- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸ਼ਹੀਦ ਭਾਈ ਤਾਰੂ ਸਿੰਘ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸੁਸਾਇਟੀ ਨੇ ਕਰਵਾਏ ਧਾਰਮਿਕ ਮੁਕਾਬਲੇ

ਨੌਜਵਾਨ ਸਮਾਜਿਕ ਕੁਰੀਤੀਆਂ ਦਾ ਤਿਆਗ ਕਰਕੇ ਰੱਬੀ ਗੁਣਾਂ ਨੂੰ ਬਣਾਉਣ ਆਪਣੇ ਜੀਵਨ ਦਾ ਹਿੱਸਾ : ਦਸਤੂਰ-ਏ-ਦਸਤਾਰ ਲਹਿਰ
ਰਾਜਨ ਚੋਪੜਾ•, ਪੰਜਾਬੀ ਜਾਗਰਣ,
ਭਿੱਖੀਵਿੰਡ : ਸ਼ਹੀਦ ਭਾਈ ਤਾਰੂ ਸਿੰਘ ਗੁਰਮਤਿ ਪ੍ਰਚਾਰ ਐਂਡ ਵੈਲਫੇਅਰ ਸੁਸਾਇਟੀ ਵੱਲੋਂ ਕਿਰਤੀ ਗੁਰਸਿੱਖ, ਨਾਮ ਬਾਣੀ ਦੇ ਰਸੀਏ, ਸਿੱਖੀ ਕੇਸਾਂ ਸੁਆਸਾਂ ਸੰਗ ਨਿਭਾਉਣ ਵਾਲੇ ਮਹਾਨ ਸੂਰਬੀਰ ਭਾਈ ਤਾਰੂ ਸਿੰਘ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਗੁਰਦੁਆਰਾ ਸ਼ਹੀਦ ਭਾਈ ਤਾਰੂ ਸਿੰਘ ਜੀ ਪਿੰਡ ਪੂਹਲਾ ਵਿਖੇ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਬਾਬਾ ਹਰਮੋਹਿੰਦਰ ਸਿੰਘ ਜੀ ਦੇ ਭਰਪੂਰ ਸਹਿਯੋਗ ਸਦਕਾ ਬੱਚਿਆਂ ਦੇ ਦਸਤਾਰ, ਦੁਮਾਲਾ, ਗੁਰਬਾਣੀ ਕੰਠ ਅਤੇ ਕਵੀਸ਼ਰੀ ਮੁਕਾਬਲੇ ਕਰਵਾਏ ਗਏ।
ਜਿਸ ਵਿਚ ਇਲਾਕੇ ਦੇ ਗੁਰੂ ਨਾਨਕ ਡੀਏਵੀ ਪਬਲਿਕ ਸਕੂਲ, ਸ਼ਹੀਦ ਭਗਤ ਸਿੰਘ ਸੀਨੀਅਰ ਸੈਕੰਡਰੀ ਸਕੂਲ ਭਿੱਖੀਵਿੰਡ, ਗੁਰੂ ਕੁਲ ਸਕੂਲ ਮਾੜੀ ਗੌੜ ਸਿੰਘ, ਆਈਟੀਆਈ ਸਕੂਲ ਲੜਕੀਆਂ ਭਗਵਾਨਪੁਰਾ, ਰੈਡੀਅਨਸ਼ ਸਕੂਲ, ਬਾਬਾ ਦੀਪ ਸਿੰਘ ਪਬਲਿਕ ਸਕੂਲ ਪਹੂਵਿੰਡ ਅਤੇ ਇਲਾਕੇ ਦੇ ਲੱਗਭੱਗ 200 ਬੱਚਿਆਂ ਤੇ ਸੰਗਤਾਂ ਨੇ ਸ਼ਮੂਲੀਅਤ ਕੀਤੀ। ਦਸਤਾਰ, ਦੁਮਾਲਾ ਮੁਕਾਬਲੇ ਵਿਚ ਚਾਰ ਗਰੁੱਪ, ਗੁਰਬਾਣੀ ਕੰਠ ਮੁਕਾਬਲੇ ਵਿਚ ਦੋ ਗਰੁੱਪ ਅਤੇ ਕਵੀਸ਼ਰੀ ਮੁਕਾਬਲੇ ਵਿਚ ਦੋ ਗਰੁੱਪ ਬਣਾ ਕੇ ਬੱਚਿਆਂ ਦੇ ਮੁਕਾਬਲੇ ਕਰਵਾਏ ਗਏ।
ਦਸਤਾਰ ਦੁਮਾਲਾ ਮੁਕਾਬਲੇ ਵਿਚ ਸਮੂਹ ਸਕੂਲਾਂ ਦੇ ਬੱਚਿਆਂ ਨੇ ਪਹਿਲਾ, ਦੂਸਰਾ, ਤੀਸਰਾ ਸਥਾਨ, ਗੁਰਬਾਣੀ ਕੰਠ ਮੁਕਾਬਲੇ ਦੇ ਜੂਨੀਅਰ ਗਰੁੱਪ ਵਿਚ ਗੁਰਲੀਨ ਕੌਰ ਪਹਿਲਾ, ਸ਼ਬਨਾਜ ਕੌਰ ਦੂਸਰਾ ਰੈਡੀਅਨਸ਼ ਸਕੂਲ ਪਹੂਵਿੰਡ, ਰਨਦੀਪ ਸਿੰਘ ਸ਼ਹੀਦ ਭਗਤ ਸਿੰਘ ਸਕੂਲ ਨੇ ਤੀਸਰਾ ਅਤੇ ਸੀਨੀਅਰ ਗਰੁੱਪ ਵਿਚ ਵਿਸ਼ਾਲਪ੍ਰੀਤ ਸਿੰਘ ਨੇ ਪਹਿਲਾ, ਗੁਰਨੂਰ ਕੌਰ ਜਪਜੀਤ ਕੌਰ ਆਈਟੀਆਈ ਸਕੂਲ ਨੇ ਲਗਾਤਾਰ ਦੂਸਰਾ ਅਤੇ ਤੀਸਰਾ ਸਥਾਨ ਹਾਸਲ ਕੀਤਾ।
ਇਸੇ ਤਰ੍ਹਾਂ ਕਵੀਸ਼ਰੀ ਮੁਕਾਬਲੇ ਦੇ ਜੂਨੀਅਰ ਅਤੇ ਸੀਨੀਅਰ ਗਰੁੱਪ ਵਿਚ ਪਹਿਲਾ ਸਥਾਨ ਆਈਟੀਆਈ ਸਕੂਲ ਭਗਵਾਨਪੁਰਾ ਅਤੇ ਦੂਸਰਾ ਸਥਾਨ ਸ਼ਹੀਦ ਭਗਤ ਸਿੰਘ ਸਕੂਲ ਨੇ ਪ੍ਰਾਪਤ ਕਰਕੇ ਅਧਿਆਪਕ ਮਾਪੇ ਅਤੇ ਇਲਾਕੇ ਦਾ ਨਾਮ ਰੋਸ਼ਨ ਕੀਤਾ। ਇਨ੍ਹਾਂ ਸਾਰੇ ਜੇਤੂ ਬੱਚਿਆਂ ਨੂੰ ਸ਼ੀਲਡਾਂ ਅਤੇ ਧਾਰਮਿਕ ਸਾਹਿਤ ਦੇ ਕੇ ਸਨਮਾਨਿਤ ਕੀਤਾ ਗਿਆ। ਬਾਕੀ ਸਭਨਾਂ ਨੂੰ ਮੈਡਲ ਦੇ ਕੇ ਹੌਸਲਾ ਅਫ਼ਜਾਈ ਕੀਤੀ ਗਈ।
ਸੁਸਾਇਟੀ ਵੱਲੋਂ ਉਚੇਚੇ ਤੌਰ ’ਤੇ ਮੀਤ ਪ੍ਰਧਾਨ ਭਾਈ ਹੀਰਾ ਸਿੰਘ ਸੋਹਲ, ਮੁੱਖ ਬੁਲਾਰੇ ਭਾਈ ਸੁਖਵਿੰਦਰ ਸਿੰਘ ਖਾਲੜਾ, ਖ਼ਜ਼ਾਨਚੀ ਭਾਈ ਗੁਰਜੰਟ ਸਿੰਘ ਭਿੱਖੀਵਿੰਡ, ਪ੍ਰੋਗਰਾਮ ਕੋਆਰਡੀਨੇਟਰ ਹਰਜੀਤ ਸਿੰਘ ਲਹਿਰੀ, ਭਾਈ ਮਨਦੀਪ ਸਿੰਘ ਘੋਲੀਆਂ ਕਲਾਂ ਅਤੇ ਸਿੱਖ ਪ੍ਰਚਾਰਕ ਭਾਈ ਜਗਜੀਤ ਸਿੰਘ ਅਹਿਮਦਪੁਰ ਵੱਲੋਂ ਸ਼ਿਰਕਤ ਕੀਤੀ ਗਈ। ਉਨ੍ਹਾਂ ਨੇ ਬੱਚਿਆਂ ਨਾਲ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਜਿਸ ਸਮੇਂ ਜ਼ਿੰਦਗੀ ਦੇ ਕੁਰਾਹੇ ਪੈਣ ਦਾ ਜ਼ਿਆਦਾ ਡਰ ਹੁੰਦਾ ਹੈ, ਉਸ ਸਮੇਂ ਵਿਚ ਭਾਈ ਤਾਰੂ ਸਿੰਘ ਜੀ ਵੱਲੋਂ ਆਪਣਾ ਖੋਪੜ ਕੇਸਾਂ ਸਮੇਤ ਲੁਹਾ ਕੇ ਅਨੋਖੀ ਮਿਸਾਲ ਪੈਦਾ ਕੀਤੀ ਗਈ।
ਉਨ੍ਹਾਂ ਨੇ ਦੁਨੀਆਂ ਨੂੰ ਇਹ ਦਰਸਾਉਣ ਦਾ ਯਤਨ ਕੀਤਾ ਕਿ ਤੁਹਾਡੇ ਕੋਲ ਜ਼ਿੰਦਗੀ ਜਿਉਣ ਦੇ ਕਿਤਨੇ ਵੀ ਮੌਕੇ ਹੋਣ, ਪਰ ਉਹ ਗੁਰੂ ਦੀ ਬਖਸ਼ੀ ਹੋਈ ਸਰਦਾਰੀ ਤੋਂ ਵੱਧ ਨਹੀਂ ਹੋ ਸਕਦੇ। ਇਸ ਕਰਕੇ ਇਹ ਸਾਡੇ ਹੱਥ ਵਿਚ ਹੈ ਕਿ ਅਸੀਂ ਗੁਰੂ ਵੱਲ ਪਿੱਠ ਕਰਕੇ ਜਿਉਣਾ ਹੈ ਜਾਂ ਗੁਰੂ ਵੱਲ ਮੁੱਖ ਕਰਕੇ। ਇਸ ਮੌਕੇ ਆਈਟੀਆਈ ਕਾਲਜ ਭਗਵਾਨਪੁਰਾ ਦੇ ਡਾਇਰੈਕਟਰ ਭਾਈ ਇੰਦਰਜੀਤ ਸਿੰਘ ਬਾਗਾਂ ਵਾਲੇ, ਬਾਬਾ ਹਰਮੋਹਿੰਦਰ ਸਿੰਘ, ਬੀਬੀ ਕੌਲਾਂ ਭਲਾਈ ਕੇਂਦਰ, ਗੁਰਦੁਆਰਾ ਸਾਹਿਬ ਦੇ ਮੈਨੇਜਰ ਭਾਈ ਜਗੀਰ ਸਿੰਘ, ਰਿਸੀਵਰ ਭਾਈ ਜਸਪਾਲ ਸਿੰਘ ਅਤੇ ਗੁਰਦੁਆਰਾ ਸਾਹਿਬ ਦੇ ਹੈੱਡ ਗ੍ਰੰਥੀ ਭਾਈ ਮਨਦੀਪ ਸਿੰਘ ਨੇ ਸੁਸਾਇਟੀ ਵੱਲੋਂ ਕੀਤੇ ਜਾ ਰਹੇ ਕਾਰਜਾਂ ਦੀ ਸ਼ਲਾਘਾ ਕਰਦਿਆਂ ਸਮੁੱਚੀ ਟੀਮ ਨੂੰ ਗੁਰੂ ਦੀ ਬਖਸ਼ਿਸ਼ ਸਿਰੋਪਾਓ ਨਾਲ ਸਨਮਾਨਿਤ ਕੀਤਾ ਅਤੇ ਨਾਲ ਹੀ ਗੁਰਦੁਆਰਾ ਸਾਹਿਬ ਵੱਲੋਂ ਇਨਾਮਾਂ ਲਈ ਸੱਤ ਹਜ਼ਾਰ ਰੁਪਏ ਦੀ ਰਾਸ਼ੀ ਵੀ ਪ੍ਰਦਾਨ ਕੀਤੀ ਗਈ।
ਗੁਰਬਾਣੀ ਕੰਠ ਮੁਕਾਬਲੇ ਵਿਚ ਜਜਮੈਂਟ ਦੀਆਂ ਸੇਵਾਵਾਂ ਭਾਈ ਭਗਵਾਨ ਸਿੰਘ ਇੰਚਾਰਜ ਸਿੱਖ ਮਿਸ਼ਨਰੀ ਕਾਲਜ ਸਰਕਲ ਭਿੱਖੀਵਿੰਡ, ਭਾਈ ਮਨਦੀਪ ਸਿੰਘ ਹੈੱਡ ਗ੍ਰੰਥੀ, ਗੁਰਦੁਆਰਾ ਭਾਈ ਤਾਰੂ ਸਿੰਘ ਜੀ ਕਵੀਸ਼ਰੀ ਮੁਕਾਬਲੇ ਵਿਚ ਭਾਈ ਸੁਖਵਿੰਦਰ ਸਿੰਘ ਜੀ ਖਾਲੜਾ ਵੱਲੋਂ ਨਿਭਾਈ ਗਈ। ਇਸ ਮੌਕੇ ਵੱਖ-ਵੱਖ ਸਕੂਲਾਂ ਤੋਂ ਬੱਚੇ ਲੈ ਕੇ ਪਹੁੰਚੇ ਅਧਿਆਪਕ ਅਤੇ ਸਹਿਯੋਗੀ ਸੱਜਣਾਂ ਦਾ ਸਨਮਾਨ ਕੀਤਾ ਗਿਆ।
ਸੁਸਾਇਟੀ ਦੇ ਕਨਵੀਨਰ ਭਾਈ ਸੰਦੀਪ ਸਿੰਘ ਖਾਲੜਾ, ਸਕੱਤਰ ਭਾਈ ਨਿਰਮਲ ਸਿੰਘ ਸੁਰ ਸਿੰਘ, ਮੀਤ ਸਕੱਤਰ ਭਾਈ ਹਰਚਰਨ ਸਿੰਘ ਉਬੋਕੇ, ਦਸਤਾਰ ਕੋਆਰਡੀਨੇਟਰ ਹਰਪ੍ਰੀਤ ਸਿੰਘ ਵੱਲੋਂ ਅੱਜ ਦੇ ਪ੍ਰੋਗਰਾਮ ਨੂੰ ਸਫ਼ਲ ਬਣਾਉਣ ਵਿਚ ਸਹਿਯੋਗ ਕਰਨ ਵਾਲੀਆਂ ਤਮਾਮ ਸ਼ਖਸ਼ੀਅਤਾਂ, ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਇਲਾਕਾ ਨਿਵਾਸੀ ਸੰਗਤਾਂ ਦਾ ਧੰਨਵਾਦ ਕੀਤਾ ਗਿਆ। ਉਨ੍ਹਾਂ ਵੱਲੋਂ ਭਰੋਸਾ ਦਿਵਾਇਆ ਗਿਆ ਕਿ ਅਸੀਂ ਹਮੇਸ਼ਾ ਹੀ ਆਪ ਜੀ ਦੇ ਰਿਣੀ ਰਹਾਂਗੇ, ਜੋ ਸੁਸਾਇਟੀ ਨੂੰ ਉਚ ਬੁਲੰਦੀਆਂ ’ਤੇ ਪਹੁੰਚਾਉਣ ਵਿਚ ਆਪਣਾ ਸਹਿਯੋਗ ਕਰ ਰਹੇ ਹੋ।
ਇਸ ਮੌਕੇ ਪ੍ਰੈਸ ਸਕੱਤਰ ਅਜੀਤ ਸਿੰਘ ਘਰਿਆਲਾ, ਗੁਰਪ੍ਰੀਤ ਸਿੰਘ ਸੈਡੀ, ਵਜ਼ੀਰ ਸਿੰਘ ਹਾਸਲ, ਦਿਲਬਾਗ ਸਿੰਘ ਡੱਲ, ਗੁਰਮੀਤ ਸਿੰਘ ਮਾਲੂਵਾਲ, ਆਕਾਸ਼ਦੀਪ ਸਿੰਘ ਪੱਟੀ, ਬਖਸ਼ਿੰਦਰ ਸਿੰਘ, ਕਮਲਜੀਤ ਕੌਰ ਅਤੇ ਇਲਾਕੇ ਦੀਆਂ ਬੇਅੰਤ ਸੰਗਤਾਂ ਹਾਜਰ ਸਨ। ਅਖੀਰ ਸੰਗਤਾਂ ਨੇ ਚਾਹ, ਪਾਣੀ ਅਤੇ ਗੁਰੂ ਕੇ ਲੰਗਰ ਦਾ ਆਨੰਦ ਮਾਣਿਆ।