- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮਾਵਾਂ-ਧੀਆਂ ਸਤਿਕਾਰ ਯੋਜਨਾ ਦੇ ਦਸਤਾਵੇਜਾਂ ਲਈ ਪਿੰਡ ਸ਼ਾਹਬਾਜਪੁਰ ਦੇ ਸੇਵਾ ਕੇਂਦਰ ’ਚ ਹੰਗਾਮਾ

ਮਦਨ ਲਾਲ•, ਪੰਜਾਬੀ ਜਾਗਰਣ, ਸ਼ਾਹਬਾਜਪੁਰ
ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਮਾਵਾਂ-ਧੀਆਂ ਸਤਿਕਾਰ ਯੋਜਨਾ ਦੇ ਫਾਰਮ ਭਰਨ ਲਈ ਲੋੜੀਂਦੇ ਦਸਤਾਵੇਜ਼ਾਂ ’ਚ ਸ਼ਾਮਲ ਅਧਾਰ ਕਾਰਡ ਅਤੇ ਐੱਸਸੀ ਸਰਟੀਫਿਕੇਟ ਹਾਸਲ ਕਰਨ ਲਈ ਇਨ੍ਹੀਂ ਦਿਨੀਂ ਸੇਵਾ ਕੇਂਦਰਾਂ ਵਿਚ ਵੱਡੀ ਗਿਣਤੀ ਲੋਕ ਪਹੁੰਚ ਰਹੇ ਹਨ। ਇਸ ਦੌਰਾਨ ਪਿੰਡ ਸ਼ਾਹਬਾਜਪੁਰ ਦੇ ਸੇਵਾ ਕੇਂਦਰ ਵਿਚ ਭਾਰੀ ਭੀੜ ਕਾਰਨ ਹੰਗਾਮੇ ਵਾਲੇ ਹਾਲਾਤ ਬਣ ਗਏ। ਲੋਕਾਂ ਦਾ ਦੋਸ਼ ਹੈ ਕਿ ਸਟਾਫ਼ ਦੀ ਘਾਟ ਕਾਰਨ ਉਨ੍ਹਾਂ ਨੂੰ ਘੰਟਿਆਂ ਬੱਧੀ ਕਤਾਰਾਂ ਵਿਚ ਖੜ੍ਹਾ ਰਹਿਣਾ ਪੈ ਰਿਹਾ ਹੈ ਅਤੇ ਕਈ ਵਾਰ ਆਪਸ ’ਚ ਤਕਰਾਰ ਅਤੇ ਇਥੋਂ ਤਕ ਕਿ ਹੱਥੋਪਾਈ ਦੀ ਨੌਬਤ ਦੇ ਮਾਮਲੇ ਵੀ ਸਾਹਮਣੇ ਆ ਰਹੇ ਹਨ।
ਜਾਣਕਾਰੀ ਅਨੁਸਾਰ ਯੋਜਨਾ ਦਾ ਲਾਭ ਲੈਣ ਲਈ ਔਰਤਾਂ ਵੱਡੀ ਗਿਣਤੀ ਵਿਚ ਆਧਾਰ ਕਾਰਡ ਅਪਡੇਟ ਕਰਵਾਉਣ ਅਤੇ ਐੱਸਸੀ ਸਰਟੀਫਿਕੇਟ ਬਣਵਾਉਣ ਲਈ ਸਵੇਰ ਤੋਂ ਹੀ ਸੇਵਾ ਕੇਂਦਰਾਂ ਵਿਚ ਪਹੁੰਚ ਰਹੀਆਂ ਹਨ। ਪਰ ਸੇਵਾ ਕੇਂਦਰ ਵਿਚ ਕਰਮਚਾਰੀਆਂ ਦੀ ਗਿਣਤੀ ਘੱਟ ਹੋਣ ਕਾਰਨ ਕੰਮ ਦੀ ਰਫ਼ਤਾਰ ਹੌਲੀ ਹੈ, ਜਿਸ ਕਾਰਨ ਲੋਕਾਂ ਨੂੰ ਲੰਮਾ ਇੰਤਜ਼ਾਰ ਕਰਨਾ ਪੈ ਰਿਹਾ ਹੈ। ਭਾਰੀ ਭੀੜ ਅਤੇ ਉਡੀਕ ਕਾਰਨ ਕਈ ਵਾਰ ਵਾਰੀ ਨੂੰ ਲੈ ਕੇ ਲੋਕਾਂ ਵਿਚ ਤਕਰਾਰ ਵੀ ਹੋ ਰਹੀ ਹੈ। ਸੇਵਾ ਕੇਂਦਰ ਵਿਚ ਪੁੱਜੇ ਵੱਡੀ ਗਿਣਤੀ ਲੋਕਾਂ ਨੇ ਇਹ ਵੀ ਦੋਸ਼ ਲਗਾਇਆ ਕਿ ਸੇਵਾ ਕੇਂਦਰ ਦੇ ਬਾਹਰ ਬੈਠੇ ਕੁਝ ਨਿੱਜੀ ਕੰਪਿਊਟਰ ਕੈਫੇ ਅਤੇ ਦੁਕਾਨਦਾਰ, ਲੋਕਾਂ ਦੀ ਮਜਬੂਰੀ ਦਾ ਫਾਇਦਾ ਉਠਾ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਜਿਸ ਕੰਮ ਲਈ ਸਰਕਾਰੀ ਫੀਸ ਲਗਭਗ 100 ਰੁਪਏ ਹੈ, ਉਸੇ ਕੰਮ ਲਈ ਕੁਝ ਕੈਫੇ ਸੰਚਾਲਕ 300 ਰੁਪਏ ਤਕ ਵਸੂਲ ਰਹੇ ਹਨ। ਇਸ ਕਾਰਨ ਆਰਥਿਕ ਤੌਰ ’ਤੇ ਕਮਜ਼ੋਰ ਪਰਿਵਾਰਾਂ ਨੂੰ ਵਾਧੂ ਬੋਝ ਝੱਲਣਾ ਪੈ ਰਿਹਾ ਹੈ।
ਸਥਾਨਕ ਲੋਕਾਂ ਨੇ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਸੇਵਾ ਕੇਂਦਰਾਂ ਵਿਚ ਤੁਰੰਤ ਵਾਧੂ ਸਟਾਫ਼ ਅਤੇ ਕਾਊਂਟਰ ਮੁਹੱਈਆ ਕਰਵਾਏ ਜਾਣ, ਤਾਂ ਜੋ ਲੋਕਾਂ ਨੂੰ ਅੱਤ ਦੀ ਗਰਮੀ ਦੌਰਾਨ ਲੰਬੀਆਂ ਕਤਾਰਾਂ ਵਿਚ ਖੜ੍ਹਾ ਨਾ ਰਹਿਣਾ ਪਵੇ। ਉਨ੍ਹਾਂ ਇਹ ਵੀ ਮੰਗ ਕੀਤੀ ਕਿ ਪਿੰਡ ਪੱਧਰ ’ਤੇ ਵਿਸ਼ੇਸ਼ ਕੈਂਪ ਲਗਾ ਕੇ ਫਾਰਮ ਭਰਨ ਦੀ ਪ੍ਰਕਿਰਿਆ ਨੂੰ ਆਸਾਨ ਬਣਾਇਆ ਜਾਵੇ ਅਤੇ ਨਿੱਜੀ ਕੈਫੇ ਵੱਲੋਂ ਵਸੂਲੇ ਜਾ ਰਹੇ ਵਾਧੂ ਖਰਚਿਆਂ ’ਤੇ ਵੀ ਨਜ਼ਰ ਰੱਖੀ ਜਾਵੇ।
------
ਸਾਫਟਵੇਅਰ ਨੂੰ ਕੀਤਾ ਜਾ ਰਿਹਾ ਅਪਡੇਟ : ਐੱਸਡੀਐੱਮ
ਇਸ ਸਬੰਧੀ ਜਦੋਂ ਤਰਨਤਾਰਨ ਦੇ ਐੱਸਡੀਐੱਮ ਡਾ. ਕਰਨਵੀਰ ਸਿੰਘ ਨਾਲ ਰਾਬਤਾ ਕੀਤਾ ਤਾਂ ਉਨ੍ਹਾਂ ਨੇ ਕਿਹਾ ਕਿ ਸਕੀਮ ਦੇ ਸ਼ੁਰੂ ਹੋਣ ਕਰਕੇ ਐੱਸਸੀ ਸਰਟੀਫਿਕੇਟ ਤੇ ਅਧਾਰ ਕਾਰਡ ਅਪਡੇਟ ਕਰਵਾਉਣ ਵਾਲਿਆਂ ਦੀ ਗਿਣਤੀ ਸੇਵਾ ਕੇਂਦਰਾਂ ’ਤੇ ਵਧ ਗਈ ਹੈ। ਜਦੋਂਕਿ ਸੇਵਾ ਕੇਂਦਰ ਦੇ ਸਾਫਟਵੇਅਰ ਨੂੰ ਇਸ ਵੇਲੇ ਅਪਡੇਟ ਵੀ ਕੀਤਾ ਜਾ ਰਿਹਾ ਹੈ। ਜਿਸ ਕਰਕੇ ਕੁਝ ਕੰਮ ਪ੍ਰਭਾਵਿਤ ਹੋ ਰਿਹਾ ਹੈ। ਪਰ ਇਕ ਦੋ ਦਿਨਾਂ ਵਿਚ ਸਾਰੇ ਕੰਮ ਨੂੰ ਦਰੁਸਤ ਕਰ ਲਿਆ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਲੋਕਾਂ ਨਾਲ ਕਿਸੇ ਵੀ ਤਰ੍ਹਾਂ ਦੀ ਕਾਲਾਬਾਜ਼ਾਰੀ ਨਹੀਂ ਹੋਣ ਦਿੱਤੀ ਜਾਵੇਗੀ।