- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪੱਟੀ ਬੱਸ ਅੱਡੇ ’ਚ ਪੱਖੇ ਬੰਦ, ਯਾਤਰੀਆਂ ਨੇ ਪ੍ਰਸ਼ਾਸਨ ਖ਼ਿਲਾਫ਼ ਜਤਾਈ ਨਾਰਾਜ਼ਗੀ, ਪ੍ਰਸ਼ਾਸਨ ਨਹੀਂ ਲੈ ਰਿਹਾ ਸਾਰ

ਗਰਮੀ ਦੀ ਮੌਸਮ ’ਚ ਮੁਸਾਫਰ ਤੇ ਬੱਸ ਚਾਲਕ ਹੋ ਰਹੇ ਪਰੇਸ਼ਾਨ, ਪ੍ਰਸ਼ਾਸਨ ਨਹੀਂ ਲੈ ਰਿਹਾ ਸਾਰ
ਬੱਲੂ ਮਹਿਤਾ•, ਪੰਜਾਬੀ ਜਾਗਰਣ,
ਪੱਟੀ : ਪੱਟੀ ਦੇ ਮੁੱਖ ਬੱਸ ਅੱਡੇ ’ਤੇ ਯਾਤਰੀਆਂ ਦੀ ਸਹੂਲਤ ਲਈ ਛੱਤ ’ਤੇ ਲਗਾਏ ਗਏ ਪੱਖੇ ਪਿਛਲੇ ਇਕ ਮਹੀਨੇ ਤੋਂ ਬੰਦ ਪਏ ਹਨ, ਜਿਸ ਕਾਰਨ ਗਰਮੀ ਦੇ ਇਸ ਮੌਸਮ ਵਿਚ ਮੁਸਾਫਿਰਾਂ ਅਤੇ ਬੱਸ ਚਾਲਕਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਬੱਸ ਅੱਡੇ ’ਤੇ ਹਰ ਰੋਜ਼ ਸੈਂਕੜਿਆਂ ਦੀ ਗਿਣਤੀ ਵਿਚ ਯਾਤਰੀ ਵੱਖ-ਵੱਖ ਰੂਟਾਂ ਲਈ ਬੱਸਾਂ ਦੀ ਉਡੀਕ ਕਰਦੇ ਹਨ, ਪਰ ਪੱਖੇ ਨਾ ਚੱਲਣ ਕਾਰਨ ਉਨ੍ਹਾਂ ਨੂੰ ਤਪਦੀ ਗਰਮੀ ਵਿਚ ਬੈਠਣਾ ਪੈਂਦਾ ਹੈ।
ਬੱਸ ਚਾਲਕਾਂ ਗੁਰਬਿੰਦਰ ਸਿੰਘ ਗਿੱਲ, ਬਾਬਾ ਮਹਿਲ ਸਿੰਘ, ਰਵਿੰਦਰ ਸਿੰਘ, ਗੁਰਵੇਲ ਸਿੰਘ ਵੀਰਮ, ਗੁਰਸੇਵਕ ਸਿੰਘ, ਕੁਲਵਿੰਦਰ ਸਿੰਘ, ਨਿਸ਼ਾਨ ਸਿੰਘ ਭੋਲਾ, ਬਾਬਾ ਸੁਖਜੀਤ ਸਿੰਘ ਲੌਹੁਕਾ, ਸਵਰਨ ਸਿੰਘ ਪ੍ਰਧਾਨ ਰਿਕਸ਼ਾ ਯੂਨੀਅਰ, ਮਹਾਂਬੀਰ ਸਿੰਘ, ਰਵਿੰਦਰ ਸਿੰਘ, ਹਰਜੀਤ ਸਿੰਘ, ਹਰਨੇਕ ਸਿੰਘ, ਪਰਮਜੀਤ ਸਿੰਘ ਕੈਰੋਂ, ਗੁਰਸੇਵਕ ਸਿੰਘ ਘੁਹਾੜ ਅਤੇ ਬਲਵਿੰਦਰ ਸਿੰਘ ਨੇ ਦੱਸਿਆ ਕਿ ਬੱਸ ਅੱਡੇ ਦੀ ਛੱਤ ’ਤੇ ਲੱਗੇ ਪੱਖੇ ਕਰੀਬ ਇਕ ਮਹੀਨੇ ਤੋਂ ਸਹੀ ਕਰਨ ਲਈ ਉਤਾਰੇ ਗਏ ਸਨ, ਜੋ ਖਰਾਬ ਪਏ, ਪਰ ਅਜੇ ਤਕ ਨਹੀਂ ਬਣੇ।
