- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਡਿਜੀਟਲ ਯੁੱਗ ਵਿਚ ਵਧਿਆ ਸਾਈਬਰ ਖ਼ਤਰਾ, ਸਾਈਬਰ ਠੱਗਾਂ ਤੋਂ ਸੁਚੇਤ ਰਹਿਣ ਦੀ ਲੋੜ

ਕੇਪੀ ਗਿੱਲ•, ਪੰਜਾਬੀ ਜਾਗਰਣ,
ਕੈਰੋਂ : ਡਿਜੀਟਲ ਯੁੱਗ ਵਿਚ ਜਿਥੇ ਆਨਲਾਈਨ ਲੈਣ-ਦੇਣ ਅਤੇ ਬੈਂਕਿੰਗ ਸੇਵਾਵਾਂ ਲੋਕਾਂ ਦੀ ਜ਼ਿੰਦਗੀ ਦਾ ਅਹਿਮ ਹਿੱਸਾ ਬਣ ਚੁੱਕੀਆਂ ਹਨ, ਉਥੇ ਹੀ ਸਾਈਬਰ ਅਪਰਾਧਾਂ ਵਿਚ ਵੀ ਲਗਾਤਾਰ ਵਾਧਾ ਹੋ ਰਿਹਾ ਹੈ। ਸਾਈਬਰ ਠੱਗ ਨਿੱਤ ਨਵੇਂ ਤਰੀਕਿਆਂ ਨਾਲ ਲੋਕਾਂ ਨੂੰ ਆਪਣਾ ਸ਼ਿਕਾਰ ਬਣਾ ਰਹੇ ਹਨ। ਕਈ ਲੋਕ ਸਿਰਫ਼ ਇਕ ਓਟੀਪੀ, ਇਕ ਲਿੰਕ ਜਾਂ ਇਕ ਫੋਨ ਕਾਲ ਕਾਰਨ ਆਪਣੀ ਜ਼ਿੰਦਗੀ ਭਰ ਦੀ ਕਮਾਈ ਗੁਆ ਬੈਠਦੇ ਹਨ। ਇਸ ਲਈ ਹਰ ਵਿਅਕਤੀ ਨੂੰ ਡਿਜੀਟਲ ਸੁਰੱਖਿਆ ਦੇ ਨਿਯਮਾਂ ਦੀ ਪਾਲਣਾ ਕਰਨੀ ਚਾਹੀਦੀ ਹੈ।
ਦੇਸ਼ ਭਰ ਵਿਚ ਸਾਈਬਰ ਅਪਰਾਧਾਂ ਦੇ ਵੱਧ ਰਹੇ ਮਾਮਲਿਆਂ ਨੂੰ ਦੇਖਦਿਆਂ ਇਲਾਕੇ ਦੇ ਸਮਾਜ ਸੇਵੀਆਂ ਨੇ ਲੋਕਾਂ ਨੂੰ ਜਾਗਰੂਕ ਕਰਨ ਦੀ ਵਿਸ਼ੇਸ਼ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਆਧੁਨਿਕ ਤਕਨੀਕ ਨੇ ਜਿਥੇ ਲੋਕਾਂ ਦੀ ਜ਼ਿੰਦਗੀ ਨੂੰ ਆਸਾਨ ਬਣਾਇਆ ਹੈ, ਉਥੇ ਹੀ ਸਾਈਬਰ ਠੱਗ ਨਵੇਂ-ਨਵੇਂ ਤਰੀਕਿਆਂ ਨਾਲ ਲੋਕਾਂ ਦੀ ਜ਼ਿੰਦਗੀ ਭਰ ਦੀ ਕਮਾਈ ਹੜੱਪ ਕਰਨ ਵਿਚ ਲੱਗੇ ਹੋਏ ਹਨ। ਹਰ ਰੋਜ਼ ਹਜ਼ਾਰਾਂ ਲੋਕ ਜਾਅਲੀ ਫੋਨ ਕਾਲਾਂ, ਸੁਨੇਹਿਆਂ, ਸੋਸ਼ਲ ਮੀਡੀਆ ਅਤੇ ਆਨਲਾਈਨ ਲੈਣ-ਦੇਣ ਦੌਰਾਨ ਠੱਗੀ ਦਾ ਸ਼ਿਕਾਰ ਹੋ ਰਹੇ ਹਨ। ਸਮਾਜ ਸੇਵੀਆਂ ਨੇ ਕਿਹਾ ਕਿ ਜੇਕਰ ਲੋਕ ਥੋੜ੍ਹੀ ਜਿਹੀ ਸਾਵਧਾਨੀ ਵਰਤਣ ਤਾਂ ਅਜਿਹੀਆਂ ਵਾਰਦਾਤਾਂ ਤੋਂ ਬਚਿਆ ਜਾ ਸਕਦਾ ਹੈ।
--------
ਇਕ ਓਟੀਪੀ ਦੀ ਗਲਤੀ, ਪੂਰੀ ਜਮ੍ਹਾਂ-ਪੂੰਜੀ ਕਰ ਸਕਦੀ ਹੈ ਖਾਲੀ : ਮਲਕੀਤ ਸਿੰਘ
ਨੌਜਵਾਨ ਆਗੂ ਮਲਕੀਤ ਸਿੰਘ ਨੇ ਕਿਹਾ ਕਿ ਅੱਜ ਕੱਲ੍ਹ ਸਾਈਬਰ ਅਪਰਾਧੀ ਆਪਣੇ ਆਪ ਨੂੰ ਬੈਂਕ ਅਧਿਕਾਰੀ, ਪੁਲਿਸ ਮੁਲਾਜ਼ਮ, ਬੀਮਾ ਕੰਪਨੀ ਦੇ ਕਰਮਚਾਰੀ ਜਾਂ ਸਰਕਾਰੀ ਵਿਭਾਗ ਦਾ ਅਧਿਕਾਰੀ ਦੱਸ ਕੇ ਲੋਕਾਂ ਨੂੰ ਫੋਨ ਕਰਦੇ ਹਨ। ਉਹ ਕੇਵਾਈਸੀ ਅਪਡੇਟ, ਬੈਂਕ ਖਾਤਾ ਬੰਦ ਹੋਣ ਜਾਂ ਇਨਾਮ ਨਿਕਲਣ ਵਰਗੇ ਬਹਾਨੇ ਬਣਾ ਕੇ ਲੋਕਾਂ ਤੋਂ ਓਟੀਪੀ, ਏਟੀਐੱਮ ਕਾਰਡ ਨੰਬਰ, ਪਿੰਨ ਅਤੇ ਸੀਵੀਵੀ ਮੰਗਦੇ ਹਨ। ਉਨ੍ਹਾਂ ਕਿਹਾ ਕਿ ਕੋਈ ਵੀ ਬੈਂਕ ਜਾਂ ਸਰਕਾਰੀ ਵਿਭਾਗ ਕਦੇ ਵੀ ਫੋਨ ’ਤੇ ਅਜਿਹੀ ਗੁਪਤ ਜਾਣਕਾਰੀ ਨਹੀਂ ਮੰਗਦਾ। ਇਸ ਲਈ ਲੋਕਾਂ ਨੂੰ ਅਜਿਹੀਆਂ ਕਾਲਾਂ ਤੋਂ ਸਾਵਧਾਨ ਰਹਿਣਾ ਚਾਹੀਦਾ ਹੈ ਅਤੇ ਆਪਣੇ ਪਰਿਵਾਰ ਦੇ ਬਜ਼ੁਰਗਾਂ ਨੂੰ ਵੀ ਇਸ ਬਾਰੇ ਜਾਗਰੂਕ ਕਰਨਾ ਚਾਹੀਦਾ ਹੈ।
