- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸਵਰਲੀਨ ਕੌਰ ਨੇ ਸਤਲੁਜ ਫਿਲਮ ’ਚ ਅਦਾਕਾਰੀ ਕਰਕੇ ਸਕੂਲ ਦਾ ਨਾਂ ਰੌਸ਼ਨ ਕੀਤਾ

ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਤਰਨਤਾਰਨ ਦੀ ਹੈ ਵਿਦਿਆਰਥਣ
ਸਟਾਫ਼ ਰਿਪੋਰਟਰ•, ਪੰਜਾਬੀ ਜਾਗਰਣ, ਤਰਨਤਾਰਨ : ਚੀਫ਼ ਖ਼ਾਲਸਾ ਦੀਵਾਨ ਦੀ ਸਰਪ੍ਰਸਤੀ ਹੇਠ ਚੱਲ ਰਹੀ ਇਲਾਕੇ ਦੀ ਵੱਡੀ ਸੰਸਥਾ ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਤਰਨਤਾਰਨ ਦੀ ਵਿਦਿਆਰਥਣ ਸਵਰਲੀਨ ਕੌਰ ਨੇ ਪ੍ਰਸਿੱਧ ਫਿਲਮ ਸਤਲੁਜ ਵਿਚ ਅਦਾਕਾਰੀ ਕਰਕੇ ਸਕੂਲ, ਆਪਣੇ ਮਾਤਾ-ਪਿਤਾ ਅਤੇ ਇਲਾਕੇ ਦਾ ਨਾਂ ਰੋਸ਼ਨ ਕੀਤਾ ਹੈ। ਮਸ਼ਹੂਰ ਨਿਰਦੇਸ਼ਕ ਹਨੀ ਤ੍ਰੇਹਨ ਦੀ ਅਗਵਾਈ ਹੇਠ ਬਣੀ ਇਸ ਫ਼ਿਲਮ ਵਿਚ ਮੁੱਖ ਭੂਮਿਕਾ ਸੁਪਰਸਟਾਰ ਦਿਲਜੀਤ ਦੋਸਾਂਝ ਨੇ ਨਿਭਾਈ ਹੈ। ਉਨ੍ਹਾਂ ਦੇ ਨਾਲ ਅਰਜੁਨ ਰਾਮਪਾਲ, ਸੁਵਿੰਦਰ ਵਿੱਕੀ ਅਤੇ ਕੰਵਲਜੀਤ ਸਿੰਘ ਵਰਗੇ ਦਿੱਗਜ ਕਲਾਕਾਰ ਵੀ ਨਜ਼ਰ ਆਏ ਹਨ।
ਇਸ ਫਿਲਮ ਵਿਚ ਸਵਰਲੀਨ ਕੌਰ ਨੇ ਫਿਲਮ ਦੇ ਮੁੱਖ ਕਿਰਦਾਰ ਜਸਵੰਤ ਸਿੰਘ ਖਾਲੜਾ ਦੀ ਬੇਟੀ ਦਾ ਕਿਰਦਾਰ ਨਿਭਾਇਆ ਹੈ। ਇਕ ਗੰਭੀਰ ਅਤੇ ਵੱਡੇ ਪ੍ਰੋਜੈਕਟ ਵਿਚ ਸਵਰਲੀਨ ਕੌਰ ਵੱਲੋਂ ਨਿਭਾਈ ਗਈ ਭੂਮਿਕਾ ਉਸ ਦੀ ਸ਼ਾਨਦਾਰ ਅਦਾਕਾਰੀ ਅਤੇ ਪ੍ਰਤਿਭਾ ਨੂੰ ਦਰਸਾਉਂਦੀ ਹੈ।
