- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਇਕਬਾਲ ਸਿੰਘ ਸੰਧੂ ਦੇ ਅਸਤੀਫ਼ੇ ਨੇ ਅਕਾਲੀ ਸਿਆਸਤ ’ਚ ਮਚਾਈ ਖਲਬਲੀ

ਜਸਪਾਲ ਸਿੰਘ ਜੱਸੀ•, ਪੰਜਾਬੀ ਜਾਗਰਣ,
ਤਰਨਤਾਰਨ : ਸ਼੍ਰੋਮਣੀ ਅਕਾਲੀ ਦਲ-ਭਾਜਪਾ ਸਰਕਾਰ ਸਮੇਂ ਐੱਸਐੱਸ ਬੋਰਡ ਦੇ ਮੈਂਬਰ ਰਹੇ ਇਕਬਾਲ ਸਿੰਘ ਸੰਧੂ ਵੱਲੋਂ ਮੰਗਲਵਾਰ ਨੂੰ ਅਚਾਨਕ ਪਾਰਟੀ ਦੇ ਜਨਰਲ ਸਕੱਤਰ ਦੇ ਅਹੁਦੇ ’ਤੇ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫ਼ਾ ਦੇ ਦਿੱਤੇ ਜਾਣ ਨਾਲ ਅਕਾਲੀ ਸਿਆਸਤ ਵਿਚ ਖਲਬਲੀ ਮਚ ਗਈ ਹੈ। ਕਿਉਂਕਿ 30 ਸਾਲਾਂ ਦੇ ਲੰਮੇ ਅਰਸੇ ਤੋਂ ਅਕਾਲੀ ਦਲ ਨਾਲ ਜੁੜੇ ਇਕਬਾਲ ਸਿੰਘ ਸੰਧੂ ਪਾਰਟੀ ਦੇ ਵਫਾਦਾਰ ਸਿਪਾਹੀਆਂ ਵਿਚ ਗਿਣੇ ਜਾਂਦੇ ਸਨ ਅਤੇ ਇਕ ਸਮੇਂ ਪਾਰਟੀ ਵਿੱਚੋਂ ਕੱਢੇ ਜਾਣ ’ਤੇ ਵੀ ‘ਅਕਾਲੀ ਸੀ, ਅਕਾਲੀ ਹਾਂ, ਅਕਾਲੀ ਰਹਾਂਗਾ’ ਦਾ ਹੋਕਾ ਦੇਣ ਵਾਲੇ ਇਕਬਾਲ ਸੰਘ ਸੰਧੂ ਨੇ 2022 ਦੀਆਂ ਚੋਣਾਂ ਵਿਚ ਟਿਕਟ ਹਾਸਲ ਨਾ ਹੋਣ ਦੇ ਬਾਵਜੂਦ ਪਾਰਟੀ ਨੂੰ ਨਹੀਂ ਸੀ ਛੱਡਿਆ। ਹੁਣ ਅਚਾਨਕ ਜਦੋਂ ਪਾਰਟੀ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਨਾਂ ਲਿਖਿਆ ਅਸਤੀਫਾ ਸ਼ੋਸ਼ਲ ਮੀਡੀਆ ’ਤੇ ਸਾਹਮਣੇ ਆਇਆ ਤਾਂ ਸਿਆਸੀ ਚਰਚਾਵਾਂ ਵੀ ਤੇਜ਼ ਹੋ ਗਈਆਂ। ਦੱਸ ਦਈਏ ਕਿ ਤਰਨਤਾਰਨ ਜ਼ਿਲ੍ਹੇ ਦੇ ਦੋ ਵਿਧਾਨ ਸਭਾ ਹਲਕਿਆਂ ਵਿਚ ਨਵੇਂ ਹਲਕਾ ਇੰਚਾਰਜਾਂ ਦੀ ਨਿਯੁਕਤੀ ਤੋਂ ਬਾਅਦ ਕਈ ਆਗੂ ਕਥਿਤ ਤੌਰ ’ਤੇ ਨਿਰਾਸ਼ ਤੇ ਨਾਰਾਜ਼ ਦਿਖਾਈ ਦੇ ਰਹੇ ਹਨ।
