ਬੱਸ ਸਟੈਂਡ ਪੱਟੀ ’ਚ ਪਿਛਲੇ 20 ਦਿਨਾਂ ਤੋਂ ਪੱਖੇ ਬੰਦ, ਗਰਮੀ ਨਾਲ ਸਵਾਰੀਆਂ ਪਰੇਸ਼ਾਨ ਬੱਸ ਸਟੈਂਡ ਪੱਟੀ ’ਚ ਪਿਛਲੇ 20 ਦਿਨਾਂ ਤੋਂ ਪੱਖੇ ਬੰਦ, ਗਰਮੀ ਨਾਲ ਸਵਾਰੀਆਂ ਪ੍ਰੇਸ਼ਾਨ
Publish Date: Fri, 03 Jul 2026 05:23 PM (IST)
Updated Date: Sat, 04 Jul 2026 04:03 AM (IST)
ਬੱਲੂ ਮਹਿਤਾ•, ਪੰਜਾਬੀ ਜਾਗਰਣ, ਪੱਟੀ : ਸ਼ਹਿਰ ਦੇ ਮੁੱਖ ਸ਼ਹੀਦ ਸੋਹਲ ਲਾਲ ਪਾਠਕ ਬੱਸ ਸਟੈਂਡ ਪੱਟੀ ਵਿਖੇ ਪਿਛਲੇ ਕਰੀਬ 20 ਦਿਨਾਂ ਤੋਂ ਉਡੀਕ ਘਰ ਵਿਚ ਲੱਗੇ ਪੱਖੇ ਬੰਦ ਪਏ ਹੋਣ ਕਾਰਨ ਸਵਾਰੀਆਂ ਨੂੰ ਭਾਰੀ ਗਰਮੀ ਵਿਚ ਬੈਠਣ ਲਈ ਮਜਬੂਰ ਹੋਣਾ ਪੈ ਰਿਹਾ ਹੈ। ਯਾਤਰੀਆਂ ਅਤੇ ਵੱਖ-ਵੱਖ ਟਰਾਂਸਪੋਰਟ ਯੂਨੀਅਨਾਂ ਨੇ ਇਸ ਸਬੰਧੀ ਸਬੰਧਤ ਵਿਭਾਗਾਂ ਦੀ ਕਾਰਗੁਜ਼ਾਰੀ ’ਤੇ ਸਵਾਲ ਖੜ੍ਹੇ ਕਰਦਿਆਂ ਜਲਦ ਸਮੱਸਿਆ ਦਾ ਹੱਲ ਕਰਨ ਦੀ ਮੰਗ ਕੀਤੀ ਹੈ। ਰਿਕਸ਼ਾ ਯੂਨੀਅਨ ਪੱਟੀ, ਪੰਜਾਬ ਰੋਡਵੇਜ਼ ਦੇ ਕਰਮਚਾਰੀਆਂ ਅਤੇ ਮਿੰਨੀ ਬੱਸ ਆਪਰੇਟਰ ਯੂਨੀਅਨ ਦੇ ਮੈਂਬਰਾਂ ਨੇ ਦੱਸਿਆ ਕਿ ਗਰਮੀ ਦੇ ਮੌਸਮ ਦੌਰਾਨ ਹਰ ਰੋਜ਼ ਸੈਂਕੜੇ ਸਵਾਰੀਆਂ ਬੱਸ ਸਟੈਂਡ ’ਤੇ ਬੱਸਾਂ ਦੀ ਉਡੀਕ ਕਰਦੀਆਂ ਹਨ। ਉਨ੍ਹਾਂ ਕਿਹਾ ਕਿ ਪੱਖੇ ਖ਼ਰਾਬ ਹੋਣ ਕਾਰਨ ਸਬੰਧਤ ਅਧਿਕਾਰੀਆਂ ਵੱਲੋਂ ਉਨ੍ਹਾਂ ਨੂੰ ਠੀਕ ਕਰਨ ਲਈ ਉਤਾਰ ਤਾਂ ਲਿਆ ਗਿਆ ਸੀ, ਪਰ ਤਿੰਨ ਹਫ਼ਤੇ ਬੀਤ ਜਾਣ ਦੇ ਬਾਵਜੂਦ ਅਜੇ ਤਕ ਪੱਖੇ ਮੁੜ ਨਹੀਂ ਲਗਾਏ ਗਏ। ਯੂਨੀਅਨ ਮੈਂਬਰਾਂ ਨੇ ਦੱਸਿਆ ਕਿ ਤਾਪਮਾਨ ਲਗਾਤਾਰ ਵੱਧ ਰਿਹਾ ਹੈ ਅਤੇ ਬਜ਼ੁਰਗ, ਔਰਤਾਂ ਅਤੇ ਬੱਚਿਆਂ ਨੂੰ ਸਭ ਤੋਂ ਵੱਧ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਬੱਸ ਸਟੈਂਡ ਵਰਗੀਆਂ ਜਨਤਕ ਥਾਵਾਂ ’ਤੇ ਬੁਨਿਆਦੀ ਸਹੂਲਤਾਂ ਦਾ ਉਪਲੱਬਧ ਹੋਣਾ ਬਹੁਤ ਜ਼ਰੂਰੀ ਹੈ, ਪਰ ਇਥੇ ਪੱਖਿਆਂ ਦੀ ਮੁਰੰਮਤ ਦਾ ਕੰਮ ਬੇਹੱਦ ਸੁਸਤੀ ਨਾਲ ਚੱਲ ਰਿਹਾ ਹੈ। ਇਸ ਤੋਂ ਇਲਾਵਾ ਯੂਨੀਅਨ ਮੈਂਬਰਾਂ ਨੇ ਬੱਸ ਸਟੈਂਡ ਅੰਦਰ ਵੱਧ ਰਹੀਆਂ ਨਸ਼ੇ ਦੀਆਂ ਗਤੀਵਿਧੀਆਂ ’ਤੇ ਵੀ ਚਿੰਤਾ ਪ੍ਰਗਟ ਕੀਤੀ। ਉਨ੍ਹਾਂ ਦੱਸਿਆ ਕਿ ਕੁਝ ਨਸ਼ੇੜੀ ਆਪਣੇ ਮੋਟਰਸਾਈਕਲ ਬੱਸ ਸਟੈਂਡ ਦੇ ਅੰਦਰ ਖੜ੍ਹੇ ਕਰਕੇ ਬਾਥਰੂਮਾਂ ਵਿਚ ਜਾ ਕੇ ਨਸ਼ੇ ਦੇ ਟੀਕੇ ਲਗਾਉਂਦੇ ਹਨ। ਜਦੋਂ ਯੂਨੀਅਨ ਮੈਂਬਰ ਜਾਂ ਹੋਰ ਲੋਕ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕਰਦੇ ਹਨ, ਤਾਂ ਉਹ ਝਗੜੇ ’ਤੇ ਉਤਰ ਆਉਂਦੇ ਹਨ ਅਤੇ ਮਾਹੌਲ ਖਰਾਬ ਕਰਦੇ ਹਨ। ਉਨ੍ਹਾਂ ਮੰਗ ਕੀਤੀ ਕਿ ਖਰਾਬ ਪੱਖਿਆਂ ਨੂੰ ਤੁਰੰਤ ਠੀਕ ਕਰਕੇ ਮੁੜ ਲਗਾਇਆ ਜਾਵੇ। ਇਸ ਸਬੰਧੀ ਨਗਰ ਕੌਂਸਲ ਦੇ ਕਾਰਜ ਸਾਧਕ ਅਫ਼ਸਰ ਧਰਮਪਾਲ ਸਿੰਘ ਦਾ ਕਹਿਣਾ ਹੈ ਕਿ ਅੱਜ ਹੀ ਇਸ ਬਾਰੇ ਜਾਣਕਾਰੀ ਲੈ ਕੇ ਬੱਸ ਅੱਡੇ ਵਿਚ ਪੱਖੇ ਲਗਾਏ ਜਾਣਗੇ। ਲੋਕਾਂ ਨੂੰ ਕਿਸੇ ਤਰ੍ਹਾਂ ਦੀ ਮੁਸ਼ਕਿਲ ਨਹੀਂ ਆਉਣ ਦਿੱਤੀ ਜਾਵੇਗੀ ਅਤੇ ਬਾਥਰੂਮਾਂ ’ਅੰਦਰ ਨਸ਼ੇੜੀਆਂ ਨੂੰ ਜਾਣ ਤੋਂ ਰੋਕਿਆ ਜਾਵੇਗਾ। ਕੈਪਸ਼ਨ - ਬੱਸ ਸਟੈਂਡ ਪੱਟੀ ਵਿਖੇ ਛੱਤਾਂ ਤੋਂ ਲਾਏ ਪੱਖੇ। ਕੈਪਸ਼ਨ - ਸਮੱਸਿਆ ਸਬੰਧੀ ਜਾਣਕਾਰੀ ਦਿੰਦੇ ਹੋਏ ਯੂਨੀਅਨ ਮੈਂਬਰ।