ਪਰਿਵਾਰ ਨਿਯੋਜਨ ਪ੍ਰਤੀ ਜਾਗਰੂਕ ਕਰਦਿਆਂ ਛੋਟਾ ਤੇ ਖੁਸ਼ਹਾਲ ਪਰਿਵਾਰ ਅਪਣਾਉਣ ਦਾ ਦਿੱਤਾ ਸੰਦੇਸ਼ ਸੀਐੱਚਸੀ ਕੈਰੋ ’ਚ ਵਿਸ਼ਵ ਅਬਾਦੀ ਦਿਵਸ ਹਫ਼ਤੇ ਦੀ ਸ਼ੁਰੂਆਤ
Publish Date: Tue, 14 Jul 2026 04:52 PM (IST)
Updated Date: Wed, 15 Jul 2026 04:01 AM (IST)
ਸੀਐੱਚਸੀ ਕੈਰੋ ’ਚ ਵਿਸ਼ਵ ਅਬਾਦੀ ਦਿਵਸ ਹਫ਼ਤੇ ਦੀ ਸ਼ੁਰੂਆਤ ਕੇਪੀ ਗਿੱਲ•, ਪੰਜਾਬੀ ਜਾਗਰਣ, ਕੈਰੋਂ : ਸੀਨੀਅਰ ਮੈਡੀਕਲ ਅਫ਼ਸਰ ਸੀਐੱਚਸੀ ਕੈਰੋਂ ਡਾ. ਜਤਿੰਦਰਪਾਲ ਸਿੰਘ ਦੀ ਅਗਵਾਈ ਵਿਚ ਕਮਿਊਨਿਟੀ ਹੈਲਥ ਸੈਂਟਰ ਸੀਐੱਚਸੀ ਕੈਰੋਂ ਵਿਖੇ ਵਿਸ਼ਵ ਅਬਾਦੀ ਦਿਵਸ ਹਫ਼ਤਾ ਮਨਾਉਣ ਦੀ ਸ਼ੁਰੂਆਤ ਕੀਤੀ ਗਈ। ਇਸ ਮੌਕੇ ਲੋਕਾਂ ਨੂੰ ਪਰਿਵਾਰ ਨਿਯੋਜਨ ਪ੍ਰਤੀ ਜਾਗਰੂਕ ਕਰਦਿਆਂ ਛੋਟਾ ਅਤੇ ਖੁਸ਼ਹਾਲ ਪਰਿਵਾਰ ਅਪਣਾਉਣ ਦਾ ਸੰਦੇਸ਼ ਦਿੱਤਾ ਗਿਆ। ਇਸ ਮੌਕੇ ਸੰਬੋਧਨ ਕਰਦਿਆਂ ਡਾ. ਜਤਿੰਦਰਪਾਲ ਸਿੰਘ ਨੇ ਕਿਹਾ ਕਿ ਹਰ ਸਾਲ 11 ਜੁਲਾਈ ਨੂੰ ਵਿਸ਼ਵ ਅਬਾਦੀ ਦਿਵਸ ਮਨਾਇਆ ਜਾਂਦਾ ਹੈ। ਪਰ ਇਸ ਵਾਰ ਸਿਹਤ ਵਿਭਾਗ ਵੱਲੋਂ ਇਸ ਨੂੰ ਹਫ਼ਤੇ ਭਰ ਮਨਾਇਆ ਜਾ ਰਿਹਾ ਹੈ, ਤਾਂ ਜੋ ਵੱਧ ਤੋਂ ਵੱਧ ਲੋਕਾਂ ਨੂੰ ਪਰਿਵਾਰ ਨਿਯੋਜਨ ਦੇ ਸਾਧਨਾਂ ਅਤੇ ਸਰਕਾਰੀ ਸਕੀਮਾਂ ਬਾਰੇ ਜਾਣੂੰ ਕਰਵਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਵਧਦੀ ਅਬਾਦੀ ਦੇ ਮੱਦੇ ਨਜ਼ਰ ਪਰਿਵਾਰ ਨਿਯੋਜਨ ਸਮੇਂ ਦੀ ਮੁੱਖ ਲੋੜ ਬਣ ਚੁੱਕੀ ਹੈ ਅਤੇ ਹਰ ਪਰਿਵਾਰ ਨੂੰ ਆਪਣੇ ਬੱਚਿਆਂ ਵਿਚਕਾਰ ਢੁੱਕਵਾਂ ਅੰਤਰ ਰੱਖਦਿਆਂ ਛੋਟਾ ਪਰਿਵਾਰ ਅਪਣਾਉਣਾ ਚਾਹੀਦਾ ਹੈ। ਉਨ੍ਹਾਂ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਲੋਕਾਂ ਦੀ ਸਹੂਲਤ ਲਈ ਨਸਬੰਦੀ, ਨਲਬੰਦੀ, ਕਾਪਰ-ਟੀ ਅਤੇ ਹੋਰ ਅਸਥਾਈ ਅਤੇ ਸਥਾਈ ਪਰਿਵਾਰ ਨਿਯੋਜਨ ਦੇ ਸਾਧਨ ਮੁਫ਼ਤ ਉਪਲਬਧ ਕਰਵਾਏ ਜਾ ਰਹੇ ਹਨ। ਇਸ ਤੋਂ ਇਲਾਵਾ ਵਿਸ਼ੇਸ਼ ਕੈਂਪ ਲਗਾ ਕੇ ਵੀ ਲੋਕਾਂ ਨੂੰ ਇਨ੍ਹਾਂ ਸੇਵਾਵਾਂ ਦਾ ਲਾਭ ਦਿੱਤਾ ਜਾ ਰਿਹਾ ਹੈ। ਡਾ. ਜਤਿੰਦਰਪਾਲ ਸਿੰਘ ਨੇ ਕਿਹਾ ਕਿ ਬੇਕਾਬੂ ਅਬਾਦੀ ਦੇ ਵਧਣ ਨਾਲ ਆਉਣ ਵਾਲੇ ਸਮੇਂ ਵਿਚ ਭੁੱਖਮਰੀ, ਬੇਰੁਜ਼ਗਾਰੀ, ਕੁਦਰਤੀ ਸਰੋਤਾਂ ਦੀ ਘਾਟ ਅਤੇ ਅਪਰਾਧਾਂ ਵਿਚ ਵਾਧੇ ਵਰਗੀਆਂ ਗੰਭੀਰ ਸਮੱਸਿਆਵਾਂ ਪੈਦਾ ਹੋ ਸਕਦੀਆਂ ਹਨ। ਇਸ ਲਈ ਹਰ ਨਾਗਰਿਕ ਦਾ ਫ਼ਰਜ਼ ਬਣਦਾ ਹੈ ਕਿ ਉਹ ਸਿਹਤ ਵਿਭਾਗ ਨਾਲ ਤਾਲਮੇਲ ਕਰਕੇ ਪਰਿਵਾਰ ਨਿਯੋਜਨ ਦੇ ਸਾਧਨ ਅਪਣਾਏ ਅਤੇ ਇਕ ਸਿਹਤਮੰਦ ਅਤੇ ਖੁਸ਼ਹਾਲ ਸਮਾਜ ਦੀ ਸਿਰਜਣਾ ਵਿਚ ਆਪਣਾ ਯੋਗਦਾਨ ਪਾਏ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਪਰਿਵਾਰ ਭਲਾਈ ਸਕੀਮਾਂ ਦਾ ਵੱਧ ਤੋਂ ਵੱਧ ਲਾਭ ਉਠਾਇਆ ਜਾਵੇ ਅਤੇ ਬੱਚਿਆਂ ਵਿਚਕਾਰ ਢੁੱਕਵਾਂ ਅੰਤਰ ਰੱਖ ਕੇ ਪਰਿਵਾਰ ਨੂੰ ਸੁਚੱਜੇ ਢੰਗ ਨਾਲ ਅੱਗੇ ਵਧਾਇਆ ਜਾਵੇ। ਇਸ ਮੌਕੇ ਡਾ. ਰਜਿੰਦਰ ਕੁਮਾਰ, ਡਾ. ਰਮਨਦੀਪ ਪਨਵਰ, ਡਾ. ਦੀਪਕ, ਡਾ. ਪ੍ਰਭਜੋਤ ਕੌਰ, ਡਾ. ਰਿਆ ਨਿਅਰ, ਚੀਫ਼ ਫਾਰਮੇਸੀ ਅਫ਼ਸਰ ਮਨਜੀਤ ਰਾਏ, ਬਲਾਕ ਐਜੂਕੇਟਰ ਰਵਿੰਦਰ ਸਿੰਘ, ਧਰਮਿੰਦਰ ਸਿੰਘ, ਕੰਵਲਜੀਤ ਕੌਰ ਨਰਸਿੰਗ ਸਿਸਟਰ, ਬਲਜੀਤ ਕੌਰ, ਪ੍ਰਿਤਪਾਲ ਸਿੰਘ ਨਰਸਿੰਗ ਅਫ਼ਸਰ, ਹਰਪਾਲ ਸਿੰਘ ਐੱਮਐੱਲਟੀ, ਅਰਵਿੰਦਰ ਸਿੰਘ ਆਫਥੈਲਮਿਕ ਅਫ਼ਸਰ, ਕੁਲਵਿੰਦਰ ਸਿੰਘ ਭੁੱਲਰ ਓਟੀ ਅਸਿਸਟੈਂਟ, ਪੁਸ਼ਪਿੰਦਰ ਸਿੰਘ ਅਤੇ ਪ੍ਰਭਦੀਪ ਸਿੰਘ ਫਾਰਮਾਸਿਸਟ, ਮਲਵਿੰਦਰ ਕੌਰ ਐੱਲਐੱਚਵੀ, ਰੇਨੂੰ ਬਾਲਾ ਏਐੱਨਐੱਮ, ਗੁਰਵਿੰਦਰਜੀਤ ਸਿੰਘ, ਫੁਲਬੀਰ ਸਿੰਘ, ਸੰਦੀਪ ਸਿੰਘ ਸਮੇਤ ਸਿਹਤ ਵਿਭਾਗ ਦੇ ਹੋਰ ਅਧਿਕਾਰੀ ਅਤੇ ਕਰਮਚਾਰੀ ਹਾਜ਼ਰ ਸਨ।