ਇਸ ਸਬੰਧੀ ਨਗਰ ਕੌਂਸਲ ਪੱਟੀ ਅਤੇ ਐੱਸਡੀਐੱਮ ਪੱਟੀ ਦੇ ਧਿਆਨ ਵਿਚ ਕਈ ਵਾਰ ਮਾਮਲਾ ਲਿਆਂਦਾ ਜਾ ਚੁੱਕਾ ਹੈ, ਪਰ ਅਜੇ ਤਕ ਕੋਈ ਕਾਰਵਾਈ ਨਹੀਂ ਹੋਈ। ਉਨ੍ਹਾਂ ਕਿਹਾ ਕਿ ਦਿਨ ਦੇ ਸਮੇਂ ਤਾਪਮਾਨ ਕਾਫੀ ਵੱਧ ਹੋਣ ਕਾਰਨ ਬੱਸਾਂ ਦੀ ਉਡੀਕ ਕਰ ਰਹੇ ਯਾਤਰੀਆਂ ਨੂੰ ਕਾਫੀ ਮੁਸ਼ਕਿਲ ਆ ਰਹੀ ਹੈ। ਖ਼ਾਸ ਕਰਕੇ ਬਜ਼ੁਰਗ, ਔਰਤਾਂ ਅਤੇ ਬੱਚਿਆਂ ਨੂੰ ਗਰਮੀ ਕਾਰਨ ਸਭ ਤੋਂ ਵੱਧ ਪ੍ਰੇਸ਼ਾਨੀ ਝੱਲਣੀ ਪੈ ਰਹੀ ਹੈ।
ਚਾਲਕਾਂ ਨੇ ਕਿਹਾ ਕਿ ਕਈ ਵਾਰ ਬੱਸਾਂ ਦੇ ਨਿਰਧਾਰਤ ਸਮੇਂ ਤੋਂ ਪਹਿਲਾਂ ਜਾਂ ਬਾਅਦ ਪਹੁੰਚਣ ’ਤੇ ਉਨ੍ਹਾਂ ਨੂੰ ਵੀ ਬੱਸ ਅੱਡੇ ’ਤੇ ਲੰਬਾ ਸਮਾਂ ਬਿਤਾਉਣਾ ਪੈਂਦਾ ਹੈ, ਪਰ ਪੱਖੇ ਬੰਦ ਹੋਣ ਕਾਰਨ ਉਨ੍ਹਾਂ ਲਈ ਵੀ ਇਥੇ ਬੈਠਣਾ ਔਖਾ ਹੋ ਜਾਂਦਾ ਹੈ। ਇਸ ਮੌਕੇ ’ਤੇ ਮੁਸਾਫਿਰ ਹਰਜੀਤ ਕੌਰ, ਬਲਵਿੰਦਰ ਕੌਰ, ਚਰਨਜੀਤ, ਸਵਿਤਾ ਅਤੇ ਰਜਨੀ ਨੇ ਦੱਸਿਆ ਕਿ ਉਹ ਰੋਜ਼ਾਨਾ ਜਾਂ ਅਕਸਰ ਬੱਸ ਅੱਡੇ ਤੋਂ ਸਫ਼ਰ ਕਰਦੇ ਹਨ। ਗਰਮੀ ਦੇ ਮੌਸਮ ਵਿਚ ਪੱਖੇ ਨਾ ਚੱਲਣ ਕਾਰਨ ਉਨ੍ਹਾਂ ਨੂੰ ਪਸੀਨੇ ਨਾਲ ਭਿੱਜ ਕੇ ਬੱਸਾਂ ਦੀ ਉਡੀਕ ਕਰਨੀ ਪੈਂਦੀ ਹੈ।
ਉਨ੍ਹਾਂ ਕਿਹਾ ਕਿ ਸਰਕਾਰ ਅਤੇ ਸਥਾਨਕ ਪ੍ਰਸ਼ਾਸਨ ਵੱਲੋਂ ਯਾਤਰੀਆਂ ਨੂੰ ਬੁਨਿਆਦੀ ਸਹੂਲਤਾਂ ਦੇਣ ਦੇ ਦਾਅਵੇ ਕੀਤੇ ਜਾਂਦੇ ਹਨ, ਪਰ ਬੱਸ ਅੱਡੇ ਵਰਗੀ ਮਹੱਤਵਪੂਰਨ ਜਗ੍ਹਾ ’ਤੇ ਵੀ ਪੱਖਿਆਂ ਦੀ ਮੁਰੰਮਤ ਨਾ ਹੋਣਾ ਚਿੰਤਾ ਦਾ ਵਿਸ਼ਾ ਹੈ। ਇਸ ਮੌਕੇ ਬੱਸ ਆਪਰੇਟਰਾਂ ਅਤੇ ਯਾਤਰੀਆਂ ਨੇ ਨਗਰ ਕੌਂਸਲ ਪੱਟੀ ਅਤੇ ਸਬੰਧਤ ਵਿਭਾਗ ਤੋਂ ਮੰਗ ਕੀਤੀ ਹੈ ਕਿ ਬੱਸ ਅੱਡੇ ’ਤੇ ਬੰਦ ਪਏ ਪੱਖਿਆਂ ਨੂੰ ਤੁਰੰਤ ਠੀਕ ਕਰਵਾਇਆ ਜਾਵੇ, ਤਾਂ ਜੋ ਗਰਮੀ ਤੋਂ ਕੁਝ ਰਾਹਤ ਮਿਲ ਸਕੇ।
ਉਨ੍ਹਾਂ ਕਿਹਾ ਕਿ ਜੇਕਰ ਜਲਦੀ ਸਮੱਸਿਆ ਦਾ ਹੱਲ ਨਾ ਕੀਤਾ ਗਿਆ ਤਾਂ ਯਾਤਰੀਆਂ ਅਤੇ ਚਾਲਕਾਂ ਨੂੰ ਆਉਣ ਵਾਲੇ ਦਿਨਾਂ ਵਿਚ ਹੋਰ ਵੀ ਵੱਧ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਵੇਗਾ। ਯਾਤਰੀਆਂ ਅਤੇ ਬੱਸ ਕਰਮਚਾਰੀਆਂ ਨੇ ਪ੍ਰਸ਼ਾਸਨ ਤੋਂ ਅਪੀਲ ਕੀਤੀ ਹੈ ਕਿ ਲੋਕ ਹਿੱਤ ਨੂੰ ਧਿਆਨ ਵਿਚ ਰੱਖਦਿਆਂ ਇਸ ਮਾਮਲੇ ਨੂੰ ਪਹਿਲ ਦੇ ਆਧਾਰ ’ਤੇ ਹੱਲ ਕੀਤਾ ਜਾਵੇ ਅਤੇ ਬੱਸ ਅੱਡੇ ਦੀਆਂ ਹੋਰ ਬੁਨਿਆਦੀ ਸਹੂਲਤਾਂ ਵੱਲ ਵੀ ਧਿਆਨ ਦਿੱਤਾ ਜਾਵੇ।
-------
ਜਲਦ ਕਰਵਾਈ ਜਾਵੇਗੀ ਪੱਖਿਆਂ ਦੀ ਮੁਰੰਮਤ : ਕਾਰਜ ਸਾਧਕ ਅਫਸਰ ਧਰਮਪਾਲ ਸਿੰਘ
ਇਸ ਸਬੰਧੀ ਨਗਰ ਕੌਂਸਲ ਪੱਟੀ ਦੇ ਕਾਰਜ ਸਾਧਕ ਅਫ਼ਸਰ ਧਰਮਪਾਲ ਸਿੰਘ ਨੇ ਕਿਹਾ ਕਿ ਬੱਸ ਅੱਡੇ ’ਤੇ ਛੱਤ ਨਾਲ ਲੱਗੇ ਪੱਖਿਆਂ ਦੇ ਬੰਦ ਹੋਣ ਦੀ ਜਾਣਕਾਰੀ ਉਨ੍ਹਾਂ ਦੇ ਧਿਆਨ ਵਿਚ ਆਈ ਹੈ। ਉਨ੍ਹਾਂ ਦੱਸਿਆ ਕਿ ਕੁਝ ਪੱਖਿਆਂ ਵਿਚ ਤਕਨੀਕੀ ਖ਼ਰਾਬੀ ਆ ਗਈ ਸੀ, ਜਿਸ ਕਾਰਨ ਉਹ ਚੱਲ ਨਹੀਂ ਰਹੇ। ਨਗਰ ਕੌਂਸਲ ਵੱਲੋਂ ਸਬੰਧਤ ਕਰਮਚਾਰੀਆਂ ਨੂੰ ਮੌਕੇ ਦਾ ਜਾਇਜ਼ਾ ਲੈਣ ਅਤੇ ਖ਼ਰਾਬੀ ਦੂਰ ਕਰਨ ਲਈ ਹਦਾਇਤਾਂ ਜਾਰੀ ਕਰ ਦਿੱਤੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਯਾਤਰੀਆਂ ਨੂੰ ਆ ਰਹੀ ਪ੍ਰੇਸ਼ਾਨੀ ਨੂੰ ਧਿਆਨ ਵਿਚ ਰੱਖਦੇ ਹੋਏ ਪੱਖਿਆਂ ਦੀ ਮੁਰੰਮਤ ਦਾ ਕੰਮ ਜਲਦ ਕਰਵਾਇਆ ਜਾਵੇਗਾ, ਤਾਂ ਜੋ ਬੱਸ ਅੱਡੇ ’ਤੇ ਆਉਣ ਵਾਲੇ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲ ਸਕੇ।