- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਭਿੱਖੀਵਿੰਡ ’ਚ ਸੱਤ ਰੋਜ਼ਾ ਦਸਤਾਰ-ਦੁਮਾਲਾ ਸਿਖਲਾਈ ਕੈਂਪ ਚੜ੍ਹਦੀਕਲਾ ਨਾਲ ਸੰਪੰਨ

ਸਹਿਯੋਗ ਦੇਣ ਲਈ ਗੁਰਦੁਆਰਾ ਪ੍ਰਬੰਧਕ ਕਮੇਟੀ, ਵਿਧਾਇਕ ਅਤੇ ਸੰਗਤਾਂ ਦਾ ਕੀਤਾ ਧੰਨਵਾਦ
ਰਾਜਨ ਚੋਪੜਾ, •ਪੰਜਾਬੀ ਜਾਗਰਣ,
ਭਿੱਖੀਵਿੰਡ : ਪੰਜਾਬ ਦੀ ਜਵਾਨੀ ਨੂੰ ਸਾਂਭਣ ਅਤੇ ਸੰਵਾਰਨ ਲਈ ਯਤਨਸ਼ੀਲ ਸੰਸਥਾ ਸ਼ਹੀਦ ਭਾਈ ਤਾਰੂ ਸਿੰਘ ਗੁਰਮਤਿ ਪ੍ਰਚਾਰ ਐਂਡ ਵੈਲਫੇਅਰ ਸੁਸਾਇਟੀ ਪੰਜਾਬ ਵੱਲੋਂ 22 ਜੂਨ ਤੋਂ ਗੁਰਦੁਆਰਾ ਸ਼ਹੀਦ ਬਾਬਾ ਦੀਪ ਸਿੰਘ ਜੀ ਭਿੱਖੀਵਿੰਡ ਵਿਖੇ ਲਾਇਆ ਗਿਆ ਸੱਤ ਰੋਜ਼ਾ ਦਸਤਾਰ-ਦੁਮਾਲਾ ਸਿਖਲਾਈ ਕੈਂਪ ਚੜ੍ਹਦੀਕਲਾ ਅਤੇ ਜੈਕਾਰਿਆਂ ਦੀ ਗੂੰਜ ਵਿਚ ਸੰਪੰਨ ਹੋ ਗਿਆ। ਇਹ ਕੈਂਪ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼ਹਿਰ ਨਿਵਾਸੀ ਸੰਗਤਾਂ ਦੇ ਸਹਿਯੋਗ ਨਾਲ ਆਯੋਜਿਤ ਕੀਤਾ ਗਿਆ।
ਸਮਾਪਤੀ ਸਮਾਗਮ ਦੌਰਾਨ ਬੱਚਿਆਂ ਦੇ ਦਸਤਾਰ-ਦੁਮਾਲਾ ਅਤੇ ਸ਼ੁੱਧ ਪੰਜਾਬੀ ਲਿਖਾਈ ਮੁਕਾਬਲੇ ਕਰਵਾਏ ਗਏ, ਜਿਨ੍ਹਾਂ ਵਿਚ ਵੱਡੀ ਗਿਣਤੀ ’ਚ ਬੱਚਿਆਂ ਅਤੇ ਸੰਗਤਾਂ ਨੇ ਸ਼ਮੂਲੀਅਤ ਕੀਤੀ। ਦਸਤਾਰ-ਦੁਮਾਲਾ ਮੁਕਾਬਲੇ ਚਾਰ ਗਰੁੱਪਾਂ ਅਤੇ ਸ਼ੁੱਧ ਪੰਜਾਬੀ ਲਿਖਾਈ ਮੁਕਾਬਲੇ ਦੋ ਗਰੁੱਪਾਂ ਵਿਚ ਕਰਵਾਏ ਗਏ। ਦਸਤਾਰ-ਦੁਮਾਲਾ ਮੁਕਾਬਲੇ ਵਿਚ ਪਹਿਲਾ, ਦੂਜਾ ਅਤੇ ਤੀਜਾ ਸਥਾਨ ਪ੍ਰਾਪਤ ਕਰਨ ਵਾਲੇ ਬੱਚਿਆਂ ਨੂੰ ਸ਼ੀਲਡਾਂ ਅਤੇ ਦਸਤਾਰਾਂ ਨਾਲ ਸਨਮਾਨਿਤ ਕੀਤਾ ਗਿਆ, ਜਦਕਿ ਸ਼ੁੱਧ ਪੰਜਾਬੀ ਲਿਖਾਈ ਮੁਕਾਬਲੇ ਦੇ ਜੇਤੂਆਂ ਨੂੰ ਸ਼ੀਲਡਾਂ ਅਤੇ ਬਾਕੀ ਭਾਗ ਲੈਣ ਵਾਲੇ ਵਿਦਿਆਰਥੀਆਂ ਨੂੰ ਮੈਡਲ ਦੇ ਕੇ ਸਨਮਾਨਿਤ ਕੀਤਾ ਗਿਆ।
ਸਮਾਗਮ ਵਿਚ ਸੁਸਾਇਟੀ ਦੇ ਪ੍ਰਧਾਨ ਭਾਈ ਸੰਤੋਖ ਸਿੰਘ ਪੱਟੀ, ਸਕੱਤਰ ਭਾਈ ਨਿਰਮਲ ਸਿੰਘ ਸੁਰ ਸਿੰਘ, ਮੀਤ ਸਕੱਤਰ ਭਾਈ ਹਰਚਰਨ ਸਿੰਘ ਉਬੋਕੇ, ਖਜ਼ਾਨਚੀ ਭਾਈ ਗੁਰਜੰਟ ਸਿੰਘ ਭਿੱਖੀਵਿੰਡ ਅਤੇ ਸਿੱਖ ਪ੍ਰਚਾਰਕ ਭਾਈ ਜਗਜੀਤ ਸਿੰਘ ਅਹਿਮਦਪੁਰ ਨੇ ਸ਼ਮੂਲੀਅਤ ਕੀਤੀ। ਉਨ੍ਹਾਂ ਬੱਚਿਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਮਾਜ ਵਿੱਚੋਂ ਸਮਾਜਿਕ ਕੁਰੀਤੀਆਂ ਅਤੇ ਪਤਿਤਪੁਣੇ ਨੂੰ ਦੂਰ ਕਰਨ ਅਤੇ ਗੁਰਮਤਿ ਜੀਵਨ ਸ਼ੈਲੀ ਨੂੰ ਪ੍ਰਫੁੱਲਤ ਕਰਨ ਲਈ ਸੁਸਾਇਟੀ ਲੰਬੇ ਸਮੇਂ ਤੋਂ ਯਤਨਸ਼ੀਲ ਹੈ। ਉਨ੍ਹਾਂ ਕਿਹਾ ਕਿ ਜੇਕਰ ਸਮਾਜ ਹੱਕ, ਸੱਚ, ਨਿਆਂ ਅਤੇ ਬਰਾਬਰੀ ਦੇ ਸਿਧਾਂਤਾਂ ’ਤੇ ਚੱਲੇਗਾ, ਤਾਂ ਹਰ ਵਿਅਕਤੀ ਸੁੱਖ ਅਤੇ ਆਨੰਦ ਨਾਲ ਜੀਵਨ ਬਤੀਤ ਕਰ ਸਕੇਗਾ।
ਉਨ੍ਹਾਂ ਸਾਰਿਆਂ ਨੂੰ ਚੰਗੇ ਸਮਾਜ ਦੀ ਸਿਰਜਣਾ ਲਈ ਆਪਣਾ ਯੋਗਦਾਨ ਪਾਉਣ ਦੀ ਅਪੀਲ ਕੀਤੀ। ਦਸਤਾਰ-ਦੁਮਾਲਾ ਮੁਕਾਬਲਿਆਂ ਵਿਚ ਜੱਜਾਂ ਦੀ ਭੂਮਿਕਾ ਸੀਨੀਅਰ ਦਸਤਾਰ ਕੋਚ ਆਕਾਸ਼ਦੀਪ ਸਿੰਘ ਪੱਟੀ, ਹਰਮਨਦੀਪ ਸਿੰਘ, ਹੁਸਨਦੀਪ ਸਿੰਘ, ਸੁਖਮਨਦੀਪ ਸਿੰਘ, ਗਗਨਦੀਪ ਸਿੰਘ ਭਿੱਖੀਵਿੰਡ ਅਤੇ ਰਣਬੀਰ ਸਿੰਘ ਵੀਰਮ ਨੇ ਬਾਖੂਬੀ ਨਿਭਾਈ। ਗੁਰਦੁਆਰਾ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਪ੍ਰਧਾਨ ਭਾਈ ਸੁਖਦੇਵ ਸਿੰਘ, ਮੈਨੇਜਰ ਭਾਈ ਦਲਜਿੰਦਰ ਸਿੰਘ, ਗ੍ਰੰਥੀ ਭਾਈ ਭੋਲਾ ਸਿੰਘ ਅਤੇ ਹੈੱਡ ਗ੍ਰੰਥੀ ਭਾਈ ਮਨਜੀਤ ਸਿੰਘ ਨੇ ਬੱਚਿਆਂ ਲਈ ਸੁਚੱਜੇ ਪ੍ਰਬੰਧ ਕਰਨ ਦੇ ਨਾਲ-ਨਾਲ ਸੁਸਾਇਟੀ ਵੱਲੋਂ ਕੀਤੇ ਜਾ ਰਹੇ ਧਾਰਮਿਕ ਅਤੇ ਸਮਾਜਿਕ ਕਾਰਜਾਂ ਦੀ ਸ਼ਲਾਘਾ ਕੀਤੀ ਅਤੇ ਭਵਿੱਖ ਵਿਚ ਵੀ ਹਰ ਪੱਖੋਂ ਸਹਿਯੋਗ ਦੇਣ ਦਾ ਭਰੋਸਾ ਦਿੱਤਾ।
