- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ ਬਾਬਾ ਸ਼ਾਹ ਹੁਸੈਨ ਜੀ ਦਾ ਸਾਲਾਨਾ ਜੋੜ ਮੇਲਾ

ਵੱਡੀ ਗਿਣਤੀ ਸੰਗਤ ਨਤਮਸਤਕ, ਕੀਰਤਨ, ਕਵੀਸ਼ਰੀ, ਢਾਡੀ ਵਾਰਾਂ ਦਾ ਚੱਲਿਆ ਪ੍ਰਵਾਹ
ਗੁਰਬਰਿੰਦਰ ਸਿੰਘ, •ਪੰਜਾਬੀ ਜਾਗਰਣ,
ਸ੍ਰੀ ਗੋਇੰਦਵਾਲ ਸਾਹਿਬ : ਸ੍ਰੀ ਗੋਇੰਦਵਾਲ ਸਾਹਿਬ ਵਿਖੇ ਬਿਆਸ ਦਰਿਆ ਦੇ ਕੰਢੇ ਸਥਿਤ ਬਾਬਾ ਸ਼ਾਹ ਹੁਸੈਨ ਜੀ ਅਤੇ ਭਾਈ ਪ੍ਰੇਮੀ ਜੀ ਦੇ ਅਸਥਾਨ ’ਤੇ ਸਾਲਾਨਾ ਜੋੜ ਮੇਲਾ ਪ੍ਰਬੰਧਕ ਕਮੇਟੀ ਵੱਲੋਂ ਸੰਗਤਾਂ ਦੇ ਸਹਿਯੋਗ ਨਾਲ ਬੜੀ ਸ਼ਰਧਾ, ਉਤਸ਼ਾਹ ਅਤੇ ਧਾਰਮਿਕ ਮਾਹੌਲ ਵਿਚ ਮਨਾਇਆ ਗਿਆ। ਮੇਲੇ ਦੌਰਾਨ ਵੱਖ-ਵੱਖ ਇਲਾਕਿਆਂ ਤੋਂ ਵੱਡੀ ਗਿਣਤੀ ਵਿਚ ਪੁੱਜੀਆਂ ਸੰਗਤਾਂ ਨੇ ਜਿਥੇ ਗੁਰਦੁਆਰਾ ਸਾਹਿਬ ਵਿਖੇ ਨਤਮਸਤਕ ਹੋ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ ਉਥੇ ਹੀ ਬਾਬਾ ਸ਼ਾਹ ਹੁਸੈਨ ਜੀ ਦਾ ਅਸ਼ੀਰਵਾਦ ਹਾਸਲ ਕੀਤਾ।
ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਉਪਰੰਤ ਹੈੱਡ ਗ੍ਰੰਥੀ ਸਾਹਿਬ ਵੱਲੋਂ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਗਈ। ਜਿਸ ਤੋਂ ਬਾਅਦ ਖੁੱਲ੍ਹੇ ਪੰਡਾਲ ਵਿਚ ਸਜੇ ਵਿਸ਼ਾਲ ਧਾਰਮਿਕ ਦੀਵਾਨ ਵਿਚ ਰਾਗੀ ਜਥਿਆਂ ਨੇ ਰਸਭਿੰਨਾ ਗੁਰਬਾਣੀ ਕੀਰਤਨ ਕਰਕੇ ਸੰਗਤਾਂ ਨੂੰ ਗੁਰੂ ਚਰਨਾਂ ਨਾਲ ਜੋੜਿਆ। ਇਸ ਮੌਕੇ ਵੱਖ-ਵੱਖ ਕਵੀਸ਼ਰੀ ਜਥਿਆਂ ਨੇ ਗੁਰੂ ਸਾਹਿਬਾਨ ਦੇ ਇਤਿਹਾਸਕ ਪ੍ਰਸੰਗਾਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਪੇਸ਼ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ। ਪ੍ਰਸਿੱਧ ਢਾਡੀ ਜਥਿਆਂ ਨੇ ਵੀ ਬਾਬਾ ਸ਼ਾਹ ਹੁਸੈਨ ਜੀ ਦੇ ਜੀਵਨ ਅਤੇ ਸਿੱਖ ਇਤਿਹਾਸ ਨਾਲ ਸਬੰਧਤ ਵਾਰਾਂ ਸੁਣਾ ਕੇ ਸੰਗਤਾਂ ਨੂੰ ਗੁਰੂ ਇਤਿਹਾਸ ਨਾਲ ਜੋੜਿਆ।
ਪ੍ਰਬੰਧਕ ਕਮੇਟੀ ਦੇ ਆਗੂਆਂ ਨੇ ਦੱਸਿਆ ਕਿ ਬਾਬਾ ਸ਼ਾਹ ਹੁਸੈਨ ਜੀ ਦਾ ਇਹ ਸਾਲਾਨਾ ਜੋੜ ਮੇਲਾ ਇਲਾਕੇ ਦੀ ਅਟੁੱਟ ਆਸਥਾ ਦਾ ਪ੍ਰਤੀਕ ਹੈ। ਹਰ ਸਾਲ ਵੱਡੀ ਗਿਣਤੀ ਵਿਚ ਸੰਗਤ ਇਥੇ ਨਤਮਸਤਕ ਹੋ ਕੇ ਆਪਣੀਆਂ ਮਨੋਕਾਮਨਾਵਾਂ ਦੀ ਪੂਰਤੀ ਲਈ ਅਰਦਾਸ ਕਰਦੀ ਹੈ ਅਤੇ ਮਨੋਕਾਮਨਾ ਪੂਰੀ ਹੋਣ ਉਪਰੰਤ ਵੱਖ-ਵੱਖ ਪ੍ਰਕਾਰ ਦੇ ਲੰਗਰ ਲਗਾ ਕੇ ਆਪਣੀ ਸ਼ਰਧਾ ਪ੍ਰਗਟਾਉਂਦੀ ਹੈ। ਮੇਲੇ ਦੌਰਾਨ ਲੱਗੇ ਪੰਘੂੜੇ, ਝੂਲੇ ਅਤੇ ਹੋਰ ਮਨੋਰੰਜਕ ਖੇਡਾਂ ਬੱਚਿਆਂ ਲਈ ਵਿਸ਼ੇਸ਼ ਆਕਰਸ਼ਣ ਦਾ ਕੇਂਦਰ ਬਣੇ ਰਹੇ। ਸਾਰਾ ਦਿਨ ਗੁਰੂ ਦਾ ਅਟੁੱਟ ਲੰਗਰ ਅਤੇ ਠੰਢੇ-ਮਿੱਠੇ ਜਲ ਦੀਆਂ ਛਬੀਲਾਂ ਲਗਾਤਾਰ ਚੱਲਦੀਆਂ ਰਹੀਆਂ, ਜਿਨ੍ਹਾਂ ਦਾ ਸ਼ਰਧਾਲੂਆਂ ਨੇ ਆਨੰਦ ਮਾਣਿਆ। ਇਸ ਮੌਕੇ ਸਬ ਡਵੀਜਨਲ ਜੁਡੀਸ਼ੀਅਲ ਮੈਜਿਸਟ੍ਰੇਟ ਮੋਨੀਕਾ ਚੌਹਾਨ ਵਿਸ਼ੇਸ਼ ਤੌਰ ’ਤੇ ਗੁਰੂ ਦਰਬਾਰ ਪਹੁੰਚ ਕੇ ਨਤਮਸਤਕ ਹੋਏ, ਜਿਥੇ ਪ੍ਰਬੰਧਕਾਂ ਵੱਲੋਂ ਉਨ੍ਹਾਂ ਨੂੰ ਜੀ ਆਇਆਂ ਕਹਿੰਦਿਆਂ ਸਿਰੋਪਾਓ ਭੇਟ ਕਰਕੇ ਸਨਮਾਨਿਤ ਕੀਤਾ। ਮੇਲਾ ਪ੍ਰਬੰਧਕ ਕਮੇਟੀ ਵੱਲੋਂ ਮੇਲੇ ਦੀ ਸਫ਼ਲਤਾ ਲਈ ਸਹਿਯੋਗ ਦੇਣ ਵਾਲੀਆਂ ਪ੍ਰਮੁੱਖ ਸ਼ਖਸੀਅਤਾਂ ਅਤੇ ਸੇਵਾਦਾਰਾਂ ਨੂੰ ਸਿਰੋਪਾਓ ਭੇਟ ਕਰਕੇ ਸਨਮਾਨਿਤ ਕੀਤਾ ਗਿਆ। ਹਰਭਜਨ ਸਿੰਘ ਰਾਠੌਰ ਨੇ ਸਟੇਜ ਸਕੱਤਰ ਦੀ ਸੇਵਾ ਨਿਭਾਈ, ਜਦਕਿ ਪ੍ਰਧਾਨ ਕਸ਼ਮੀਰ ਸਿੰਘ, ਨਰਿੰਦਰ ਸਿੰਘ, ਬਾਵਾ ਰਣਜੀਤ ਸਿੰਘ ਲੱਕੀ, ਵਰਿਆਮ ਸਿੰਘ, ਰੁਪਿੰਦਰ ਸਿੰਘ, ਗੁਰਮੀਤ ਸਿੰਘ, ਐੱਸਕੇ ਅਤੇ ਇਕਬਾਲ ਸਿੰਘ ਸਮੇਤ ਹੋਰ ਸੇਵਾਦਾਰਾਂ ਨੇ ਤਨ-ਮਨ ਨਾਲ ਮੇਲੇ ਦੇ ਪ੍ਰਬੰਧਾਂ ਨੂੰ ਸਫ਼ਲ ਬਣਾਉਣ ਵਿਚ ਅਹਿਮ ਯੋਗਦਾਨ ਪਾਇਆ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਮੀਤ ਪ੍ਰਧਾਨ ਕੁਲਦੀਪ ਸਿੰਘ ਔਲਖ, ਯੂਥ ਆਗੂ ਕੁਲਦੀਪ ਸਿੰਘ ਲਹੌਰੀਆ, ਵਰਿੰਦਰ ਸਿੰਘ ਜੋਤੀ, ਮੱਸਾ ਸਿੰਘ, ਸ਼ੇਰ ਸਿੰਘ, ਰੁਪਿੰਦਰ ਸਿੰਘ ਡਿੰਪਲ, ਗੁਰਨਾਮ ਸਿੰਘ ਲਾਡੀ ਚੇਅਰਮੈਨ, ਗੁਰਮੀਤ ਸਿੰਘ ਪ੍ਰਧਾਨ, ਵਰਿੰਦਰ ਜੋਤੀ, ਗੁਰਮੇਜ ਸਿੰਘ, ਗੁਰਮੀਤ ਸਿੰਘ ਪ੍ਰਧਾਨ, ਨਰਿੰਦਰ ਮੋਦੀ, ਹਰਜੀਤ ਸਿੰਘ, ਜਸਪਾਲ ਸਿੰਘ, ਅੰਗਰੇਜ਼ ਸਿੰਘ ਕੈਰੋਂ, ਬਲਜੀਤ ਸਿੰਘ, ਹਰਦੀਪ ਸਿੰਘ, ਜਗਜੀਤ ਸਿੰਘ ਸੰਧੂ, ਬਲਦੇਵ ਸਿੰਘ, ਅਮਰਜੀਤ ਸਿੰਘ, ਜਸਪਾਲ ਸਿੰਘ, ਵਿਸ਼ਾਲਦੀਪ, ਗੁਰਪ੍ਰੀਤ ਸਿੰਘ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿਚ ਸੰਗਤਾਂ ਹਾਜ਼ਰ ਸਨ।