- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸਫਾਈ ਸੇਵਕਾਂ ਅਤੇ ਸੀਵਰਮੈਨਾਂ ਦੀ ਹੜਤਾਲ ਨੌਵੇਂ ਦਿਨ ਵਿਚ ਦਾਖਲ, ਸ਼ਹਿਰ ’ਚ ਗੰਦਗੀ ਦੇ ਢੇਰਾਂ ਕਾਰਨ ਲੋਕ ਪ੍ਰੇਸ਼ਾਨ

ਜਸਪਾਲ ਸਿੰਘ ਜੱਸੀ•, ਪੰਜਾਬੀ ਜਾਗਰਣ,
ਤਰਨਤਾਰਨ : ਨਗਰ ਕੌਂਸਲ ਤਰਨਤਾਰਨ ਦੇ ਸਫਾਈ ਸੇਵਕਾਂ ਅਤੇ ਸੀਵਰਮੈਨਾਂ ਦੀ ਕੰਮ ਛੱਡ ਹੜਤਾਲ ਅੱਜ ਨੌਵੇਂ ਦਿਨ ਵਿਚ ਦਾਖਲ ਹੋ ਗਈ। ਇਕ ਪਾਸੇ ਜਿਥੇ ਕਰਮਚਾਰੀ ਹਰ ਰੋਜ਼ ਨਗਰ ਕੌਂਸਲ ਦਫਤਰ ਦੇ ਮੁੱਖ ਗੇਟ ਅੱਗੇ ਧਰਨਾ ਦੇ ਕੇ ਪੰਜਾਬ ਸਰਕਾਰ ਖਿਲਾਫ਼ ਨਾਅਰੇਬਾਜ਼ੀ ਕਰ ਰਹੇ ਹਨ, ਉਥੇ ਹੀ ਦੂਜੇ ਪਾਸੇ ਹੜਤਾਲ ਕਾਰਨ ਸ਼ਹਿਰ ਦੀ ਸਫਾਈ ਵਿਵਸਥਾ ਪੂਰੀ ਤਰ੍ਹਾਂ ਪ੍ਰਭਾਵਿਤ ਹੋ ਗਈ ਹੈ। ਡੋਰ ਟੂ ਡੋਰ ਕੂੜਾ ਇਕੱਠਾ ਕਰਨ ਦਾ ਕੰਮ ਬੰਦ ਹੋਣ ਕਾਰਨ ਸ਼ਹਿਰ ਦੀਆਂ ਮੁੱਖ ਸੜਕਾਂ, ਗਲੀਆਂ, ਬਾਜ਼ਾਰਾਂ ਅਤੇ ਮੁਹੱਲਿਆਂ ਦੇ ਮੋੜਾਂ ’ਤੇ ਕੂੜੇ ਦੇ ਵੱਡੇ-ਵੱਡੇ ਢੇਰ ਲੱਗ ਗਏ ਹਨ। ਗਰਮੀ ਦੇ ਮੌਸਮ ਕਾਰਨ ਕੂੜੇ ਵਿੱਚੋਂ ਉੱਠ ਰਹੀ ਬਦਬੂ ਨਾਲ ਲੋਕਾਂ ਦਾ ਜਿਉਣਾ ਦੁੱਭਰ ਹੋ ਗਿਆ ਹੈ ਅਤੇ ਸੰਕਰਾਤਮਕ ਬਿਮਾਰੀਆਂ ਫੈਲਣ ਦਾ ਖਦਸ਼ਾ ਵੀ ਵਧਦਾ ਜਾ ਰਿਹਾ ਹੈ।
ਧਰਨੇ ਨੂੰ ਸੰਬੋਧਨ ਕਰਦਿਆਂ ਯੂਨੀਅਨ ਦੇ ਪ੍ਰਧਾਨ ਬਲਵਿੰਦਰ ਸਿੰਘ ਨੇ ਕਿਹਾ ਕਿ ਸਰਕਾਰ ਨੇ ਚੋਣਾਂ ਦੌਰਾਨ ਕਰਮਚਾਰੀਆਂ ਨਾਲ ਕੀਤੇ ਵਾਅਦੇ ਅਜੇ ਤਕ ਪੂਰੇ ਨਹੀਂ ਕੀਤੇ। ਉਨ੍ਹਾਂ ਕਿਹਾ ਕਿ ਕੱਚੇ ਮੁਲਾਜ਼ਮ ਅਜੇ ਵੀ ਘੱਟ ਤਨਖਾਹਾਂ ’ਤੇ ਕੰਮ ਕਰਨ ਲਈ ਮਜਬੂਰ ਹਨ ਅਤੇ ਉਨ੍ਹਾਂ ਦੇ ਹੱਕਾਂ ਨੂੰ ਨਜ਼ਰਅੰਦਾਜ਼ ਕੀਤਾ ਜਾ ਰਿਹਾ ਹੈ। ਉਨ੍ਹਾਂ ਮੰਗ ਕੀਤੀ ਕਿ ਕੱਚੇ ਮੁਲਾਜ਼ਮਾਂ ਨੂੰ ਤੁਰੰਤ ਪੱਕਾ ਕੀਤਾ ਜਾਵੇ, ਠੇਕੇਦਾਰੀ ਪ੍ਰਣਾਲੀ ਖਤਮ ਕੀਤੀ ਜਾਵੇ, ਤਨਖਾਹਾਂ ਵਿਚ ਵਾਧਾ ਕੀਤਾ ਜਾਵੇ, ਪੁਰਾਣੀ ਪੈਨਸ਼ਨ ਸਕੀਮ ਬਹਾਲ ਕੀਤੀ ਜਾਵੇ ਅਤੇ ਈਐੱਸਆਈ ਤੇ ਈਪੀਐੱਫ ਦੀ ਸਹੂਲਤ ਲਾਗੂ ਕੀਤੀ ਜਾਵੇ। ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇਕਰ ਸਰਕਾਰ ਨੇ ਜਲਦ ਕੋਈ ਠੋਸ ਫੈਸਲਾ ਨਾ ਲਿਆ ਤਾਂ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ।
ਇਸ ਮੌਕੇ ਤਿਲਕ ਰਾਜ, ਰਾਜ ਕੁਮਾਰ, ਜੱਜਪਾਲ, ਜੋਗਿੰਦਰਪਾਲ, ਕ੍ਰਿਸ਼ਨਪਾਲ, ਕਾਲਾ, ਸੁਰਜੀਤ ਕੁਮਾਰ, ਮਨਦੀਪ, ਗੁਰਦਿਆਲ, ਸਾਹਿਬ ਸਿੰਘ, ਦਲੀਪ ਸਿੰਘ, ਬਖਸ਼ੀਸ ਸਿੰਘ, ਸਾਹਿਲ, ਸੁਨੀਲ, ਸੁਭਾਸ਼, ਜਸਪਾਲ, ਰਾਜ ਰਾਣੀ, ਸਲਮਾ, ਕਮਲੇਸ਼, ਸੰਤੋਸ਼, ਰੇਨੂੰ, ਲਵਲੀ, ਨੀਲਮ, ਸਰਬਵਿੰਦਰ ਸਿੰਘ, ਮਨੀਸ਼ਾ, ਰੱਜੋ, ਸੁੱਖੋ ਸਮੇਤ ਵੱਡੀ ਗਿਣਤੀ ਵਿਚ ਕਰਮਚਾਰੀ ਹਾਜਰ ਸਨ।
----
ਸਰਕਾਰ ਕੱਢੇ ਮਸਲੇ ਦਾ ਤੁਰੰਤ ਹੱਲ : ਤੱਖੂਚੱਕ
