾਬਾ ਤੇਜਾ ਸਿੰਘ ਸਮੁੰਦਰੀ ਦਾ ਜੀਵਨ ਸੇਵਾ, ਸੰਘਰਸ਼ ਅਤੇ ਕੌਮ ਪ੍ਰਤੀ ਸਮਰਪਣ ਦੀ ਮਿਸਾਲ ਹੈ। ਉਨ੍ਹਾਂ ਕਿਹਾ ਕਿ ਸਿੱਖ ਇਤਿਹਾਸ ਦੇ ਇਹ ਮਹਾਨ ਨਾਇਕ ਸਦਾ ਹੀ ਕੌਮ ਲਈ ਪ੍ਰੇਰਣਾ ਸਰੋਤ ਰਹਿਣਗੇ ਅਤੇ ਉਨ੍ਹਾਂ ਦੀਆਂ ਕੁਰਬਾਨੀਆਂ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ।
ਬੁਲਾਰਿਆਂ ਨੇ ਇਹ ਵੀ ਦੱਸਿਆ ਕਿ ਬਾਬਾ ਤੇਜਾ ਸਿੰਘ ਸਮੁੰਦਰੀ ਜੀ ਨੇ ਗੁਰਦੁਆਰਾ ਸੁਧਾਰ ਲਹਿਰ ਦੌਰਾਨ ਅਹਿਮ ਭੂਮਿਕਾ ਨਿਭਾਈ ਅਤੇ ਸਿੱਖ ਸੰਸਥਾਵਾਂ ਦੀ ਮਜ਼ਬੂਤੀ ਲਈ ਆਪਣਾ ਸਾਰਾ ਜੀਵਨ ਸਮਰਪਿਤ ਕੀਤਾ। ਉਨ੍ਹਾਂ ਦੀ ਦੂਰਅੰਦੇਸ਼ੀ, ਨਿਡਰਤਾ ਅਤੇ ਕੌਮ ਪ੍ਰਤੀ ਸਮਰਪਣ ਕਾਰਨ ਅੱਜ ਵੀ ਸਿੱਖ ਜਗਤ ਉਨ੍ਹਾਂ ਨੂੰ ਬੇਅੰਤ ਸਤਿਕਾਰ ਨਾਲ ਯਾਦ ਕਰਦਾ ਹੈ।
ਅੰਤ ਵਿਚ ਬੀਬਾ ਸਿਮਰਤ ਕੌਰ ਸੰਧੂ ਨੇ ਸਮਾਗਮ ਵਿਚ ਪਹੁੰਚੀਆਂ ਸੰਗਤਾਂ, ਸੰਤ-ਮਹਾਪੁਰਖਾਂ, ਧਾਰਮਿਕ ਆਗੂਆਂ, ਰਾਜਨੀਤਿਕ ਸ਼ਖਸੀਅਤਾਂ ਅਤੇ ਸਮੂਹ ਪ੍ਰਬੰਧਕਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਸੰਗਤਾਂ ਦੇ ਸਹਿਯੋਗ ਨਾਲ ਇਹ ਸਮਾਗਮ ਬਹੁਤ ਹੀ ਸ਼ਰਧਾ ਅਤੇ ਸਫ਼ਲਤਾ ਨਾਲ ਸੰਪੰਨ ਹੋਇਆ ਹੈ। ਉਨ੍ਹਾਂ ਸੰਗਤਾਂ ਨੂੰ ਅਪੀਲ ਕੀਤੀ ਕਿ ਉਹ ਮਹਾਨ ਸ਼ਹੀਦਾਂ ਦੀਆਂ ਕੁਰਬਾਨੀਆਂ ਨੂੰ ਯਾਦ ਰੱਖਦਿਆਂ ਗੁਰੂ ਸਾਹਿਬਾਨਾਂ ਦੇ ਦਰਸਾਏ ਮਾਰਗ ’ਤੇ ਚੱਲਣ।