----
ਲਾਟਰੀ, ਇਨਾਮ ਤੇ ਸਸਤੇ ਸਾਮਾਨ ਦੇ ਲਾਲਚ ਤੋਂ ਰਹੋ ਸਾਵਧਾਨ : ਰੋਹਿਤ ਸ਼ਰਮਾ
ਨੌਜਵਾਨ ਰੋਹਿਤ ਸ਼ਰਮਾ ਨੇ ਕਿਹਾ ਕਿ ਅੱਜ-ਕੱਲ੍ਹ ਮੋਬਾਈਲ ਫੋਨਾਂ ’ਤੇ ਇਨਾਮ, ਲਾਟਰੀ, ਸਸਤੇ ਸਾਮਾਨ, ਨੌਕਰੀ ਜਾਂ ਨਿਵੇਸ਼ ਦੇ ਨਾਮ ’ਤੇ ਹਜ਼ਾਰਾਂ ਜਾਅਲੀ ਸੁਨੇਹੇ ਭੇਜੇ ਜਾਂਦੇ ਹਨ। ਇਨ੍ਹਾਂ ਵਿਚ ਦਿੱਤੇ ਲਿੰਕ ’ਤੇ ਕਲਿੱਕ ਕਰਦੇ ਹੀ ਠੱਗ ਤੁਹਾਡੀ ਨਿੱਜੀ ਜਾਣਕਾਰੀ ਜਾਂ ਬੈਂਕ ਖਾਤੇ ਤਕ ਪਹੁੰਚ ਬਣਾ ਲੈਂਦੇ ਹਨ। ਉਨ੍ਹਾਂ ਕਿਹਾ ਕਿ ਸੋਸ਼ਲ ਮੀਡੀਆ ’ਤੇ ਬਣੀਆਂ ਅਣਪਛਾਤੀਆਂ ਜਾਣ-ਪਛਾਣਾਂ ਅਤੇ ਜਾਅਲੀ ਪ੍ਰੋਫ਼ਾਈਲਾਂ ਤੋਂ ਵੀ ਸਾਵਧਾਨ ਰਹਿਣ ਦੀ ਲੋੜ ਹੈ। ਆਨਲਾਈਨ ਖਰੀਦਦਾਰੀ ਹਮੇਸ਼ਾ ਭਰੋਸੇਯੋਗ ਵੈੱਬਸਾਈਟਾਂ ਜਾਂ ਐਪਲੀਕੇਸ਼ਨਾਂ ਰਾਹੀਂ ਹੀ ਕਰਨੀ ਚਾਹੀਦੀ ਹੈ।
-------
ਕਿਊਆਰਕੋਡ ਸਕੈਨ ਕਰਨ ਤੋਂ ਪਹਿਲਾਂ ਚੰਗੀ ਤਰ੍ਹਾਂ ਜਾਂਚ ਕਰੋ : ਵਿਸ਼ਾਲ ਸੂਦ
ਸਮਾਜ ਸੇਵੀ ਵਿਸ਼ਾਲ ਸੂਦ ਨੇ ਕਿਹਾ ਕਿ ਅੱਜਕੱਲ੍ਹ ਯੂਪੀਆਈ ਅਤੇ ਕਿਊਆਰਕੋਡ ਰਾਹੀਂ ਠੱਗੀ ਦੇ ਮਾਮਲੇ ਸਭ ਤੋਂ ਵੱਧ ਸਾਹਮਣੇ ਆ ਰਹੇ ਹਨ। ਕਈ ਲੋਕਾਂ ਨੂੰ ਪੈਸੇ ਭੇਜਣ ਦਾ ਝਾਂਸਾ ਦੇ ਕੇ ਉਨ੍ਹਾਂ ਤੋਂ ਕਿਊਆਰਕੋਡ ਸਕੈਨ ਕਰਵਾ ਲਿਆ ਜਾਂਦਾ ਹੈ ਜਾਂ ਮਨਜ਼ੂਰੀ ਵਾਲੀ ਬੇਨਤੀ ਭੇਜ ਕੇ ਖਾਤੇ ਵਿੱਚੋਂ ਪੈਸੇ ਕੱਢ ਲਏ ਜਾਂਦੇ ਹਨ। ਉਨ੍ਹਾਂ ਕਿਹਾ ਕਿ ਪੈਸੇ ਪ੍ਰਾਪਤ ਕਰਨ ਲਈ ਕਦੇ ਵੀ ਕਿਊਆਰਕੋਡ ਸਕੈਨ ਕਰਨ ਜਾਂ ਯੂਪੀਆਈ ਪਿੰਨ ਦਰਜ ਕਰਨ ਦੀ ਲੋੜ ਨਹੀਂ ਹੁੰਦੀ। ਆਪਣੇ ਮੋਬਾਈਲ ਅਤੇ ਬੈਂਕਿੰਗ ਐਪਲੀਕੇਸ਼ਨਾਂ ਨੂੰ ਹਮੇਸ਼ਾ ਨਵੀਨਤਮ ਰੂਪ ਵਿਚ ਅਪਡੇਟ ਰੱਖਣਾ ਵੀ ਬਹੁਤ ਜ਼ਰੂਰੀ ਹੈ।
-----
ਸਾਈਬਰ ਠੱਗੀ ਹੋਵੇ, ਤਾਂ ਇਕ ਪਲ ਵੀ ਨਾ ਗਵਾਓ, ਤੁਰੰਤ ਕਰੋ ਸ਼ਿਕਾਇਤ : ਗੁਰਦੇਵ ਸਿੰਘ
ਸਮਾਜ ਸੇਵੀ ਗੁਰਦੇਵ ਸਿੰਘ ਨੇ ਕਿਹਾ ਕਿ ਜੇਕਰ ਕਿਸੇ ਵਿਅਕਤੀ ਨਾਲ ਸਾਈਬਰ ਠੱਗੀ ਹੋ ਜਾਂਦੀ ਹੈ ਤਾਂ ਉਹ ਘਬਰਾਉਣ ਦੀ ਬਜਾਏ ਤੁਰੰਤ ਰਾਸ਼ਟਰੀ ਸਾਈਬਰ ਸਹਾਇਤਾ ਨੰਬਰ 'ਤੇ ਸੰਪਰਕ ਕਰੇ ਜਾਂ ਸਾਈਬਰ ਅਪਰਾਧ ਪੋਰਟਲ 'ਤੇ ਸ਼ਿਕਾਇਤ ਦਰਜ ਕਰਵਾਏ। ਉਨ੍ਹਾਂ ਕਿਹਾ ਕਿ ਜਿੰਨੀ ਜਲਦੀ ਸ਼ਿਕਾਇਤ ਦਰਜ ਕਰਵਾਈ ਜਾਂਦੀ ਹੈ, ਠੱਗੇ ਗਏ ਪੈਸੇ ਵਾਪਸ ਮਿਲਣ ਦੀ ਸੰਭਾਵਨਾ ਉਨ੍ਹੀਂ ਹੀ ਵੱਧ ਜਾਂਦੀ ਹੈ। ਉਨ੍ਹਾਂ ਸਮੂਹ ਇਲਾਕਾ ਨਿਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਖੁਦ ਜਾਗਰੂਕ ਬਣਨ ਦੇ ਨਾਲ-ਨਾਲ ਆਪਣੇ ਪਰਿਵਾਰ, ਰਿਸ਼ਤੇਦਾਰਾਂ ਅਤੇ ਆਸ-ਪਾਸ ਦੇ ਲੋਕਾਂ ਨੂੰ ਵੀ ਸਾਈਬਰ ਅਪਰਾਧੀਆਂ ਦੇ ਤਰੀਕਿਆਂ ਬਾਰੇ ਜਾਣਕਾਰੀ ਦੇਣ, ਤਾਂ ਜੋ ਹਰ ਵਿਅਕਤੀ ਡਿਜੀਟਲ ਤੌਰ 'ਤੇ ਸੁਰੱਖਿਅਤ ਰਹਿ ਸਕੇ।