ਸ਼ਹਿਰ ਦੇ ਸਮਾਜ ਸੇਵੀ ਹਰਪਾਲ ਸਿੰਘ ਤੱਖੂਚੱਕ ਨੇ ਕਿਹਾ ਕਿ ਕਰਮਚਾਰੀਆਂ ਦੀ ਹੜਤਾਲ ਕਾਰਨ ਆਮ ਲੋਕਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਕਈ ਦਿਨਾਂ ਤੋਂ ਕੂੜਾ ਨਾ ਚੁੱਕੇ ਜਾਣ ਕਾਰਨ ਗੰਦਗੀ ਦੇ ਢੇਰ ਲਗਾਤਾਰ ਵੱਧ ਰਹੇ ਹਨ, ਜਿਸ ਨਾਲ ਵਾਤਾਵਰਨ ਪ੍ਰਦੂਸ਼ਿਤ ਹੋ ਰਿਹਾ ਹੈ ਅਤੇ ਬੱਚਿਆਂ, ਬਜ਼ੁਰਗਾਂ ਅਤੇ ਆਮ ਲੋਕਾਂ ਦੀ ਸਿਹਤ ’ਤੇ ਵੀ ਮਾੜਾ ਅਸਰ ਪੈ ਸਕਦਾ ਹੈ। ਉਨ੍ਹਾਂ ਕਿਹਾ ਕਿ ਸਫਾਈ ਵਰਗੀ ਬੁਨਿਆਦੀ ਸੇਵਾ ਦਾ ਪ੍ਰਭਾਵਿਤ ਹੋਣਾ ਪੂਰੇ ਸ਼ਹਿਰ ਲਈ ਚਿੰਤਾ ਦਾ ਵਿਸ਼ਾ ਹੈ। ਉਨ੍ਹਾਂ ਨੇ ਕਿਹਾ ਕਿ ਸਰਕਾਰ ਮਸਲੇ ਦਾ ਤੁਰੰਤ ਹੱਲ ਕੱਢੇ।
------
ਸਰਕਾਰ ਤੇ ਮੁਲਾਜ਼ਮ ਸਹਿਮਤੀ ਨਾਲ ਕੱਢਣ ਮਸਲੇ ਦਾ ਹੱਲ : ਐਡਵੋਕੇਟ ਅਰੋੜਾ
ਐਡਵੋਕੇਟ ਰਾਕੇਸ਼ ਰਮਨ ਅਰੋੜਾ ਨੇ ਪੰਜਾਬ ਸਰਕਾਰ ਅਤੇ ਸਥਾਨਕ ਸਰਕਾਰਾਂ ਵਿਭਾਗ ਨੂੰ ਅਪੀਲ ਕੀਤੀ ਕਿ ਸਫਾਈ ਸੇਵਕਾਂ ਅਤੇ ਸੀਵਰਮੈਨਾਂ ਦੀਆਂ ਜਾਇਜ਼ ਮੰਗਾਂ ਦਾ ਗੱਲਬਾਤ ਰਾਹੀਂ ਜਲਦ ਹੱਲ ਕੱਢਿਆ ਜਾਵੇ, ਤਾਂ ਜੋ ਕਰਮਚਾਰੀ ਆਪਣੀਆਂ ਡਿਊਟੀਆਂ ’ਤੇ ਵਾਪਸ ਪਰਤ ਸਕਣ ਅਤੇ ਸ਼ਹਿਰ ਦੀ ਸਫਾਈ ਵਿਵਸਥਾ ਮੁੜ ਸੁਚਾਰੂ ਹੋ ਸਕੇ। ਉਨ੍ਹਾਂ ਕਿਹਾ ਕਿ ਆਪਸੀ ਸਹਿਮਤੀ ਹੀ ਇਸ ਸਮੱਸਿਆ ਦਾ ਸਥਾਈ ਹੱਲ ਹੈ ਅਤੇ ਲੋਕ ਹਿੱਤਾਂ ਨੂੰ ਧਿਆਨ ਵਿਚ ਰੱਖਦਿਆਂ ਦੋਵੇਂ ਧਿਰਾਂ ਨੂੰ ਜਲਦੀ ਹੱਲ ਵੱਲ ਵਧਣਾ ਚਾਹੀਦਾ ਹੈ। ਕਿਉਂਕਿ ਤਰਨਤਾਰਨ ਗੁਰੂ ਨਗਰੀ ਹੋਣ ਕਾਰਨ ਇਥੇ ਹਰ ਰੋਜ਼ ਹਜਾਰਾਂ ਸ਼ਰਧਾਲੂ ਪਹੁੰਚਦੇ ਹਨ ਅਤੇ ਥਾਂ-ਥਾਂ ਲੱਗੇ ਗੰਦਗੀ ਦੇ ਢੇਰ ਬੁਰਾ ਪ੍ਰਭਾਵ ਪਾਉਂਦੇ ਹਨ।