----
ਪੰਜ ਸਾਲ ਸਿਆਸੀ ਪੈਂਤੜੇਬਾਜ਼ੀ ਦੀ ਭੇਟ ਚੜ੍ਹਦੇ ਰਹੇ ਇਕਬਾਲ ਸੰਧੂ
ਇਕਬਾਲ ਸਿੰਘ ਸੰਧੂ 2012 ਦੀ ਅਕਾਲੀ-ਭਾਜਪਾ ਸਰਕਾਰ ਸਮੇਂ ਐੱਸਐੱਸ ਬੋਰਡ ਦੇ ਮੈਂਬਰ ਰਹੇ ਹਨ। ਲੰਮਾ ਸਮਾਂ ਸ਼੍ਰੋਮਣੀ ਅਕਾਲੀ ਦਲ ਵਿਚ ਕੰਮ ਕਰਨ ਵਾਲੇ ਇਕਬਾਲ ਸਿੰਘ ਸੰਧੂ ਨੇ 2017 ਵਿਚ ਸੱਤਾ ਤਬਦੀਲੀ ਦੇ ਬਾਅਦ ਖਡੂਰ ਸਾਹਿਬ ਹਲਕੇ ਵਿਚ ਸਰਗਰਮੀ ਵਧਾ ਦਿੱਤੀ ਅਤੇ ਉਹ 2022 ਵਿਚ ਚੋਣ ਲੜਨ ਦੀ ਤਿਆਰੀ ਵਿਚ ਜੁਟ ਗਏ। ਪਰ ਉਸ ਵੇਲੇ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਹਲਕੇ ਦੀ ਨੁਮਾਇੰਦਗੀ ਕਰ ਰਹੇ ਸਨ। ਜਿਸਦੇ ਚੱਲਦਿਆਂ ਸੰਧੂ ਨੂੰ ਪਾਰਟੀ ਵਿੱਚੋਂ ਬਾਹਰ ਕਰ ਦਿੱਤਾ ਗਿਆ।
ਹਾਲਾਂਕਿ ਇਕਬਾਲ ਸਿੰਘ ਸੰਧੂ ਕਿਸੇ ਪਾਰਟੀ ਵਿਚ ਸ਼ਾਮਿਲ ਨਾ ਹੋਏ ਅਤੇ ਆਪਣੇ ਆਪ ਨੂੰ ਅਕਾਲੀ ਰਹਿਣ ਦਾ ਐਲਾਨ ਕਰ ਦਿੱਤਾ। ਰਣਜੀਤ ਸਿੰਘ ਬ੍ਰਹਮਪੁਰਾ ਦੇ ਪਾਰਟੀ ਛੱਡਣ ਤੋਂ ਬਾਅਦ 2019 ਦੀਆਂ ਲੋਕ ਸਭਾ ਚੋਣਾਂ ’ਚ ਇਕਬਾਲ ਸਿੰਘ ਸੰਧੂ ਦੀ ਪਾਰਟੀ ਵਿਚ ਵਾਪਸੀ ਕਰਵਾਈ ਗਈ ਅਤੇ ਉਹ ਮੁੜ ਹਲਕੇ ਵਿਚ ਵਿਚਰਣ ਲੱਗੇ। ਫਿਰ ਪਾਰਟੀ ਨੇ ਸੰਧੂ ਨੂੰ ਤਰਨਤਾਰਨ ਹਲਕੇ ’ਚ ਭੇਜ ਦਿੱਤਾ ਅਤੇ ਖਡੂਰ ਸਾਹਿਬ ਦੀ ਕਮਾਂਡ ਹਰਮੀਤ ਸਿੰਘ ਸੰਧੂ ਨੂੰ ਸੌਂਪ ਦਿੱਤੀ।
ਇਕਬਾਲ ਸਿੰਘ ਸੰਧੂ ਨੇ ਤਰਨਤਾਰਨ ਹਲਕੇ ਵਿਚ ਪਾਰਟੀ ਦੀ ਮਜ਼ਬੂਤੀ ਲਈ ਇਕ ਸਾਲ ਪੂਰੀ ਵਾਹ ਲਗਾ ਦਿੱਤੀ ਅਤੇ ਕੇਡਰ ਵੀ ਸਥਾਪਤ ਕਰ ਲਿਆ। ਪਰ 2022 ਦੀਆਂ ਚੋਣਾਂ ਤੋਂ ਐਨ ਪਹਿਲਾਂ ਬ੍ਰਹਮਪੁਰਾ ਦੀ ਅਕਾਲੀ ਦਲ ਵਿਚ ਵਾਪਸੀ ਹੋ ਗਈ ਅਤੇ ਹਰਮੀਤ ਸਿੰਘ ਸੰਧੂ ਨੂੰ ਉਨ੍ਹਾਂ ਦੇ ਹਲਕੇ ਤਰਨਤਾਰਨ ’ਚ ਭੇਜ ਕੇ ਇਕਬਾਲ ਸਿੰਘ ਸੰਧੂ ਦੀ ਟਿਕਟ ਕੱਟ ਦਿੱਤੀ ਗਈ।
ਵਿਧਾਇਕ ਬਣਨ ਦੀ ਇੱਛਾ ਰੱਖਣ ਵਾਲੇ ਇਕਬਾਲ ਸਿੰਘ ਸੰਧੂ ਇਸ ਅਰਸੇ ਦੌਰਾਨ ਪਾਰਟੀ ’ਚ ਚੱਲ ਰਹੀ ਪੈਂਤੜੇਬਾਜ਼ੀ ਦੀ ਭੇਟ ਚੜ੍ਹਦੇ ਰਹੇ। ਦੱਸਿਆ ਜਾ ਰਿਹਾ ਹੈ ਕਿ ਉਸ ਵੇਲੇ ਨਿਰਾਸ਼ਾ ’ਚ ਗਏ ਇਕਬਾਲ ਸਿੰਘ ਸੰਧੂ ਨਾਲ ਕੁਝ ਪਾਰਟੀਆਂ ਨੇ ਸੰਪਰਕ ਵੀ ਕੀਤਾ, ਪਰ ਉਹ ਕਿਸੇ ਪਾਰਟੀ ਵਿਚ ਸ਼ਾਮਿਲ ਨਹੀਂ ਹੋਏ। ਜਦੋਂਕਿ ਸੁਖਬੀਰ ਸਿੰਘ ਬਾਦਲ ਨੇ ਉਨ੍ਹਾਂ ਦੇ ਘਰ ਵਿਚ ਸਮਾਗਮ ਰੱਖ ਕੇ ਜਿਥੇ ਉਨ੍ਹਾਂ ਦਾ ਸ਼ਿਕਵਾ ਦੂਰ ਕਰਨ ਦਾ ਯਤਨ ਕੀਤਾ। ਉਥੇ ਹੀ ਪਾਰਟੀ ਦਾ ਜਨਰਲ ਸਕੱਤਰ ਵੀ ਬਣਾਇਆ ਅਤੇ ਸੰਧੂ ਮੌਜੂਦਾ ਸਮੇਂ ਵੀ ਪਾਰਟੀ ਦੇ ਜਨਰਲ ਸਕੱਤਰ ਸਨ।
-------
ਸਮਰਥਕਾਂ ਨਾਲ ਸਲਾਹ ਕਰਕੇ ਲਵਾਂਗੇ ਅਗਲਾ ਫੈਸਲਾ : ਸੰਧੂ
ਇਕਬਾਲ ਸਿੰਘ ਸੰਧੂ ਨੇ ‘ਪੰਜਾਬੀ ਜਾਗਰਣ’ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸਿਆਸੀ ਸਫ਼ਰ ਦੌਰਾਨ ਕਈ ਉਤਰਾਅ ਚੜਾਅ ਵੇਖੇ ਹਨ ਅਤੇ ਪਾਰਟੀ ਦੇ ਮੋਢੇ ਨਾਲ ਮੋਢਾ ਜੋੜ ਕੇ ਤਨਦੇਹੀ ਨਾਲ ਕੰਮ ਵੀ ਕੀਤਾ। ਉਨ੍ਹਾਂ ਨੇ ਕਿਹਾ ਕਿ ਹੁਣ ਪਾਰਟੀ ਵਿਚ ਵਿਹਲੇ ਬੈਠ ਕੇ ਭਵਿੱਖ ਖਰਾਬ ਕਰਨ ਦਾ ਕੋਈ ਫਾਇਦਾ ਨਹੀਂ। ਕਿਉਂਕਿ ਪਾਰਟੀ ਅਗਾਮੀ ਚੋਣਾਂ ਨੂੰ ਲੈ ਕੇ ਉਮੀਦਵਾਰੀ ਸਬੰਧੀ ਫੈਸਲੇ ਲੈ ਚੁੱਕੀ ਹੈ। ਉਨ੍ਹਾਂ ਨੇ ਕਿਹਾ ਕਿ ਭਵਿੱਖ ਵਿਚ ਸਿਆਸੀ ਸਫਰ ਨੂੰ ਕਿਸ ਪਾਸੇ ਲਿਜਾਣਾ ਹੈ, ਇਹ ਫੈਸਲਾ ਉਹ ਆਪਣੇ ਸਮਰਥਕਾਂ ਨਾਲ ਵਿਚਾਰ ਕਰਕੇ ਹੀ ਲੈਣਗੇ। ਹਾਲ ਦੀ ਘੜੀ ਵਿਚ ਕੁਝ ਕਹਿਣਾ ਠੀਕ ਨਹੀਂ ਹੋਵੇਗਾ। ਹਾਲਾਂਕਿ ਉਨ੍ਹਾਂ ਨੇ ਤਰਨਤਾਰਨ ਵਿਧਾਨ ਸਬਾ ਹਲਕੇ ਨਾਲ ਜੁੜੇ ਰਹਿਣ ਦਾ ਸੰਕੇਤ ਜ਼ਰੂਰ ਦਿੱਤਾ।
----
ਸੰਧੂ ਤਰਨਤਾਰਨ ਤੇ ਬ੍ਰਹਮਪੁਰਾ ਖਡੂਰ ਸਾਹਿਬ ਤੋਂ ਸਨ ਟਿਕਟ ਦੇ ਦਾਅਵੇਦਾਰ
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ 2027 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਤਰਨਤਾਰਨ ਵਿਧਾਨ ਸਭਾ ਹਲਕੇ ਤੋਂ ਕੰਚਨਪ੍ਰੀਤ ਕੌਰ ਅਤੇ ਖਡੂਰ ਸਾਹਿਬ ਹਲਕੇ ਤੋਂ ਰਮਨਦੀਪ ਕੌਰ ਸ਼ੇਰੋਂ ਨੂੰ ਹਲਕਾ ਇੰਚਾਰਜ਼ ਨਿਯੁਕਤ ਕਰ ਦਿੱਤਾ ਹੈ। ਹਾਲਾਂਕਿ ਖਡੂਰ ਸਾਹਿਬ ਤੋਂ ਰਵਿੰਦਰ ਸਿੰਘ ਬ੍ਰਹਮਪੁਰਾ ਤੇ ਤਰਨਤਾਰਨ ਹਲਕੇ ਤੋਂ ਇਕਬਾਲ ਸਿੰਘ ਸੰਧੂ ਚੋਣ ਲੜਨ ਦੇ ਇਛੁੱਕ ਸਨ। ਉਕਤ ਦੋਵਾਂ ਇੰਚਾਰਜਾਂ ਦੀ ਨਿਯੁਕਤੀ ਤੋਂ ਬਾਅਦ ਜਿਥੇ ਇਕਬਾਲ ਸਿੰਘ ਸੰਧੂ ਨੇ ਪਾਰਟੀ ਦੇ ਸਾਰੇ ਅਹੁਦਿਆਂ ਤੋਂ ਅਸਤੀਫਾ ਦੇ ਦਿੱਤਾ ਹੈ। ਉਥੇ ਹੀ ਰਵਿੰਦਰ ਸਿੰਘ ਬ੍ਰਹਮਪੁਰਾ ਵੀ ਇਸ ਵੇਲੇ ਨਿਰਾਸ਼ਾ ਦੇ ਆਲਮ ਵਿਚ ਹਨ।