ਇਸ ਮੌਕੇ ਵਿਧਾਇਕ ਸਰਵਣ ਸਿੰਘ ਧੁੰਨ, ਸਿੰਘ ਜਿਊਲਰਜ਼, ਜੋਗਿੰਦਰ ਸਿੰਘ ਡੱਲ ਵਾਲੇ, ਪਰਮਜੀਤ ਸਿੰਘ, ਵਿਰਦੀ ਏਸੀ ਰਿਪੇਅਰ, ਸਤਵੰਤ ਸਿੰਘ, ਗੁਰਪ੍ਰੀਤ ਸਿੰਘ ਫੌਜੀ, ਗੁਰਜੰਟ ਸਿੰਘ ਕਿਰਪਾਨਾਂ ਵਾਲੇ, ਗੁਰਵਰਿਆਮ ਸਿੰਘ, ਕਵਲਜੀਤ ਸਿੰਘ, ਮਨਜੀਤ ਸਿੰਘ ਕੌਂਸਲਰ, ਭੁੱਲਰ ਫਰਨੀਚਰ ਹਾਊਸ, ਲਾਲੀ ਸਵੀਟਸ ਸ਼ਾਪ ਅਤੇ ਬਿੱਟੂ ਸਵੀਟਸ ਸ਼ਾਪ ਵੱਲੋਂ ਕੈਂਪ ਦੌਰਾਨ ਬੱਚਿਆਂ ਲਈ ਰੋਜ਼ਾਨਾ ਖਾਣ-ਪੀਣ ਦੀਆਂ ਵਸਤਾਂ, ਇਨਾਮਾਂ ਅਤੇ ਦਸਤਾਰਾਂ ਦੀ ਸੇਵਾ ਨਿਭਾਈ ਗਈ।
ਇਸ ਯੋਗਦਾਨ ਲਈ ਸੁਸਾਇਟੀ ਵੱਲੋਂ ਉਨ੍ਹਾਂ ਨੂੰ ਸਨਮਾਨਿਤ ਕੀਤਾ ਗਿਆ। ਇਸ ਤੋਂ ਇਲਾਵਾ ਮੱਲੀ ਕਾਰ ਬਾਜ਼ਾਰ ਵੱਲੋਂ ਦਸਤਾਰ ਅਤੇ ਦੁਮਾਲਾ ਸਿਖਲਾਈ ਦੇਣ ਵਾਲੇ ਕੋਚ ਸਾਹਿਬਾਨ ਨੂੰ ਵੀ ਦਸਤਾਰਾਂ ਭੇਟ ਕਰਕੇ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ। ਅੰਤ ਵਿਚ ਸੁਸਾਇਟੀ ਦੇ ਕਨਵੀਨਰ ਭਾਈ ਸੰਦੀਪ ਸਿੰਘ ਖਾਲੜਾ, ਮੀਤ ਪ੍ਰਧਾਨ ਭਾਈ ਹੀਰਾ ਸਿੰਘ ਸੋਹਲ, ਦਸਤਾਰ ਕੋਆਰਡੀਨੇਟਰ ਹਰਪ੍ਰੀਤ ਸਿੰਘ ਪੱਟੀ, ਹਰਜੀਤ ਸਿੰਘ ਲਹਿਰੀ, ਵਜ਼ੀਰ ਸਿੰਘ ਆਸਲ, ਸਾਜਨਪ੍ਰੀਤ ਸਿੰਘ ਮਰਗਿੰਦਪੁਰਾ, ਨਿੰਦਰਪਾਲ ਸਿੰਘ ਮੱਖੂ, ਪ੍ਰੈਸ ਸਕੱਤਰ ਅਜੀਤ ਸਿੰਘ ਘਰਿਆਲਾ ਅਤੇ ਗੁਰਪ੍ਰੀਤ ਸਿੰਘ ਸੈਡੀ ਨੇ ਕੈਂਪ ਨੂੰ ਸਫਲ ਬਣਾਉਣ ਵਿਚ ਸਹਿਯੋਗ ਦੇਣ ਵਾਲੀਆਂ ਸਮੂਹ ਸ਼ਖ਼ਸੀਅਤਾਂ, ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸੰਗਤਾਂ ਦਾ ਧੰਨਵਾਦ ਕੀਤਾ ਅਤੇ ਭਵਿੱਖ ਵਿਚ ਵੀ ਇਸੇ ਤਰ੍ਹਾਂ ਸਹਿਯੋਗ ਦੇਣ ਦੀ ਅਪੀਲ ਕੀਤੀ।