ਇਸ ਮੌਕੇ ਮੀਨਾ ਕੁਲਾਰ, ਗੁਰਨੀਤ ਸੰਧੂ, ਕਿਰਨ ਸੰਧੂ, ਗੁਣਜੀਤ ਸਿੰਘ ਜਲੰਧਰ, ਬਾਬਾ ਸੁਰਜੀਤ ਸਿੰਘ ਝਾੜ ਸਾਹਿਬ ਕੈਰੋਂ ਵਾਲੇ, ਬਾਬਾ ਰਮਨ ਸਿੰਘ ਭੁੱਚੋ ਮੰਡੀ ਵਾਲੇ, ਬਾਬਾ ਮੰਗਲ ਸਿੰਘ ਮੁਗਲਚੱਕ ਵਾਲੇ, ਬਾਬਾ ਹਾਕਮ ਸਿੰਘ ਕਾਰ ਸੇਵਾ ਸੰਪ੍ਰਦਾਇ ਸੰਤ ਤਾਰਾ ਸਿੰਘ ਸਰਹਾਲੀ ਸਾਹਿਬ ਵਾਲੇ, ਬਾਬਾ ਗੁਰਦਾਸ ਸਿੰਘ ਮੁੱਖ ਸੇਵਾਦਾਰ ਗੁਰਦੁਆਰਾ ਫਲਾਹੀ ਸਾਹਿਬ ਬੁਰਜ਼ ਰਾਏ ਕੇ, ਖੁਸ਼ਵਿੰਦਰ ਸਿੰਘ ਭਾਟੀਆ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ, ਬੀਬਾ ਸੁਰਿੰਦਰਪਾਲ ਕੌਰ ਭੁੱਲਰ, ਜਗਤਾਰ ਸਿੰਘ ਬੁਰਜ਼, ਵਜ਼ੀਰ ਸਿੰਘ ਪਾਰਸ, ਗੁਰਪ੍ਰਤਾਪ ਸਿੰਘ ਲਾਡੀ ਸਰਪੰਚ ਬੁਰਜ਼ ਰਾਏ ਕੇ, ਗੁਰਪ੍ਰੀਤ ਸਿੰਘ ਪਨਗੋਟਾ, ਗੁਰਮਹਾਂਵੀਰ ਸਿੰਘ ਸੰਧੂ, ਭੁਪਿੰਦਰ ਸਿੰਘ ਬਿੱਟੂ ਖਵਾਸਪੁਰ, ਕਾਮਰੇਡ ਮਹਾਂਵੀਰ ਸਿੰਘ ਗਿੱਲ, ਹਰਦੀਪ ਸਿੰਘ ਪੰਨੂ, ਮੋਹਿਤ ਅਰੋੜਾ, ਗੁਰਪ੍ਰੀਤ ਸਿੰਘ ਪ੍ਰਿੰਸ ਧੁੰਨ੍ਹਾ, ਐਡਵੋਕੇਟ ਮਨਦੀਪ ਸਿੰਘ ਭੁੱਲਰ, ਗੁਰਮੇਜ ਸਿੰਘ ਬਲਾਕ ਸੰਮਤੀ ਮੈਂਬਰ, ਗੁਰਦੇਵ ਸਿੰਘ ਰੇਂਜ ਅਫ਼ਸਰ, ਅਮਰੀਕ ਸਿੰਘ ਭੁੱਲਰ, ਦਿਲਬਾਗ ਸਿੰਘ, ਬਾਜ਼ ਸਿੰਘ, ਜਰਨੈਲ ਸਿੰਘ ਨੰਬਰਦਾਰ, ਮਲਕੀਤ ਸਿੰਘ ਨੰਬਰਦਾਰ, ਸਰਬਜੀਤ ਸਿੰਘ ਸਾਬਕਾ ਮੈਂਬਰ, ਗੁਲਸ਼ਨਦੀਪ ਸਿੰਘ, ਭਗਵਾਲ ਸਿੰਘ ਫੌਜੀ, ਹਰਚੰਦ ਸਿੰਘ ਸਾਬਕਾ ਸਰਪੰਚ ਨਦੋਹਰ, ਬਰਕਤ ਸਿੰਘ ਵੋਹਰਾ, ਬਲਕਾਰ ਸਿੰਘ ਲਾਡੀ, ਬਲਦੇਵ ਸਿੰਘ ਸੰਧੂ, ਕਾਬਲ ਸਿੰਘ ਸਾਬਕਾ ਸਰਪੰਚ, ਮਨਜੀਤ ਸਿੰਘ ਬੱਬੀ ਨੰਬਰਦਾਰ, ਮਾਸਟਰ ਹਰਮਿੰਦਰ ਸਿੰਘ, ਡਾ. ਦਲਜੀਤ ਸਿੰਘ ਪੱਟੀ, ਸੁਰਿੰਦਰ ਸਿੰਘ ਸਰਪੰਚ ਦਦੇਹਰ ਸਾਹਿਬ, ਬਿੱਲਾ ਜੋਸਨ, ਸੋਨਬੀਰ ਸਿੰਘ ਸਰਪੰਚ ਆਸਲ, ਡਾ. ਲਵਲੀ, ਰਸ਼ਪਾਲ ਸਿੰਘ ਸਮੇਤ ਵੱਡੀ ਗਿਣਤੀ ਵਿਚ ਸੰਗਤਾਂ ਹਾਜ਼ਰ ਸਨ।