ਇਸ ਮੌਕੇ ਚੀਫ਼ ਖਾਲਸਾ ਦੀਵਾਨ ਦੇ ਅਡੀਸ਼ਨਲ ਆਨਰੇਰੀ ਸਕੱਤਰ, ਲੋਕਲ ਕਮੇਟੀ ਦੇ ਪ੍ਰਧਾਨ ਅਤੇ ਸਕੂਲ ਦੇ ਮੈਂਬਰ ਇੰਚਾਰਜ ਹਰਜੀਤ ਸਿੰਘ, ਲੋਕਲ ਕਮੇਟੀ ਦੇ ਮੀਤ ਪ੍ਰਧਾਨ ਅਤੇ ਸਕੂਲ ਦੇ ਮੈਂਬਰ ਇੰਚਾਰਜ ਗੁਰਿੰਦਰ ਸਿੰਘ, ਸਕੂਲ ਦੇ ਮੈਂਬਰ ਇੰਚਾਰਜ ਨਵਜੋਤ ਸਿੰਘ, ਸਕੂਲ ਦੇ ਮੈਂਬਰ ਇੰਚਾਰਜ ਰਣਦੀਪ ਸਿੰਘ ਅਤੇ ਪ੍ਰਿੰਸੀਪਲ ਸਤਵੰਤ ਸਿੰਘ ਬੈਂਸ ਵੱਲੋਂ ਸਵਰਲੀਨ ਕੌਰ ਅਤੇ ਉਸ ਦੇ ਮਾਤਾ-ਪਿਤਾ ਨੂੰ ਵਿਸ਼ੇਸ਼ ਤੌਰ ’ਤੇ ਵਧਾਈ ਦਿੱਤੀ ਗਈ ਅਤੇ ਸਵਰਲੀਨ ਨੂੰ ਸਨਮਾਨਿਤ ਕੀਤਾ ਗਿਆ।
ਉਕਤ ਸ਼ਖਸੀਅਤਾਂ ਨੇ ਇਸ ਮੌਕੇ ਕਿਹਾ ਕਿ ਸਾਡੇ ਸਕੂਲ ਦਾ ਹਮੇਸ਼ਾ ਇਹੋ ਮਕਸਦ ਰਿਹਾ ਹੈ ਕਿ ਵਿਦਿਆਰਥੀਆਂ ਦਾ ਸਰਵਪੱਖੀ ਵਿਕਾਸ ਹੋਵੇ। ਪੜ੍ਹਾਈ ਦੇ ਨਾਲ-ਨਾਲ ਕਲਾ, ਖੇਡਾਂ ਅਤੇ ਸੱਭਿਆਚਾਰਕ ਖੇਤਰ ਵਿਚ ਵੀ ਬੱਚਿਆਂ ਨੂੰ ਅੱਗੇ ਵਧਣ ਦੇ ਮੌਕੇ ਦਿੱਤੇ ਜਾਂਦੇ ਹਨ। ਸਵਰਲੀਨ ਨੇ ਵੱਡੇ ਪਰਦੇ 'ਤੇ ਜੋ ਮੁਕਾਮ ਹਾਸਲ ਕੀਤਾ ਹੈ, ਉਸ ’ਤੇ ਸਾਨੂੰ ਸਭ ਨੂੰ ਮਾਣ ਹੈ।
ਸਕੂਲ ਦੇ ਪ੍ਰਿੰਸੀਪਲ ਸਤਵੰਤ ਸਿੰਘ ਬੈਂਸ ਨੇ ਦੱਸਿਆ ਕਿ ਸਵਰਲੀਨ ਪੜ੍ਹਾਈ ਵਿਚ ਵੀ ਬਹੁਤ ਹੁਸ਼ਿਆਰ ਹੈ ਅਤੇ ਉਸ ਨੇ ਆਪਣੀ ਪੜ੍ਹਾਈ ਅਤੇ ਅਦਾਕਾਰੀ ਦੇ ਸ਼ੌਕ ਵਿਚਾਲੇ ਬਿਹਤਰ ਤਾਲਮੇਲ ਬਣਾ ਕੇ ਇਹ ਮੁਕਾਮ ਹਾਸਲ ਕੀਤਾ ਹੈ। ਇਸ ਫ਼ਿਲਮ ਦਾ ਹਿੱਸਾ ਬਣਨਾ ਸਵਰਲੀਨ ਦੇ ਕਰੀਅਰ ਲਈ ਇਕ ਬਹੁਤ ਵੱਡੀ ਸ਼ੁਰੂਆਤ ਹੈ। ਸਮੂਹ ਤਰਨਤਾਰਨ ਨਿਵਾਸੀ ਅਤੇ ਸਕੂਲ ਸਟਾਫ਼ ਸਵਰਲੀਨ ਦੇ ਸੁਨਹਿਰੀ ਭਵਿੱਖ ਅਤੇ ਅਗਲੇਰੇ ਕਲਾਤਮਕ ਸਫ਼ਰ ਲਈ ਸ਼ੁਭਕਾਮਨਾਵਾਂ ਭੇਟ ਕਰਦਾ ਹੈ।