- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਤਰਨਤਰਨ ਦੇ ਜੰਡਿਆਲਾ ਰੋਡ ਦਾ ਰੇਲਵੇ ਫਾਟਕ ਬਣਿਆ ਰਾਹਗੀਰਾਂ ਲਈ ਵੱਡੀ ਮੁਸੀਬਤ

ਸਟਾਫ ਰਿਪੋਰਟਰ•, ਪੰਜਾਬੀ ਜਾਗਰਣ, ਤਰਨਤਾਰਨ :ਤਰਨਤਾਰਨ ਸ਼ਹਿਰ ਦੇ ਮੁੱਖ ਮਾਰਗ ਵਜੋਂ ਜਾਣੇ ਜਾਂਦੇ ਜੰਡਿਆਲਾ ਰੋਡ ’ਤੇ ਸਥਿਤ ਬਣਿਆ ਰੇਲਵੇ ਫਾਟਕ ਇਥੋਂ ਲੰਘਣ ਵਾਲੇ ਲੋਕਾਂ ਦੀ ਵੱਡੀ ਸਿਰਦਰਦੀ ਬਣਿਆ ਹੋਇਆ ਹੈ। ਵੱਖ ਵੱਖ ਸਰਕਾਰਾਂ ਸਮੇਂ ਇਥੇ ਫਲਾਈ ਓਵਰ ਬਣਾਉਣ ਦੇ ਵਾਅਦੇ ਵੀ ਲੋਕਾਂ ਨਾਲ ਹੁੰਦੇ ਰਹੇ, ਪਰ ਅਜੇ ਤਕ ਲੋਕਾਂ ਨੂੰ ਅਜਿਹੀ ਕੋਈ ਰਾਹਤ ਨਸੀਬ ਨਾ ਹੋ ਸਕੀ। ਜਿਸਦੇ ਚੱਲਦਿਆਂ ਅੰਮ੍ਰਿਤਸਰ-ਖੇਮਕਰਨ ਰੇਲਵੇ ਮਾਰਗ ’ਤੇ ਬਣੇ ਇਸ ਲਾਂਘੇ ’ਤੇ ਦਿਨ ਵਿਚ ਕਈ ਵਾਰ ਫਾਟ ਬੰਦ ਹੋਣ ਕਾਰਨ ਵੱਡੇ ਜਾਮ ਲੱਗ ਜਾਂਦੇ ਹਨ।
ਤਰਨਤਾਰਨ ਦੇ ਬੋਹੜੀ ਵਾਲਾ ਚੌਕ ਤੋਂ ਜੰਡਿਆਲਾ ਰੋਡ ਮਾਰਗ ਸ਼ਹਿਰ ਦਾ ਸਭ ਤੋਂ ਵਿਅਸਤ ਰਹਿਣ ਵਾਲਾ ਲਾਂਘਾ ਹੈ। ਜਿਥੋਂ ਹਰ ਰੋਜ ਹਜ਼ਾਰਾਂ ਵਾਹਨ ਨਿਕਲਦੇ ਹਨ। ਸ਼ਹਿਰ ਦੇ ਬੱਸ ਅੱਡੇ ਤੇ ਅਨਾਜ ਮੰਡੀ ਤੋਂ ਇਲਾਵਾ ਮਾਰਕੀਟ ਕਮੇਟੀ ਦਫਤਰ, ਆਰਟੀਏ ਦਫਤਰ, ਪੰਜਾਬ ਰੋਡਵੇਜ਼ ਵਰਕਸ਼ਾਪ ਸਮੇਤ ਫੋਕਲ ਪਵਾਇੰਟ ਆਦਿ ਵਰਗੇ ਮਹੱਤਵਪੂਰਨ ਅਦਾਰਿਆਂ ਦੇ ਨਾਲ ਨਾਲ ਇਸ ਮਾਰਗ ਉੱਪਰ ਸੀਕੇਡੀ ਦਾ ਵੱਡਾ ਸਕੂਲ, ਕਾਲਜ, ਬੈਂਕਾਂ ਅਤੇ ਕਈ ਹਸਪਤਾਲ ਵੀ ਮੌਜੂਦ ਹਨ। ਇੰਨਾ ਹੀ ਨਹੀਂ ਫਾਟਕ ਦੇ ਪਾਰ ਨਵੀਆਂ ਵੱਸੀਆਂ ਕਲੋਨੀਆਂ ਵਿਚ ਹਜਾਰਾਂ ਦੀ ਅਬਾਦੀ ਵੀ ਹੈ, ਜਿਨ੍ਹਾਂ ਨੂੰ ਸ਼ਹਿਰ ’ਚ ਖਰੀਦਦਾਰੀ ਜਾਂ ਹੋਰ ਜਰੂਰੀ ਕੰਮਾਂ ਲਈ ਆਉਣਾ ਪੈਂਦਾ ਹੈ। ਜਾਂ ਫਿਰ ਉਨ੍ਹਾਂ ਦੇ ਬੱਚੇ ਇਸ ਫਾਟਕ ਨੂੰ ਪਾਰ ਕਰਕੇ ਸ਼ਹਿਰ ਵਿਚਲੇ ਸਕੂਲਾਂ ਵਿਚ ਪੜ੍ਹਨ ਆਉਂਦੇ ਹਨ। ਕਈਆਂ ਸਰਕਾਰੀ ਕੰਮਾਂ, ਪ੍ਰਾਈਵੇਟ ਕਾਰੋਬਾਰਾਂ ’ਤੇ ਵੀ ਇਸੇ ਰੇਲਵੇ ਫਾਟਕ ਨੂੰ ਪਾਰ ਕਰਕੇ ਆਉਣਾ ਪੈਂਦਾ ਹੈ। ਇਸੇ ਤਰ੍ਹਾਂ ਹੀ ਸ਼ਹਿਰ ਤੋਂ ਬੱਸ ਅੱਡੇ ਦੇ ਨਾਲ ਨਾਲ ਜਲੰਧਰ ਆਦਿ ਸਮੇਤ ਕਈ ਸ਼ਹਿਰਾਂ ਤੱਕ ਪਹੁੰਚ ਕਰਨ ਲਈ ਇਸੇ ਰਾਹ ਨੂੰ ਪਾਰ ਕਰਨਾ ਪੈਂਦਾ ਹੈ, ਜੋ ਕਿਸੇ ਵੱਡੇ ਪਹਾੜ ਤੋਂ ਲੰਘਣ ਦੇ ਘੱਟ ਸਾਬਤ ਨਹੀਂ ਹੁੰਦਾ। ਅਕਾਲੀ ਦਲ ਦੇ ਸਰਕਾਰ ਸਮੇਂ ਜਿਥੇ ਰੇਲਵੇ ਫਾਟਕ ’ਤੇ ਓਵਰ ਬ੍ਰਿੱਜ ਬਣਾਉਣ ਦੀ ਮੰਗ ਉੱਠਦੀ ਰਹੀ ਹੈ। ਉਥੇ ਹੀ ਕਾਂਗਰਸ ਸਰਕਾਰ ਵੇਲੇ ਤਾਂ ਬਜਟ ਵਿਚ ਮਨਜੂਰੀ ਮਿਲਣ ਦੀ ਗੱਲ ਵੀ ਉਸ ਵੇਲੇ ਦੇ ਆਗੂਆਂ ਵੱਲੋਂ ਕਹਿ ਕੇ ਵਾਹ ਵਾਹ ਖੱਟੀ ਗਈ। ਪਰ ਅਖੀਰ ਲੋਕਾਂ ਦੇ ਪੱਲੇ ਨਿਰਾਸ਼ਾ ਹੀ ਪਈ। ਸ਼ਹਿਰ ਨੂੰ ਬਾਈਪਾਸ ਨਾਲ ਜੋੜਨ ਵਾਲੀ ਇਸ ਸੜਕ ਦੇ ਇਸ ਰੇਲਵੇ ਫਾਟਕ ਤੋਂ ਅੱਠ ਵਾਰ ਰੇਲ ਗੱਡੀ ਅੰਮ੍ਰਿਤਸਰ ਤੋਂ ਖੇਮਕਰਨ ਆਉਂਦੀ ਜਾਂਦੀ ਹੈ। ਜਿਸ ਕਾਰਨ ਇਹ ਫਾਟਕ ਦਿਨ ’ਚ ਅੱਠ ਵਾਰ ਤਾਂ ਬੰਦ ਹੁੰਦਾ ਹੀ ਹੈ, ਨਾਲ ਹੀ ਸਪੈਸ਼ਲ ਗੱਡੀਆਂ ਲੱਗਣ ਦੌਰਾਨ ਅਨੇਕਾਂ ਵਾਰ ਕਈ ਕਈ ਚਿਰ ਬੰਦ ਰਹਿੰਦਾ ਹੈ। ਜਿਸਦੇ ਚੱਲਦਿਆਂ ਫਾਟਕ ਦੇ ਦੋਵੇਂ ਪਾਸੇ ਕਈ ਕਈ ਸੌ ਮੀਟਰ ਜਾਮ ਲੱਗ ਜਾਂਦੇ ਹਨ। ਜੋ ਫਾਟਕ ਖੁੱਲ੍ਹਣ ਦੇ ਬਾਵਜੂਦ ਲੰਮਾ ਸਮਾਂ ਨਹੀਂ ਖੁੱਲਦੇ। ਰਾਹਗੀਰ ਅਰਵਿੰਦਰ ਸਿੰਘ ਰਵੀ, ਰੁਪਿੰਦਰ ਸਿੰਘ, ਰਣਬੀਰ ਸਿੰਘ ਡਿਪਟੀ, ਤੇਜਿੰਦਰ ਸਿੰਘ, ਬਲਬੀਰ ਸਿੰਘ, ਹਰਭਜਨ ਸਿੰਘ, ਮਲਕੀਤ ਸਿੰਘ ਨੇ ਕਿਹਾ ਕਿ ਜਰੂਰੀ ਕੰਮ ’ਤੇ ਜਾਣ ਦੌਰਾਨ ਜੇਕਰ ਫਾਟਕ ਬੰਦ ਹੋ ਜਾਵੇ ਤਾਂ ਭਾਰੀ ਸਮਾਂ ਬਰਬਾਦ ਹੋ ਜਾਂਦਾ ਹੈ। ਬੱਸ ਅੱਡੇ ਤੋਂ ਆਪਣੀ ਮੰਜਿਲ ਲਈ ਜਾਣ ਵਾਲੀਆਂ ਸਵਾਰੀਆਂ ਨੂੰ ਵੀ ਕਈ ਵਾਰ ਦੇਰੀ ਦਾ ਸਾਹਮਣਾ ਕਰਨਾ ਪੈਂਦਾ ਹੈ।
-----
ਸ਼ਹਿਰ ਦੀਆਂ ਚਾਰ ਪ੍ਰਮੁੱਖ ਸੜਕਾਂ ’ਤੇ ਰੇਲਵੇ ਫਾਟਕ
ਤਰਨਤਾਰਨ ਸ਼ਹਿਰ ਅੰਦਰ ਦਾਖਲ ਹੋਣ ਵਾਲੇ ਚਾਰ ਰਸਤੇ, ਜਿਨ੍ਹਾਂ ਵਿੱਚੋਂ ਤਿੰਨ ਅਜਿਹੇ ਰਸਤੇ ਹਨ, ਜਿਨ੍ਹਾਂ ਦੀ ਵਰਤੋਂ ਸਭ ਤੋਂ ਜ਼ਿਆਦਾ ਹੁੰਦੀ ਹੈ। ਇਨ੍ਹਾਂ ਚਾਰਾਂ ਸੜਕਾਂ ’ਤੇ ਰੇਲਵੇ ਫਾਟਕ ਹੋਣ ਕਾਰਨ ਲੋਕ ਤਰਨਤਾਰਨ ਅੰਦਰ ਦਾਖਲ ਹੋਣ ਤੋਂ ਵੀ ਕੰਨੀ ਕਤਰਾਉਂਦੇ ਹਨ। ਜਿਸ ਕਾਰਨ ਸ਼ਹਿਰ ਦੇ ਕਾਰੋਬਾਰ ਨੂੰ ਵੀ ਨੁਕਸਾਨ ਹੋਣ ਦਾ ਖਦਸ਼ਾ ਦੁਕਾਨਦਾਰਾਂ ਵੱਲੋਂ ਜਿਤਾਇਆ ਜਾਂਦਾ ਹੈ। ਇਹ ਸਾਰੇ ਰੇਲਵੇ ਫਾਟਕ ਇਕ ਹੀ ਰੇਲਵੇ ਲਾਈਨ ’ਤੇ ਹੋਣ ਕਾਰਨ ਦਿਨ ’ਚ ਕਈ ਵਾਰ ਬੰਦ ਹੁੰਦੇ ਹਨ। ਕਈ ਸਮੇਂ ਅਜਿਹੇ ਹਨ, ਜਦੋਂ ਸਕੂਲਾਂ ਵਿਚ ਛੁੱਟੀ ਹੁੰਦੀ ਹੈ ਅਤੇ ਉਸ ਵੇਲੇ ਹਾਲਾਤ ਹੋਰ ਬਦਤਰ ਹੋ ਜਾਂਦੇ ਹਨ। ਇੰਨਾ ਹੀ ਨਹੀਂ ਗਰਮੀਆਂ ਦੇ ਮੌਸਮ ਵਿਚ ਜਦੋਂ ਸਕੂਲੀ ਵਾਹਨ ਫਾਟਕਾਂ ’ਤੇ ਫਸਦੇ ਹਨ ਤਾਂ ਬੱਚੇ ਗਰਮੀ ਨਾ ਬੇਹੋਲ ਹੁੰਦੇ ਦਿਖਾਈ ਦਿੰਦੇ ਹਨ।
----
ਬਰਿੱਜ ਬਣਾਉਣ ਦੀ ਪ੍ਰਕਿਰਿਆ ਜਲਦ ਹੋਵੇਗੀ ਸ਼ੁਰੂ : ਸੰਧੂ
ਆਮ ਆਦਮੀ ਪਾਰਟੀ ਦੇ ਹਲਕਾ ਸੰਗਠਨ ਇੰਚਾਰਜ ਅਤੇ ਨਗਰ ਸੁਧਾਰ ਟਰੱਸਟ ਦੇ ਟਰੱਸਟੀ ਰੁਪਿੰਦਰ ਕੌਰ ਸੰਧੂ ਦਾ ਕਹਿਣਾ ਹੈ ਕਿ ਰੇਲਵੇ ਫਾਟਕ ਦੀ ਸਮੱਸਿਆ ਤੋਂ ਵਿਧਾਇਕ ਹਰਮੀਤ ਸਿੰਘ ਸੰਧੂ ਵੱਲੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਜਾਣੂ ਕਰਵਾਇਆ ਜਾ ਚੁੱਕਾ ਹੈ ਅਤੇ ਇਸ ਰੇਲਵੇ ਲਾਂਘੇ ਉੱਪਰ ਬ੍ਰਿੱਜ ਬਣਾਉਣ ਦੀ ਪ੍ਰਕਿਰਿਆ ਵੀ ਜਲਦ ਸ਼ੁਰੂ ਹੋ ਜਾਵੇਗੀ। ਉਨ੍ਹਾਂ ਨੇ ਕਿਹਾ ਕਿ ਜ਼ਿਮਨੀ ਚੋਣ ਦੌਰਾਨ ਵੀ ਇਹ ਮਾਮਲਾ ਮੁੱਖ ਮੰਤਰੀ ਦੇ ਧਿਆਨ ਵਿਚ ਲਿਆਂਦਾ ਗਿਆ ਸੀ। ਉਨ੍ਹਾਂ ਦੱਸਿਆ ਕਿ ਕੱਕਾ ਕੰਡਿਆਲਾ ਰੇਲਵੇ ਓਵਰ ਬ੍ਰਿਜ ਦੇ ਸ਼ੁਰੂ ਹੋਣ ਤੋਂ ਬਾਅਦ ਇਸ ਫਾਟਕ ਉੱਪਰ ਵੀ ਜਲਦ ਕੰਮ ਸ਼ੁਰੂ ਹੋਣ ਦੀ ਸੰਭਾਵਨਾ ਹੈ।